2016 ਦੀਆਂ ਰਾਸ਼ਟਰਪਤੀ ਚੋਣਾਂ ਚ ਰੂਸ ਨੇ ਕੀਤੀ ਸੀ ਟਰੰਪ ਦੀ ਮਦਦ
ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਸਾਲ 2016 ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਰੂਸ ਨੇ ਡੋਨਾਲਡ ਟਰੰਪ ਦੀ ਮਦਦ ਕੀਤੀ ਸੀ। ਇਸ ਗੱਲ ਦਾ ਖੁਲਾਸਾ ਟਰੰਪ ਦੀ ਰੀਪਬਲਿਕਨ ਪਾਰਟੀ ਦੀ ਇਕ ਜਾਂਚ ਵਿਚ ਹੋਇਆ ਹੈ। ਸੈਨੇਟ ਇੰਟੈਲੀਜੈਂਸ ਕਮੇਟੀ ਦੀ 2016 ਚੋਣ ਜਾਂਚ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰੂਸ ਦੀ ਸੇਂਟ ਪੀਟਰਸਬਰਗ ਸਥਿਤ ਇੰਟਰਨੈੱਟ ਰਿਸਰਚ ਏਜੰਸੀ (ਆਈ.ਆਰ.ਏ.) ਨੇ ਸੋਸ਼ਲ ਮੀਡੀਆ 'ਤੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰੂਸ ਦੇ ਪਸੰਦੀਦਾ ਉਮੀਦਵਾਰ ਲਈ ਸਮਰਥਨ ਜੁਟਾਇਆ ਸੀ।
ਇਸ ਦੇ ਜ਼ਰੀਏ ਚੋਣ ਵਿਚ ਡੈਮੋਕ੍ਰੇਟ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਨੁਕਸਾਨ ਪਹੁੰਚਾਇਆ ਗਿਆ ਕਿਉਂਕਿ ਉਸ ਦੇ ਜਿੱਤਣ ਦੀ ਸੰਭਾਵਨਾ ਜ਼ਿਆਦਾ ਸੀ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਕਿ ਇਹ ਸਭ ਰੂਸ ਦੇ ਰਾਸ਼ਟਰਪਤੀ ਦੇ ਆਦੇਸ਼ 'ਤੇ ਕੀਤਾ ਗਿਆ ਸੀ। ਰਿਪੋਰਟ ਮੁਤਾਬਕ ਆਈ.ਆਰ.ਏ. ਨੇ 2016 ਚੋਣਾਂ ਵਿਚ ਰੀਪਬਲਿਕਨ ਉਮੀਦਵਾਰ ਰਹੇ ਟਰੰਪ ਨੂੰ ਆਪਣੀ ਸੋਸ਼ਲ ਮੀਡੀਆ ਐਕਟੀਵਿਟੀ ਜ਼ਰੀਏ ਭਾਰੀ ਸਮਰਥਨ ਦਿਵਾਇਆ।
ਗੌਰਤਲਬ ਹੈ ਕਿ ਰੀਪਬਲਿਕਨ ਸੈਨੇਟਰ ਰਿਚਰਡ ਬਰ ਦੀ ਅਗਵਾਈ ਵਿਚ ਮਾਮਲੇ ਦੀ ਜਾਂਚ ਹੋਈ। ਉੱਧਰ ਟਰੰਪ ਲਗਾਤਾਰ ਇਸ ਗੱਲ ਪੈਰਵੀ ਕਰਦੇ ਰਹੇ ਹਨ ਕਿ ਰਾਸ਼ਟਰਪਤੀ ਚੋਣਾਂ ਵਿਚ ਰੂਸ ਨੇ ਕਿਸੇ ਤਰ੍ਹਾਂ ਦੀ ਦਖਲ ਅੰਦਾਜ਼ੀ ਨਹੀਂ ਕੀਤੀ। ਸੈਨੇਟ ਇੰਟੈਲੀਜੈਂਸ ਦੀ ਰਿਪੋਰਟ ਵਿਚ ਚਿਤਾਵਨੀ ਦਿੱਤੀ ਗਈ ਕਿ 2020 ਦੀਆਂ ਚੋਣਾਂ ਵਿਚ ਵੀ ਰੂਸ ਦੀ ਦਖਲ ਅੰਦਾਜ਼ੀ ਹੋ ਸਕਦੀ ਹੈ। ਲਿਹਾਜਾ ਏਜੰਸੀਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।