21 ਦਿਨਾਂ ’ਚ ਚਾਂਦੀ ਨੇ ਦਿੱਤਾ 45 ਫੀਸਦੀ ਰਿਟਰਨ, ਸਾਲ ਦੇ ਆਖਿਰ ਤੱਕ ਬਣਾ ਸਕਦੀ ਹੈ ਨਵਾਂ ਰਿਕਾਰਡ
ਨਵੀਂ ਦਿੱਲੀ - ਲਾਕਡਾਊਨ ਖੁੱਲ੍ਹਣ ਅਤੇ ਉਦਯੋਗਿਕ ਮੰਗ ਵਧਣ ਨਾਲ ਚਾਂਦੀ ਦੀ ਚਮਕ ਸੋਨੇ ਤੋਂ ਤੇਜ਼ ਹੋ ਗਈ ਹੈ। ਚਾਂਦੀ ਦਾ ਭਾਅ ਸ਼ੁੱਕਰਵਾਰ ਨੂੰ ਘਰੇਲੂ ਵਾਅਦਾ ਬਾਜ਼ਾਰ ’ਚ 78,000 ਰੁਪਏ ਪ੍ਰਤੀ ਕਿਲੋ ਦੇ ਪੱਧਰ ’ਤੇ ਪਹੁੰਚ ਗਿਆ। ਸਿਰਫ 21 ਦਿਨਾਂ ’ਚ ਚਾਂਦੀ ਨੇ 45 ਫੀਸਦੀ ਰਿਟਰਨ ਦਿੱਤਾ ਹੈ। ਇਸ ਸਾਲ ਜਨਵਰੀ ਤੋਂ ਸੋਨੇ ਦੇ ਮੁਕਾਬਲੇ ਚਾਂਦੀ ਕਰੀਬ ਡੇਢ ਗੁਣਾ ਜ਼ਿਆਦਾ ਰਿਟਰਨ ਦੇ ਚੁੱਕੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਇਸ ਦੀਆਂ ਕੀਮਤਾਂ ’ਚ ਹੋਰ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ। ਘਰੇਲੂ ਬਾਜ਼ਾਰ ’ਚ ਚਾਂਦੀ ਆਪਣੇ ਸਭ ਤੋਂ ਉੱਚ ਪੱਧਰ 75,000 ਰੁਪਏ ਦੇ ਪੱਧਰ ਤੋਂ ਹੁਣ 7000 ਰੁਪਏ ਦੂਰ ਹੈ।
ਕਮੋਡਿਟੀ ਬਾਜ਼ਾਰ ਦੇ ਮਾਹਿਰਾਂ ਅਨੁਸਾਰ ਸੋਨਾ ਅਤੇ ਚਾਂਦੀ ਦੇ ਭਾਅ ਦਾ ਅਨੁਪਾਤ ਫਿਰ ਘੱਟਦਾ ਜਾ ਰਿਹਾ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਸੋਨੇ ਦੀ ਬਜਾਏ ਚਾਂਦੀ ਵੱਲ ਨਿਵੇਸ਼ਕਾਂ ਦਾ ਰੁਝੇਵਾਂ ਵਧਿਆ ਹੈ। ਉਥੇ ਹੀ ਕੋਰੋਨਾ ਸੰਕਟ ’ਚ ਲਾਕਡਾਊਨ ਖੁੱਲ੍ਹਣ ਨਾਲ ਚਾਂਦੀ ਦੀ ਉਦਯੋਗਿਕ ਮੰਗ ਤੇਜ਼ੀ ਨਾਲ ਵਧੀ ਹੈ। ਇਸ ਨਾਲ ਵੀ ਨਿਵੇਸ਼ਕਾਂ ਦਾ ਰੁਝੇਵਾਂ ਚਾਂਦੀ ਵੱਲ ਵਧਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਦਾ ਟੀਕਾ ਅਗਲੇ 2 ਤੋਂ 3 ਮਹੀਨਿਆਂ ’ਚ ਬਣ ਜਾਣ ਦੀ ਪੂਰੀ ਸੰਭਾਵਨਾ ਹੈ। ਅਜਿਹਾ ਹੋਣ ’ਤੇ ਕਾਰਖਾਨਿਆਂ ਵੱਲੋਂ ਚਾਂਦੀ ਦੀ ਮੰਗ ਜ਼ਿਆਦਾ ਆਵੇਗੀ। ਇਸ ਦੀ ਵਜ੍ਹਾ ਨਾਲ ਚਾਂਦੀ ’ਚ ਹੋਰ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ। ਹਾਲਾਂਕਿ ਉਸ ਹਾਲਤ ’ਚ ਚਾਂਦੀ ਦਾ ਉਤਪਾਦਨ ਵੀ ਵੱਧ ਸਕਦਾ ਹੈ, ਜਿਸ ਨਾਲ ਚਾਂਦੀ ਦੀਆਂ ਕੀਮਤਾਂ ’ਚ ਉਤਾਰ-ਚੜ੍ਹਾਅ ਵੀ ਦੇਖਣ ਨੂੰ ਮਿਲ ਸਕਦਾ ਹੈ।
ਕੋਰੋਨਾ ਵਧਾ ਰਿਹੈ ਚਾਂਦੀ ਦਾ ਮੁੱਲ!
ਬਾਜ਼ਾਰ ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਵਜ੍ਹਾ ਨਾਲ ਚਾਂਦੀ ਦੀ ਮੈਡੀਕਲ ਖੇਤਰ ’ਚ ਵਰਤੋਂ ਅਚਾਨਕ ਵਧੀ ਹੈ। ਚਾਂਦੀ ਦੀ ਸਭ ਤੋਂ ਚੰਗੀ ਉਦਯੋਗਿਕ ਵਰਤੋਂ ਇਸ ਦਾ ਐੱਟੀ-ਮਾਈਕ੍ਰੋਬੀਅਲ ਏਜੰਟ ਹੋਣਾ ਹੈ। ਇਸ ਖਾਸੀਅਤ ਦੀ ਵਜ੍ਹਾ ਨਾਲ ਚਾਂਦੀ ਦੀ ਕਈ ਕੰਮਾਂ ’ਚ ਵਰਤੋਂ ਕੀਤੀ ਜਾ ਸਕਦੀ ਹੈ। ਚਾਂਦੀ ਦੀ ਵਰਤੋਂ ਐਂਟੀ-ਬੈਕਟੀਰੀਅਲ ਸਪੋਰਟਸਵੀਅਰ ’ਚ ਕੀਤਾ ਜਾਂਦਾ ਹੈ ਤਾਂਕਿ ਉਨ੍ਹਾਂ ’ਚ ਬਦਬੂ ਘੱਟ ਕੀਤੀ ਜਾ ਸਕੇ। ਇਸ ਦੀ ਵਰਤੋਂ ਫੌਜੀਆਂ ਅਤੇ ਮੈਡੀਕਲ ਦੇ ਖੇਤਰ ਨਾਲ ਜੁਡ਼ੇ ਲੋਕਾਂ ਲਈ ਐਂਟੀ-ਬੈਕਟੀਰੀਅਲ ਕੱਪੜਿਆਂ ’ਚ ਕੀਤੀ ਜਾਂਦੀ ਹੈ। ਕੋਰੋਨਾ ਦੀ ਵਜ੍ਹਾ ਨਾਲ ਕਈ ਮੈਡੀਕਲ ਸਮੱਗਰੀਆਂ ’ਚ ਚਾਂਦੀ ਦੀ ਵਰਤੋਂ ਹੋ ਰਹੀ ਹੈ। ਅਜਿਹੇ ’ਚ ਇਸ ਦੀਆਂ ਕੀਮਤਾਂ ਵੱਧਦੀਆਂ ਜਾ ਰਹੀਆਂ ਹਨ।
85 ਹਜ਼ਾਰੀ ਬਣ ਸਕਦੀ ਹੈ ਚਾਂਦੀ
ਏਜੰਲ ਬ੍ਰੋਕਿੰਗ ਦੇ ਡਿਪਟੀ ਵਾਈਸ ਪ੍ਰੈਜ਼ੀਡੈਂਟ (ਕਮੋਡਿਟੀ ਐਂਡ ਕਰੰਸੀ) ਅਨੁਜ ਗੁਪਤਾ ਨੇ ਦੱਸਿਆ ਕਿ ਇਸ ਸਾਲ ਦੇ ਆਖਿਰ ਤੱਕ ਚਾਂਦੀ ਦੇ 80 ਤੋਂ 85 ਹਜ਼ਾਰ ਰੁਪਏ ਦੇ ਪੱਧਰ ਤੱਕ ਪੁੱਜਣ ਦੀ ਉਮੀਦ ਹੈ। ਚਾਂਦੀ ਦੀ ਉਦਯੋਗਿਕ ਮੰਗ ਜ਼ਿਆਦਾ ਹੁੰਦੀ ਹੈ ਅਤੇ ਦੁਨੀਆਭਰ ’ਚ ਲਾਕਡਾਊਨ ’ਚ ਹੌਲੀ-ਹੌਲੀ ਛੋਟ ਤੋਂ ਬਾਅਦ ਉਦਯੋਗਿਕ ਗਤੀਵਿਧੀਆਂ ਤੇਜ਼ ਹੋ ਰਹੀਆਂ ਹਨ। ਅਜਿਹੇ ’ਚ ਆਉਣ ਵਾਲੇ ਸਮੇਂ ’ਚ ਚਾਂਦੀ ਦੀ ਮੰਗ ’ਚ ਤੇਜ਼ੀ ਕਾਇਮ ਰਹਿਣ ਦੀ ਉਮੀਦ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਦਾ ਟੀਕਾ ਬਣਦੇ ਹੀ ਚਾਂਦੀ ਦੀਆਂ ਕੀਮਤਾਂ ’ਚ ਕੁੱਝ ਸਮੇਂ ਲਈ ਤੇਜ਼ ਗਿਰਾਵਟ ਵੀ ਦੇਖਣ ਨੂੰ ਮਿਲ ਸਕਦੀ ਹੈ। ਅਜਿਹੇ ’ਚ ਉੱਚੀ ਕੀਮਤ ’ਤੇ ਜ਼ਿਆਦਾ ਨਿਵੇਸ਼ ਤੋਂ ਚੌਕਸ ਰਹਿਣ ਦੀ ਜ਼ਰੂਰਤ ਹੈ।