26/11 ਹਮਲੇ ਨੂੰ ਹਿੰਦੂ ਅਤਿਵਾਦ ਵਜੋਂ ਪੇਸ਼ ਕਰਨਾ ਚਾਹੁੰਦਾ ਸੀ ਲਸ਼ਕਰ
ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਰਾਕੇਸ਼ ਮਾਰੀਆ ਨੇ ਦਾਅਵਾ ਕੀਤਾ ਹੈ ਕਿ ਲਸ਼ਕਰ-ਏ-ਤੋਇਬਾ ਵਲੋਂ 26/11 ਦੇ ਮੁੰਬਈ ਦਹਿਸ਼ਤੀ ਹਮਲੇ ਨੂੰ ‘ਹਿੰਦੂ ਅਤਿਵਾਦ’ ਵਜੋਂ ਪੇਸ਼ ਕਰਨ ਦੀ ਯੋਜਨਾ ਬਣਾਈ ਗਈ ਸੀ ਅਤੇ ਪਾਕਿਸਤਾਨੀ ਦਹਿਸ਼ਤਗਰਦ ਮੁਹੰਮਦ ਅਜਮਲ ਕਸਾਬ ਨੇ ਬੰਗਲੁਰੂ ਵਾਸੀ ਸਮੀਰ ਚੌਧਰੀ ਵਜੋਂ ਮਰਨਾ ਸੀ।
ਆਪਣੀ ਪੁਸਤਕ ‘ਲੈੱਟ ਮੀ ਸੇਅ ਇਟ ਨਾਓ’ ਦੀ ਰਿਲੀਜ਼ ਮੌਕੇ ਮਾਰੀਆ ਨੇ ਦੱਸਿਆ ਕਿ 26/11 ਦੇ ਮੁੰਬਈ ਦਹਿਸ਼ਤੀ ਹਮਲੇ ਦੀ ਜਾਂਚ ਉਨ੍ਹਾਂ ਨੇ ਕੀਤੀ ਸੀ। ਇਸ ਹਮਲੇ ਦੀ ਯੋਜਨਾ ਲਸ਼ਕਰ ਨੇ ਬਣਾਈ ਸੀ ਅਤੇ ਇਸ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦਾ ਖ਼ੁਲਾਸਾ ਹੋਇਆ ਸੀ। ਪੁਸਤਕ ਵਿਚੋਂ ਲਏ ਕੁਝ ਹਿੱਸਿਆਂ ਅਨੁਸਾਰ ਆਈਐੱਸਆਈ (ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ) ਅਤੇ ਲਸ਼ਕਰ-ਏ-ਤੋਇਬਾ ਵਲੋਂ ਜੇਲ੍ਹ ਵਿੱਚ ਬੰਦ ਕਸਾਬ ਨੂੰ ਮਾਰਨ ਦੀ ਯੋਜਨਾ ਬਣਾਈ ਗਈ ਸੀ ਕਿਉਂਕਿ ਉਹ (ਕਸਾਬ) ਉਨ੍ਹਾਂ ਨੂੰ ਇਸ ਹਮਲੇ ਨਾਲ ਜੋੜਨ ਦਾ ਅਹਿਮ ਸਬੂਤ ਸੀ। ਇਹ ਜ਼ਿੰਮਾ ਦਾਊਦ ਇਬਰਾਹਿਮ ਦੇ ਗਰੋਹ ਨੂੰ ਦਿੱਤਾ ਗਿਆ ਸੀ। ਲਸ਼ਕਰ ਦੀ 26/11 ਦੇ ਹਮਲੇ ਨੂੰ ‘ਹਿੰਦੂ ਅਤਿਵਾਦ’ ਦਾ ਨਾਂ ਦਿੱਤੇ ਜਾਣ ਦੀ ਯੋਜਨਾ ਬਾਰੇ ਮਾਰੀਆ ਨੇ ਲਿਖਿਆ, ‘‘ਜੇਕਰ ਸਭ ਕੁਝ ਯੋਜਨਾ ਅਨੁਸਾਰ ਹੁੰਦਾ ਤਾਂ ਕਸਾਬ ਨੇ ਚੌਧਰੀ ਵਜੋਂ ਮਰਨਾ ਸੀ ਅਤੇ ਮੀਡੀਆ ਨੇ ਹਮਲੇ ਦਾ ਦੋਸ਼ ‘ਹਿੰਦੂ ਅਤਿਵਾਦੀਆਂ’ ਉਪਰ ਲਾ ਦੇਣਾ ਸੀ।’’ ਇਸ ਦਹਿਸ਼ਤੀ ਸੰਗਠਨ ਨੇ ਦਹਿਸ਼ਤਗਰਦਾਂ ਲਈ ਭਾਰਤ ਦੇ ਪਤੇ ਵਾਲੇ ਜਾਅਲੀ ਸ਼ਨਾਖ਼ਤੀ ਕਾਰਡ ਵੀ ਬਣਵਾਏ ਸਨ।