8 ਮਿਲੀਅਨ ਘਟੀਆ ਮਾਸਕ ਲਈ ਚੀਨ ਨੂੰ ਕੋਈ ਭੁਗਤਾਨ ਨਹੀਂ : ਟਰੂਡੋ
ਟੋਰਾਂਟੋ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਰਾਬ ਕਵਾਲਿਟੀ ਦੇ N95 ਮਾਸਕ ਭੇਜਣ 'ਤੇ ਚੀਨ ਵਿਰੁੱਧ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਟਰੂਡੋ ਨੇ ਸਾਫ ਕਰ ਦਿੱਤਾ ਹੈ ਕਿ ਉਹਨਾਂ ਦੀ ਸਰਕਾਰ ਚੀਨ ਨੂੰ ਕਰੀਬ 8 ਮਿਲੀਅਨ ਮਤਲਬ 80 ਲੱਖ ਖਰਾਬ ਮਾਸਕ ਦੇ ਲਈ ਬਿਲਕੁੱਲ ਭੁਗਤਾਨ ਨਹੀਂ ਕਰੇਗੀ। ਕੈਨੇਡਾ ਅਤੇ ਚੀਨ ਦੇ ਵਿਚ ਸਾਲ 2018 ਤੋਂ ਹੀ ਤਣਾਅ ਚੱਲ ਰਿਹਾ ਹੈ। ਇਹਨਾਂ ਰਿਸ਼ਤਿਆਂ ਨੂੰ ਹੁਣ ਖਰਾਬ ਮਾਸਕ ਦੇ ਨਵੇਂ ਮੁੱਦੇ ਨੇ ਹੋਰ ਤਣਾਅਪੂਰਨ ਕਰ ਦਿੱਤਾ ਹੈ।
ਕੈਨੇਡਾ ਨੂੰ ਜਿਹੜੇ N95 ਮਾਸਕ ਚੀਨ ਤੋਂ ਮਿਲੇ ਹਨ ਉਹ 11 ਮਿਲੀਅਨ ਦੀ ਉਸ ਮੈਡੀਕਲ ਖੇਪ ਦਾ ਹਿੱਸਾ ਸਨ ਜਿਹਨਾਂ ਨੂੰ ਚੀਨ ਤੋਂ ਆਯਾਤ ਕੀਤਾ ਗਿਆ ਸੀ। ਇਹਨਾਂ ਵਿਚੋਂ ਸਿਰਫ ਇਕ ਮਿਲੀਅਨ ਮਤਲਬ 10 ਲੱਖ ਮਾਸਕ ਹੀ ਅਜਿਹੇ ਹਨ ਜੋ ਕੈਨੇਡਾ ਦੇ ਸਟੈਂਡਰਡ ਮੁਤਾਬਕ ਸਹੀ ਹਨ ਅਤੇ 1.6 ਮਿਲੀਅਨ ਮਾਸਕ ਦੀ ਟੈਸਟਿੰਗ ਜਾਰੀ ਹੈ। ਟਰੂਡੋ ਨੇ ਮੀਡੀਆ ਬ੍ਰੀਫਿੰਗ ਦੌਰਾਨ ਇਸ ਗੱਲ ਦਾ ਜ਼ਿਕਰ ਖਾਸਤੌਰ 'ਤੇ ਕੀਤਾ ਕਿ ਉਹਨਾਂ ਦੀ ਸਰਕਾਰ ਖਰਾਬ ਕਵਾਲਿਟੀ ਦੇ ਨਿੱਜੀ ਸੁਰੱਖਿਆ ਉਪਕਰਣਾਂ (ਪੀ.ਪੀ.ਈ.) ਲਈ ਚੀਨ ਨੂੰ ਬਿਲਕੁੱਲ ਵੀ ਭੁਗਤਾਨ ਨਹੀਂ ਕਰੇਗੀ।
ਉਹਨਾਂ ਨੇ ਕਿਹਾ,''ਅਸੀਂ ਖਰਾਬ ਮਾਸਕ ਦੇ ਲਈ ਭੁਗਤਾਨ ਨਹੀਂ ਕਰਾਂਗੇ ਤੇ ਜਿਹੜੇ ਸਾਡੇ ਪੱਧਰ ਨਾਲ ਮੇਲ ਨਹੀਂ ਖਾਂਧੇ ਅਤੇ ਉਸ ਕਵਾਲਿਟੀ ਦੇ ਨਹੀਂ ਹਨ ਜੋ ਸਾਨੂੰ ਆਪਣੇ ਫਰੰਟ ਲਾਈਨ ਵਰਕਰਾਂ ਲਈ ਚਾਹੀਦੇ ਸੀ।'' ਮਾਸਕ ਦੀ ਖਰਾਬ ਕਵਾਲਿਟੀ ਨੇ ਪਹਿਲਾਂ ਤੋਂ ਹੀ ਤਣਾਅਪੂਰਨ ਰਿਸ਼ਤਿਆਂ ਨੂੰ ਹੋਰ ਗੰਭੀਰ ਕਰ ਦਿੱਤਾ ਹੈ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕੈਨੇਡਾ ਨੇ ਮਾਸਕ ਦੀ ਖਰਾਬ ਕਵਾਲਿਟੀ ਦੀ ਗੱਲ ਕਹੀ ਹੈ। ਇਸ ਤੋਂ ਪਿਛਲੇ ਮਹੀਨੇ ਵੀ ਕੈਨੇਡਾ ਨੇ ਚੀਨ ਤੋਂ ਜਿਹੜੇ ਮਾਸਕ ਆਯਾਤ ਕੀਤੇ ਸਨ ਉਹਨਾਂ ਦੇ ਖਰਾਬ ਨਿਕਲਣ ਦੀ ਸ਼ਿਕਾਇਤ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਸਾਲ 2018 ਦੇ ਅਖੀਰ ਵਿਚ ਕੈਨੇਡਾ ਦੀ ਅਥਾਰਿਟੀਜ਼ ਨੇ ਚੀਨੀ ਕੰਪਨੀ ਹੁਵੇਈ ਦੀ ਸੀਨੀਅਰ ਕਾਰਜਕਾਰੀ ਮੇਂਗ ਵਾਨਝੇਉ ਨੂੰ ਵੈਨਕੁਵਰ ਵਿਚ ਗ੍ਰਿਫਤਾਰ ਕਰ ਲਿਆ ਸੀ। ਇਸ ਮਗਰੋਂ ਚੀਨ ਨੇ ਕੈਨੇਡਾ ਦੇ 2 ਡਿਪਲੋਮੈਟਾਂ ਨੂੰ ਗ੍ਰਿਫਤਾਰ ਕਰ ਕੇ ਮਾਮਲਿਆਂ 'ਤੇ ਹਮਲਾਵਰ ਤਰੀਕੇ ਨਾਲ ਪ੍ਰਤੀਕਿਰਿਆ ਦਿੱਤੀ ਸੀ। ਟਰੂਡੋ ਨੇ ਇਸ ਤੋਂ ਪਹਿਲਾਂ ਵੀ ਚੀਨ ਨੂੰ ਉਸ ਸਮੇਂ ਨਾਰਾਜ਼ ਕਰ ਦਿੱਤਾ ਸੀ ਜਦੋਂ ਉਹਨਾਂ ਨੇ ਤਾਈਵਾਨ ਦੀ ਤਾਰੀਫ ਕੀਤੀ ਸੀ ਅਤੇ ਕਿਹਾ ਸੀ ਕਿ ਕੈਨੇਡਾ ਨੂੰ 500,000 ਮਾਸਕ ਦਾਨ ਕੀਤੇ ਹਨ। ਅਸੀਂ ਇਸ ਉਦਾਰ ਦਾਨ ਲਈ ਉਹਨਾਂ ਦੇ ਧੰਨਵਾਦੀ ਹਾਂ। ਕੈਨੇਡਾ ਵੀ ਉਸ ਸਮੂਹ ਦਾ ਹਿੱਸਾ ਹੈ ਜਿਸ ਦੀ ਅਗਵਾਈ ਅਮਰੀਕਾ ਅਤੇ ਜਾਪਾਨ ਕਰਦੇ ਹਨ। ਇਸ ਸਮੂਹ ਨੇ ਮੰਗ ਤੇਜ਼ ਕਰ ਦਿੱਤੀ ਹੈ ਕਿ ਵਿਸ਼ਵ ਸਿਹਤ ਸੰਗਠਨ ਵਿਚ ਆਬਜ਼ਰਵਰ ਦਾ ਦਰਜਾ ਦਿੱਤਾ ਜਾਵੇ। ਇਸ ਕਦਮ ਦਾ ਚੀਨ ਨੇ ਖੁੱਲ੍ਹੇ ਤੌਰ 'ਤੇ ਵਿਰੋਧ ਕੀਤਾ ਹੈ। ਚੀਨ, ਤਾਈਵਾਨ ਨੂੰ ਇਕ ਵੱਖਰਾ ਦੇਸ਼ ਨਹੀਂ ਮੰਨਦਾ ਸਗੋਂ ਉਸ ਨੂੰ ਆਪਣਾ ਹਿੱਸਾ ਮੰਨਦਾ ਹੈ।