Bday Spl : ਜੈਸਮੀਨ ਸੈਂਡਲਸ ਤੋਂ ਗੁਲਾਬੀ ਕੁਈਨ ਬਣਨ ਦਾ ਸਫ਼ਰ, ਜਾਣੋ ਜ਼ਿੰਦਗੀ ਦੇ ਦਿਲਚਸਪ ਕਿੱਸੇ
ਜਲੰਧਰ — ਸੰਗੀਤ ਜਗਤ 'ਚ 'ਗੁਲਾਬੀ ਕੁਈਨ' ਦੇ ਨਾਂ ਨਾਲ ਮਸ਼ਹੂਰ ਹੋਈ ਜੈਸਮੀਨ ਸੈਂਡਲਸ ਅੱਜ ਆਪਣਾ 30ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਜੈਸਮੀਨ ਸੈਂਡਲਸ ਦਾ ਜਨਮ 4 ਸਤੰਬਰ 1990 ਨੂੰ ਜਲੰਧਰ, ਪੰਜਾਬ 'ਚ ਹੋਇਆ ਸੀ। ਜੈਸਮੀਨ ਸੈਂਡਲਸ ਇੱਕ ਪੰਜਾਬੀ ਗਾਇਕਾ ਹੈ, ਜਿਸ ਨੇ ਬਹੁਤ ਘੱਟ ਸਮੇਂ 'ਚ ਵੱਡੀ ਪ੍ਰਸਿੱਧੀ ਹਾਸਲ ਕੀਤੀ ਹੈ।
'ਮੁਸਕਾਨ' ਗੀਤ ਨਾਲ ਕੀਤੀ ਕਰੀਅਰ ਦੀ ਸ਼ੁਰੂਆਤ
ਦੱਸ ਦਈਏ ਕਿ ਜੈਸਮੀਨ ਸੈਂਡਲਸ ਸਟਾਕਟਨ, ਕੈਲੀਫੋਰਨੀਆ 'ਚ ਹੀ ਵੱਡੀ ਹੋਈ ਹੈ। ਜੈਸਮੀਨ ਸੈਂਡਲਸ ਨੇ ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ ਗੀਤ 'ਮੁਸਕਾਨ' (2008) ਨਾਲ ਕੀਤੀ ਸੀ। ਉਨ੍ਹਾਂ ਦਾ ਇਹ ਗੀਤ ਕਾਫ਼ੀ ਹਿੱਟ ਰਿਹਾ।
ਫ਼ਿਲਮ 'ਕਿੱਕ' ਲਈ ਵੀ ਗਾ ਚੁੱਕੀ ਹੈ ਗੀਤ
ਸਾਲ 2014 'ਚ ਜੈਸਮੀਨ ਸੈਂਡਲਸ ਨੇ ਬਾਲੀਵੁੱਡ ਫ਼ਿਲਮ 'ਕਿੱਕ' ਲਈ ਗੀਤ 'ਯਾਰ ਨਾ ਮਿਲੇ' ਨਾਲ ਆਪਣੀ ਬਾਲੀਵੁੱਡ ਪਲੇਬੈਕ ਗਾਉਣ ਦਾ ਕਰੀਅਰ ਸ਼ੁਰੂ ਕੀਤਾ ਸੀ। ਜੈਸਮੀਨ ਸੈਂਡਲਸ ਦਾ ਗੀਤ 'ਯਾਰ ਨਾ ਮਿਲੇ' ਰਿਲੀਜ਼ ਹੁੰਦੇ ਹੀ ਵਾਇਰਲ ਹੋ ਗਿਆ ਸੀ ਅਤੇ ਚਾਰਟ 'ਚ ਇਹ ਗੀਤ ਚੋਟੀ 'ਤੇ ਆ ਗਿਆ। ਇਸ ਗੀਤ ਨਾਲ ਜੈਸਮੀਨ ਨੂੰ ਵੱਡੇ ਪੱਧਰ 'ਤੇ ਪ੍ਰਸਿੱਧੀ ਹਾਸਲ ਹੋਈ।
ਗੈਰੀ ਸੰਧੂ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਰਹੀ ਚਰਚਾ 'ਚ
ਜੈਸਮੀਨ ਸੈਂਡਲਸ ਪੰਜਾਬੀ ਗਾਇਕ ਗੈਰੀ ਸੰਧੂ ਨਾਲ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹੀ। ਆਏ ਦਿਨ ਕਿਸੇ ਨਾ ਕਿਸੇ ਵੀਡੀਓ ਜਾਂ ਤਸਵੀਰਾਂ ਨੂੰ ਲੈ ਕੇ ਦੋਵੇਂ ਸੁਰਖੀਆਂ 'ਚ ਆ ਜਾਂਦੇ ਸਨ। ਹਾਲਾਂਕਿ ਇਸ ਤੋਂ ਇਲਾਵਾ ਕੁਝ ਮਹੀਨੇ ਪਹਿਲਾਂ ਅਜਿਹੀਆਂ ਖ਼ਬਰਾਂ ਵੀ ਆਈਆਂ ਸਨ ਕਿ ਜੈਸਮੀਨ ਨੇ ਗੈਰੀ ਸੰਧੂ ਨਾਲੋਂ ਹਮੇਸ਼ਾ ਲਈ ਆਪਣਾ ਰਿਸ਼ਤਾ ਤੋੜ ਲਿਆ ਹੈ। ਹਾਲਾਂਕਿ ਇਨ੍ਹਾਂ ਖ਼ਬਰਾਂ ਤੋਂ ਬਾਅਦ ਦੋਵਾਂ ਨੂੰ ਇਕੱਠਿਆਂ ਕਈ ਥਾਵਾਂ 'ਤੇ ਦੇਖਿਆ ਜਾ ਚੁੱਕਾ ਹੈ, ਜੋ ਕਿ ਇਸ ਗੱਲ ਦਾ ਸਬੂਤ ਹੈ ਕਿ ਦੋਵੇਂ ਇਕ-ਦੂਜੇ ਤੋਂ ਵੱਖ ਨਹੀਂ ਹਨ।
ਇਹ ਹਨ ਜੈਸਮੀਨ ਦੇ ਹਿੱਟ ਗੀਤ
ਜੈਸਮੀਨ ਸੈਂਡਲਸ 'ਸਿਪ ਸਿਪ', 'ਰਾਤ ਜਸ਼ਨਾਂ ਦੀ', 'ਵਿਸਕੀ ਦੀ ਬੋਤਲ', 'ਲੱਡੂ', 'ਬੰਬ ਜੱਟ', 'ਪੰਜਾਬੀ ਮੁਟਿਆਰਾਂ', 'ਬਗਾਵਤ' ਆਦਿ ਵਰਗੇ ਅਨੇਕਾਂ ਗੀਤਾਂ ਨੂੰ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ। ਜੈਸਮੀਨ ਸੰਗੀਤ ਜਗਤ ਦੇ ਕਈ ਸੁਪਰਸਟਾਰ ਸਿੰਗਰਾਂ ਨਾਲ ਵੀ ਗੀਤ ਗਾ ਚੁੱਕੀ ਹੈ, ਜਿਨ੍ਹਾਂ 'ਚ ਅੰਮ੍ਰਿਤ ਮਾਨ, ਗੈਰੀ ਸੰਧੂ, ਪ੍ਰੀਤ ਹੁੰਦਲ ਦਾ ਨਾਂ ਸ਼ਾਮਲ ਹੈ।
ਸੋਸ਼ਲ ਮੀਡੀਆ 'ਤੇ ਰਹਿੰਦੀ ਸਰਗਰਮ
ਜੈਸਮੀਨ ਸੈਂਡਲਸ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਆਏ ਦਿਨ ਉਹ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਕੁਝ ਦਿਨ ਪਹਿਲਾਂ ਹੀ ਜੈਸਮੀਨ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ, ਜੋ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤੀਆਂ ਗਈਆਂ।