IPL 2020 : ਕੋਰੋਨਾ ਤੋਂ ਬਾਅਦ ਧੋਨੀ ਦੀ ਟੀਮ ਨੂੰ ਇਕ ਹੋਰ ਝਟਕਾ, UAE ਤੋਂ ਵਾਪਸ ਦੇਸ਼ ਪਰਤੇ ਸੁਰੇਸ਼ ਰੈਨਾ

ਸਪੋਰਟ ਡੈਸਕ : ਆਈ.ਪੀ.ਐੱਲ. ਖੇਡਣ ਲਈ ਯੂ.ਏ.ਈ. ਪਹੁੰਚੇ ਚੇਨੱਈ ਸੁਪਰ ਕਿੰਗਸ ਦੇ ਬੱਲੇਬਾਜ ਸੁਰੇਸ਼ ਰੈਨਾ ਪਰਿਵਾਰਕ ਕਾਰਣਾਂ ਕਾਰਨ ਦੇਸ਼ ਵਾਪਸ ਆ ਗਏ ਹਨ। ਸੀ.ਐੱਸ.ਕੇ. ਦੇ ਸੀ.ਈ.ਓ. ਕੇ.ਈ. ਵਿਸ਼ਵਨਾਥਨ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਹੈ ਕਿਹਾ ਕਿ ਟੀਮ ਇਸ ਸਮੇਂ ਵਿਚ ਉਨ੍ਹਾਂ ਦੇ ਪਰਿਵਾਰ ਨੂੰ ਪੂਰਾ ਸਮਰਥਨ ਦੇ ਰਹੀ ਹੈ।
ਸੀ.ਐੱਸ.ਕੇ. ਦੇ ਸੀ.ਈ.ਓ. ਨੇ ਟਵਿਟਰ 'ਤੇ ਲਿਖਿਆ, 'ਸੁਰੇਸ਼ ਰੈਨਾ ਨਿੱਜੀ ਕਾਰਣਾਂ ਤੋਂ ਭਾਰਤ ਵਾਪਸ ਪਰਤ ਚੁੱਕੇ ਹਨ। ਉਹ ਪੂਰੇ ਸੀਜ਼ਨ ਲਈ ਟੀਮ 'ਚੋਂ ਬਾਹਰ ਹੋ ਗਏ ਹਨ। ਚੇਨੱਈ ਸੁਪਰ ਕਿੰਗਸ ਇਸ ਸਮੇਂ ਵਿਚ ਸੁਰੇਸ਼ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪੂਰਾ ਸਮਰਥਨ ਦੇ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਦੇ ਮੱਦੇਨਜ਼ਰ ਇਸ ਵਾਰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 13 ਦਾ ਅਯੋਜਨ ਭਾਰਤ ਦੀ ਬਜਾਏ ਯੂ.ਏ.ਈ. ਵਿਚ ਕੀਤਾ ਗਿਆ ਹੈ ਅਤੇ ਸਾਰੀਆਂ ਟੀਮਾਂ ਯੂਨਾਈਟਡ ਅਰਬ ਅਮੀਰਾਤ (ਯੂ.ਏ.ਈ.) ਪਹੁੰਚ ਚੁੱਕੀਆਂ ਹਨ ਅਤੇ ਕੁੱਝ ਟੀਮਾਂ ਨੇ ਸੈਲਫ ਆਈਸੋਲੇਸ਼ਨ ਦੀ ਪ੍ਰਕਿਰਿਆ ਤੋਂ ਲੰਘਣ ਤੋਂ ਬਾਅਦ ਅਭਿਆਸ ਵੀ ਸ਼ੁਰੂ ਕਰ ਦਿੱਤਾ ਹੈ। ਉਥੇ ਹੀ ਧੋਨੀ ਦੀ ਟੀਮ ਚੇਨੱਈ ਸੁਪਰ ਕਿੰਗਸ 21 ਅਗਸਤ ਨੂੰ ਦੁਬਈ ਪੁੱਜੀ ਸੀ ਅਤੇ ਸਾਰੇ ਖਿਡਾਰੀਆਂ ਨੂੰ ਉਥੇ ਹੀ 6 ਦਿਨਾਂ ਲਈ ਕੁਆਰੰਟੀਨ ਕੀਤਾ ਗਿਆ ਸੀ ਪਰ ਬੀਤੇ ਦਿਨ ਖ਼ਬਰ ਆਈ ਸੀ ਕਿ ਸੀ.ਐਸ.ਕੇ. ਦੇ 13 ਮੈਂਬਰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ, ਜਿਸ ਵਿਚ ਇਕ ਤੇਜ਼ ਗੇਂਦਬਾਜ ਵੀ ਸ਼ਾਮਲ ਹੈ। ਰਿਪੋਰਟਸ ਮੁਤਾਬਕ 12 ਮੈਂਬਰ ਜੋ ਕੋਰੋਨਾ ਪੀੜਤ ਪਾਏ ਗਏ ਹਨ, ਉਨ੍ਹਾਂ ਵਿਚ ਸਪੋਰਟ ਸਟਾਫ ਅਤੇ ਸੋਸ਼ਲ ਮੀਡੀਆ ਟੀਮ ਦੇ ਮੈਂਬਰ ਸ਼ਾਮਲ ਹਨ। ਇਸ ਦੇ ਨਾਲ ਹੀ ਇਕ ਤੇਜ਼ ਗੇਂਦਬਾਜ ਦੇ ਵੀ ਪੀੜਤ ਹੋਣ ਦੀ ਖ਼ਬਰ ਹੈ ਪਰ ਅਜੇ ਤੱਕ ਗੇਂਦਬਾਜ ਦੇ ਨਾਮ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਚੇਨੱਈ ਸੁਪਰ ਕਿੰਗਸ ਦੇ ਸਾਰੇ ਮੈਂਬਰ ਜਿਨ੍ਹਾਂ ਦਾ ਕੋਵਿਡ-19 ਟੈਸਟ ਕੀਤਾ ਗਿਆ ਹੈ, ਉਹ ਸਥਿਰ ਹਨ ਅਤੇ ਦੁਬਾਰਾ ਆਈਸੋਲੇਸ਼ਨ ਵਿਚ ਭੇਜ ਦਿੱਤੇ ਗਏ ਹਨ ਪਰ ਰੈਨਾ ਪਰਿਵਾਰਕ ਕਾਰਣਾਂ ਕਾਰਨ ਵਾਪਸ ਦੇਸ਼ ਪਰਤ ਆਏ ਹਨ।