ਕਾਬੁਲ ਹਵਾਈ ਅੱਡੇ ਦੇ ਬਾਹਰ ਤਿੰਨ ਧਮਾਕੇ-72 ਹਲਾਕ

ਕਾਬੁਲ ਹਵਾਈ ਅੱਡੇ ਦੇ ਬਾਹਰ ਤਿੰਨ ਧਮਾਕੇ-72 ਹਲਾਕ

 ਕਾਬੁਲ ਹਵਾਈ ਅੱਡੇ ਦੇ ਬਾਹਰ ਤਿੰਨ ਧਮਾਕੇ-72 ਹਲਾਕ
• ਮਿ੍ਤਕਾਂ 'ਚ 12 ਅਮਰੀਕੀ ਸੈਨਿਕ ਵੀ ਸ਼ਾਮਿਲ-143 ਤੋਂ ਵੱਧ ਜ਼ਖ਼ਮੀ • ਇਸਲਾਮਿਕ ਸਟੇਟ ਨੇ ਲਈ ਜ਼ਿੰਮੇਵਾਰੀ
ਕਾਬੁਲ (ਕਾਫ਼ਲਾ ਬਿਓਰੋ)-ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਹਾਮਿਦ ਕਰਜ਼ਾਈ ਕੌਮਾਂਤਰੀ ਹਵਾਈ ਅੱਡੇ ਦੇ ਬਾਹਰ ਅੱਜ ਸ਼ਾਮ ਹੋਏ 3 ਧਮਾਕਿਆਂ 'ਚ ਘੱਟੋ-ਘੱਟ 72 ਵਿਅਕਤੀਆਂ ਦੀ ਮੌਤ ਹੋ ਗਈ ਅਤੇ 143 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ, ਜਿੰਨ੍ਹਾਂ 'ਚੋਂ ਕਈਆਂ ਦੀ ਹਾਲਤ ਨਾਜ਼ੁਕ ਹੈ | ਆਤਮਘਾਤੀ ਧਮਾਕਿਆਂ 'ਚ ਅਮਰੀਕਾ ਦੇ 12 ਸੈਨਿਕ ਵੀ ਮਾਰੇ ਗਏ ਹਨ | ਅਮਰੀਕੀ ਅਧਿਕਾਰੀਆਂ ਅਨੁਸਾਰ ਅਮਰੀਕਾ ਦੇ 11 ਮਰੀਨ ਅਤੇ ਜਲ ਸੈਨਾ ਦਾ ਇਕ ਜਵਾਨ ਵੀ ਧਮਾਕਿਆਂ 'ਚ ਮਾਰਿਆ ਗਿਆ ਅਤੇ 12 ਹੋਰ ਸੈਨਿਕ ਜ਼ਖ਼ਮੀ ਹੋਏ ਹਨ ਅਤੇ ਇਹ ਗਿਣਤੀ ਵਧ ਸਕਦੀ ਹੈ | ਪੇਂਟਾਗਨ ਦੇ ਬੁਲਾਰੇ ਜਾਹਨ ਕਿਰਬੀ ਨੇ ਦੱਸਿਆ ਕਿ ਧਮਾਕਿਆਂ ਦੇ ਬਾਵਜੂਦ ਕਾਬੁਲ ਹਵਾਈ ਅੱਡੇ ਤੋਂ ਨਿਕਾਸੀ ਉਡਾਣਾਂ ਜਾਰੀ ਰੱਖੀਆਂ | ਇਸੇ ਦੌਰਾਨ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ | ਅੱਤਵਾਦੀ ਸੰਗਠਨ ਨੇ ਟੈਲੀਗ੍ਰਾਮ ਅਕਾਊਾਟ 'ਤੇ ਪਾਏ ਸੰਦੇਸ਼ ਵਿਚ ਕਿਹਾ ਕਿ ਇਨ੍ਹਾਂ ਹਮਲਿਆਂ ਪਿੱਛੇ ਉਨ੍ਹਾਂ ਦੇ ਸੰਗਠਨ ਦਾ ਹੱਥ ਹੈ | ਸੰਗਠਨ ਨੇ ਕਿਹਾ ਕਿ ਉਨ੍ਹਾਂ ਦੇ ਆਤਮਘਾਤੀ ਬੰਬਾਰ ਅਬਦੁਲਰਹਿਮਾਨ-ਅਲ-ਲੋਗਾਰੀ ਨੇ ਅਮਰੀਕੀ ਸੈਨਿਕਾਂ ਤੋਂ ਪੰਜ ਮੀਟਰ ਤੋਂ ਵੀ ਘੱਟ ਦੂਰੀ 'ਤੇ ਰਹਿੰਦਿਆਂ ਇਹ ਹਮਲਾ ਕੀਤਾ | ਅਫ਼ਗਾਨ ਸਿਹਤ ਮੰਤਰਾਲੇ ਦੇ ਸੂਤਰਾਂ ਅਨੁਸਾਰ ਦੋ ਆਤਮਘਾਤੀ ਹਮਲਾਵਰਾਂ ਤੇ ਬੰਦੂਕਧਾਰੀਆਂ ਨੇ ਕਾਬੁਲ ਹਵਾਈ ਅੱਡੇ 'ਤੇ ਆ ਰਹੇ ਅਫ਼ਗਾਨਾਂ ਦੀ ਭੀੜ ਨੂੰ ਨਿਸ਼ਾਨਾ ਬਣਾਇਆ | ਮਿ੍ਤਕਾਂ 'ਚ ਬੱਚੇ ਵੀ ਸ਼ਾਮਿਲ ਹਨ ਅਤੇ ਇਸ ਤੋਂ ਇਲਾਵਾ ਕੁਝ ਅਮਰੀਕੀ ਫ਼ੌਜੀ ਅਤੇ ਕਈ ਤਾਲਿਬਾਨੀ ਗਾਰਡ ਵੀ ਜ਼ਖਮੀ ਹੋਏ ਹਨ | ਇਹ ਆਤਮਘਾਤੀ ਹਮਲੇ ਅਮਰੀਕਾ ਅਤੇ ਬਰਤਾਨੀਆ ਸਮੇਤ ਕਈ ਦੇਸ਼ਾਂ ਵਲੋਂ ਜਾਰੀ ਅਲਰਟ ਤੋਂ ਬਾਅਦ ਹੋਏ ਹਨ | ਧਮਾਕਿਆਂ ਤੋਂ ਬਾਅਦ ਹਵਾਈ ਅੱਡੇ 'ਤੇ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ | ਕਾਬੁਲ ਤੋਂ ਜਾਰੀ ਕੀਤੀਆਂ ਤਸਵੀਰਾਂ ਅਤੇ ਵੀਡੀਓ 'ਚ ਖ਼ੂਨ ਨਾਲ ਲਥਪਥ ਲੋਕਾਂ ਨੂੰ ਆਪਣੀਆਂ ਜਾਨਾਂ ਬਚਾਅ ਕੇ ਦੌੜਦੇ ਭੱਜਦੇ ਵੇਖਿਆ ਜਾ ਸਕਦਾ ਹੈ | ਪਹਿਲਾ ਧਮਾਕਾ ਹਵਾਈ ਅੱਡੇ ਦੇ ਐਬੇ ਗੇਟ 'ਤੇ ਹੋਇਆ, ਜਦਕਿ ਦੂਜਾ ਧਮਾਕਾ ਬਰੂਨ ਹੋਟਲ ਦੇ ਨੇੜੇ ਹੋਇਆ | ਇਸ ਹੋਟਲ 'ਚ ਬਿ੍ਟਿਸ਼ ਸੈਨਿਕ ਠਹਿਰੇ ਹੋਏ ਹਨ | ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਲਿਜਾਇਆ ਗਿਆ ਹੈ | ਅਫ਼ਗਾਨਿਸਤਾਨ 'ਚੋਂ ਅਮਰੀਕੀ ਨਾਗਰਿਕਾਂ ਦੀ ਵਾਪਸੀ ਦਾ ਕੰਮ ਦੇਖ ਰਹੇ ਜਨਰਲ ਫਰੈਂਕ ਮੈਕੇਂਜੀ ਨੇ ਕਿਹਾ ਕਿ ਅਮਰੀਕਾ ਕਾਬੁਲ ਹਵਾਈ ਅੱਡੇ ਨੇੜੇ ਹੋਏ ਹਮਲਿਆਂ ਦੇ ਸਾਜਿਸ਼ਕਰਤਾਵਾਂ ਦਾ ਪਤਾ ਲਗਾਏਗਾ | ਦੱਸਣਯੋਗ ਹੈ ਕਿ ਆਸਟ੍ਰੇਲੀਆ, ਅਮਰੀਕਾ ਅਤੇ ਬਰਤਾਨੀਆ ਸਮੇਤ ਕਈ ਹੋਰ ਸਹਿਯੋਗੀ ਦੇਸ਼ਾਂ ਦੁਆਰਾ ਇਸ ਬਾਰੇ 'ਚ ਇਕ ਚਿਤਾਵਨੀ ਜਾਰੀ ਕਰਦਿਆਂ ਲੋਕਾਂ ਨੂੰ ਕਾਬੁਲ ਹਵਾਈ ਅੱਡੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਸੀ | ਬਰਤਾਨੀਆ ਸਰਕਾਰ ਵਲੋਂ ਕਿਹਾ ਗਿਆ ਸੀ ਕਿ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦੁਆਰਾ ਕਾਬੁਲ ਹਵਾਈ ਅੱਡੇ 'ਤੇ ਮੌਜੂਦ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਜਾ ਸਕਦੇ ਹਨ | ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਵਲੋਂ ਵੀ ਲੋਕਾਂ ਨੂੰ ਸੁਚੇਤ ਕੀਤਾ ਗਿਆ ਸੀ | ਕਾਬੁਲ 'ਚ ਅਮਰੀਕੀ ਦੂਤਘਰ ਵਲੋਂ ਜਾਰੀ ਅਲਰਟ 'ਚ ਕਿਹਾ ਗਿਆ ਸੀ ਕਿ ਅਮਰੀਕੀ ਅਤੇ ਅਫ਼ਗਾਨ ਨਾਗਰਿਕਾਂ ਨੂੰ ਹਵਾਈ ਅੱਡੇ ਵੱਲ ਯਾਤਰਾ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ | ਦੱਸਣਯੋਗ ਹੈ ਕਿ ਇਸ ਸਮੇਂ ਕਾਬੁਲ ਹਵਾਈ ਅੱਡੇ ਦੀ ਸੁਰੱਖਿਆ ਅਤੇ ਸੰਚਾਲਨ ਫ਼ਿਲਹਾਲ ਅਮਰੀਕੀ ਸੈਨਿਕਾਂ ਦੇ ਹੱਥਾਂ 'ਚ ਹੈ ਅਤੇ ਲਗਪਗ 5800 ਅਮਰੀਕੀ ਸੈਨਿਕ ਕਰਜ਼ਾਈ ਕੌਮਾਂਤਰੀ ਹਵਾਈ ਅੱਡੇ 'ਤੇ ਮੌਜੂਦ ਹਨ | ਵੱਖ-ਵੱਖ ਦੇਸ਼ਾਂ ਨੇ ਖ਼ੁਫ਼ੀਆ ਏਜੰਸੀਆਂ ਦੀਆਂ ਜਾਣਕਾਰੀਆਂ ਦੇ ਆਧਾਰ 'ਤੇ ਇਸਲਾਮਿਕ ਸਟੇਟ ਵਲੋਂ ਕਾਬੁਲ ਹਵਾਈ ਅੱਡੇ 'ਤੇ ਅਜਿਹੇ ਧਮਾਕੇ/ਹਮਲੇ ਦੀ ਸਪਸ਼ਟ ਤੌਰ 'ਤੇ ਚਿਤਾਵਨੀ ਦਿੱਤੀ ਸੀ |

Radio Mirchi