ਤਾਲਿਬਾਨ ਨੇ 140 ਹਿੰਦੂ-ਸਿੱਖਾਂ ਨੂੰ ਭਾਰਤ ਆਉਣ ਤੋਂ ਰੋਕਿਆ

ਤਾਲਿਬਾਨ ਨੇ 140 ਹਿੰਦੂ-ਸਿੱਖਾਂ ਨੂੰ ਭਾਰਤ ਆਉਣ ਤੋਂ ਰੋਕਿਆ

 ਤਾਲਿਬਾਨ ਨੇ 140 ਹਿੰਦੂ-ਸਿੱਖਾਂ ਨੂੰ ਭਾਰਤ ਆਉਣ ਤੋਂ ਰੋਕਿਆ
ਅੰਮਿ੍ਤਸਰ (ਕਾਫ਼ਲਾ ਬਿਓਰੋ)-ਤਾਲਿਬਾਨ ਵਲੋਂ ਅੱਜ 140 ਅਫ਼ਗਾਨ ਹਿੰਦੂ-ਸਿੱਖਾਂ ਨੂੰ ਦਿੱਲੀ ਆਉਣ ਤੋਂ ਰੋਕੇ ਜਾਣ ਦੀ ਜਾਣਕਾਰੀ ਮਿਲੀ ਹੈ | ਦੱਸਿਆ ਜਾ ਰਿਹਾ ਹੈ ਕਿ ਉਕਤ ਅਫ਼ਗਾਨ ਹਿੰਦੂ-ਸਿੱਖ ਸ਼ਰਧਾਲੂ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸਮਾਗਮ ਲਈ ਦਿੱਲੀ ਆ ਰਹੇ ਸਨ ਪਰ ਤਾਲਿਬਾਨ ਨੇ ਉਨ੍ਹਾਂ ਨੂੰ ਕਾਬੁਲ ਦੇ ਹਾਮਿਦ ਕਰਜ਼ਾਈ ਕੌਮਾਂਤਰੀ ਹਵਾਈ ਅੱਡੇ 'ਚ ਦਾਖਲ ਹੋਣ ਤੋਂ ਰੋਕ ਦਿੱਤਾ | ਸਿੱਖ ਭਾਈਚਾਰੇ ਵਲੋਂ ਤਾਲਿਬਾਨ ਅੱਗੇ ਅਪੀਲ ਕੀਤੇ ਜਾਣ ਦੇ ਬਾਵਜੂਦ ਸਿੱਖ ਸ਼ਰਧਾਲੂਆਂ ਨੂੰ ਭਾਰਤ ਨਹੀਂ ਆਉਣ ਦਿੱਤਾ ਗਿਆ | ਇਹ ਸ਼ਰਧਾਲੂ ਆਪਣੇ ਨਾਲ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਵੀ ਲਿਆ ਰਹੇ ਸਨ ਅਤੇ ਸ਼ਰਧਾਲੂਆਂ 'ਚ ਪੁਰਸ਼, ਔਰਤਾਂ ਅਤੇ ਬੱਚੇ ਵੀ ਸ਼ਾਮਿਲ ਸਨ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਤਾਲਿਬਾਨ ਨੇ ਅਫ਼ਗਾਨ ਹਿੰਦੂ ਸਿੱਖਾਂ ਨੂੰ ਇਹ ਕਹਿ ਕੇ ਕਾਬੁਲ ਹਵਾਈ ਅੱਡੇ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਸੀ ਕਿ ਅਫ਼ਗਾਨ ਹਿੰਦੂ-ਸਿੱਖ ਅਫ਼ਗਾਨਿਸਤਾਨ 'ਚ ਸੁਰੱਖਿਅਤ ਹਨ | ਇਹ ਵੀ ਜਾਣਕਾਰੀ ਮਿਲੀ ਹੈ ਕਿ ਤਾਲਿਬਾਨ ਵਲੋਂ ਨਵੀਂ ਤਿਆਰ ਕੀਤੀ ਇਲੀਟ ਫੋਰਸ ਦੀ 'ਬਦਰੀ 313 ਬਟਾਲੀਅਨ' ਨੂੰ ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ਦੇ ਚਾਰੇ ਪਾਸੇ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਉੱਥੋਂ ਨਿਕਲਣ ਵਾਲੇ ਅਫ਼ਗਾਨ ਨਾਗਰਿਕਾਂ ਨੂੰ ਹਵਾਈ ਅੱਡੇ ਦੇ ਅੰਦਰ ਦਾਖ਼ਲ ਹੋਣ ਤੋਂ ਰੋਕਿਆ ਜਾ ਸਕੇ | ਹਵਾਈ ਅੱਡੇ ਦੇ ਅੰਦਰ ਫਿਲਹਾਲ ਅਮਰੀਕੀ ਫ਼ੌਜ ਤਾਇਨਾਤ ਹੈ, ਜਿਸ ਨੂੰ 31 ਅਗਸਤ ਤੋਂ ਪਹਿਲਾਂ ਹਟਾ ਲਿਆ ਜਾਵੇਗਾ | ਉੱਧਰ ਰਾਜਧਾਨੀ ਕਾਬੁਲ 'ਤੇ ਕਬਜ਼ਾ ਕਰ ਕੇ ਆਪਣੀ ਸਰਕਾਰ ਬਣਾਉਣ ਦਾ ਐਲਾਨ ਕਰ ਚੁੱਕੇ ਤਾਲਿਬਾਨ ਅਜੇ ਤੱਕ ਪੰਜਸ਼ੀਰ ਪ੍ਰਾਂਤ 'ਤੇ ਕਬਜ਼ਾ ਨਹੀਂ ਕਰ ਸਕੇ | ਇੱਥੇ ਲੰਮੇ ਸਮੇਂ ਤੋਂ ਉਨ੍ਹਾਂ 'ਚ ਅਤੇ ਅਹਿਮਦ ਮਸੂਦ ਦੇ ਲੜਾਕਿਆਂ ਵਿਚਾਲੇ ਲੜਾਈ ਚੱਲ ਰਹੀ ਹੈ ਪਰ ਹੁਣ ਦੋਵਾਂ ਧੜਿਆਂ ਵਿਚਕਾਰ ਜੰਗਬੰਦੀ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ | ਜਾਣਕਾਰੀ ਅਨੁਸਾਰ ਪਰਵਾਨ ਪ੍ਰਾਂਤ ਦੀ ਰਾਜਧਾਨੀ ਚਾਰਿਕਰ 'ਚ ਅਹਿਮਦ ਮਸੂਦ ਦੀ ਅਗਵਾਈ 'ਚ ਉੱਤਰੀ ਗੱਠਜੋੜ ਅਤੇ ਤਾਲਿਬਾਨ ਵਿਚਕਾਰ ਅੱਜ ਇਸ ਬਾਰੇ ਗੱਲਬਾਤ ਹੋਈ | ਤਾਲਿਬਾਨ ਤਰਫ਼ੋਂ ਇਸ ਗੱਲਬਾਤ ਦੀ ਅਗਵਾਈ ਮੌਲਾਨਾ ਅਮੀਰ ਖ਼ਾਨ ਮੁਕਤਈ ਨੇ ਕੀਤੀ ਅਤੇ ਤਾਲਿਬਾਨ ਨੇ 'ਅਮਨ ਜਿਰਗਾ' ਦਾ ਨਾਂਅ ਦਿੱਤਾ ਹੈ |
ਭਾਰਤ ਨੇ 35 ਲੋਕਾਂ ਨੂੰ ਵਾਪਸ ਲਿਆਂਦਾ
ਨਵੀਂ ਦਿੱਲੀ (ਏਜੰਸੀ)-ਕਾਬੁਲ 'ਚ ਸੁਰੱਖਿਆ ਸਥਿਤੀ ਖਰਾਬ ਹੋਣ ਤੋਂ ਬਾਅਦ ਚਲਾਏ ਜਾ ਰਹੇ ਭਾਰਤ ਦੇ 'ਅਪ੍ਰੇਸ਼ਨ ਦੇਵੀ ਸ਼ਕਤੀ' ਤਹਿਤ ਵੀਰਵਾਰ ਨੂੰ 35 ਹੋਰ ਲੋਕਾਂ ਨੂੰ ਅਫ਼ਗਾਨਿਸਤਾਨ ਤੋਂ ਭਾਰਤ ਲਿਆਂਦਾ ਗਿਆ, ਜਿਨ੍ਹਾਂ 'ਚ 24 ਭਾਰਤੀ ਅਤੇ 11 ਨਿਪਾਲੀ ਨਾਗਰਿਕ ਸ਼ਾਮਿਲ ਹਨ | ਅਫ਼ਗਾਨਿਸਤਾਨ ਤੋਂ ਵਾਪਸੀ ਦੇ ਮਿਸ਼ਨ ਨਾਲ ਜੁੜੇ ਲੋਕਾਂ ਨੇ ਕਿਹਾ ਕਿ ਯੋਜਨਾ 180 ਲੋਕਾਂ ਨੂੰ ਲਿਆਉਣ ਦੀ ਸੀ ਪਰ 35 ਲੋਕਾਂ ਨੂੰ ਹੀ ਜਹਾਜ਼ ਵਿਚ ਲਿਆਂਦਾ ਜਾ ਸਕਿਆ ਕਿਉਂਕਿ ਭਾਰਤੀ ਹਵਾਈ ਸੈਨਾ ਦੇ ਸੀ-17 ਜਹਾਜ਼ 'ਤੇ ਸਵਾਰ ਹੋਣ ਲਈ ਬਾਕੀ ਲੋਕ ਨਹੀਂ ਪਹੁੰਚ ਸਕੇ | ਮਾਮਲੇ ਨਾਲ ਜੁੜੇ ਲੋਕਾਂ ਨੇ ਅੱਗੇ ਦੱਸਿਆ ਕਿ ਪਿਛਲੇ ਕੁਝ ਦਿਨਾਂ 'ਚ ਕਾਬੁਲ ਹਵਾਈ ਅੱਡੇ ਕੋਲ ਸੁਰੱਖਿਆ ਸਥਿਤੀ ਖਰਾਬ ਹੋਣ ਕਾਰਨ ਅਫ਼ਗਾਨਿਸਤਾਨ ਦੇ ਲੋਕਾਂ ਸਮੇਤ ਹੋਰ ਲੋਕ ਹਵਾਈ ਅੱਡੇ ਤੱਕ ਨਹੀਂ ਪਹੁੰਚ ਸਕੇ |

Radio Mirchi