ਬਰਾੜ ਦੀ ਗ੍ਰਿਫਤਾਰੀ: ਜ਼ੁਲਮ ਦਾ ਨਵਾਂ ਦੌਰ ਸ਼ੁਰੂ ਕਰਨ ਦੀ ਸਾਜ਼ਿਸ਼ ਕਰਾਰ
ਬਰਾੜ ਦੀ ਗ੍ਰਿਫਤਾਰੀ: ਜ਼ੁਲਮ ਦਾ ਨਵਾਂ ਦੌਰ ਸ਼ੁਰੂ ਕਰਨ ਦੀ ਸਾਜ਼ਿਸ਼ ਕਰਾਰ
ਜਲੰਧਰ (ਕਾਫ਼ਲਾ ਬਿਓਰੋ)- ਅਕਾਲ ਤਖ਼ਤ ਦੇ ਸਾਬਕਾ ਜੱਥੇਦਾਰ ਭਾਈ ਜਸਵੀਰ ਸਿੰਘ ਰੋਡੇ ਦੇ ਪੁੱਤਰ ਗੁਰਮੁੱਖ ਸਿੰਘ ਰੋਡੇ ਨੂੰ ਪੰਜਾਬ ਪੁਲੀਸ ਵੱਲੋਂ ਬੀਤੇ ਦਿਨੀ ਭਾਰੀ ਅਸਲੇ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਸੀ। ਇਸ ਗ੍ਰਿਫਤਾਰੀ ਵਿਰੁੱਧ ਪੰਥਕ ਜੱਥੇਬੰਦੀਆਂ ਦੇ ਇੱਕਠ ਦੌਰਾਨ ਬੁਲਾਰਿਆਂ ਨੇ ਇਸ ਨੂੰ ਪੰਜਾਬ ਵਿੱਚ ਨਵੇਂ ਸਿਰੇ ਤੋਂ ਸਰਕਾਰੀ ਜ਼ੁਲਮ ਦੀ ਸ਼ੂਰਆਤ ਦੱਸਿਆ। ਬੁਲਾਰਿਆਂ ਨੇ ਕਿਹਾ ਕਿ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਅਤੇ ਰੋਜ਼ਾਨਾ ਅੱਜ ਦੀ ਆਵਾਜ਼ ਅਤੇ ਗੁਰਮੁੱਖ ਸਿੰਘ ਬਰਾੜ ਉੱਪਰ ਕੀਤਾ ਗਿਆ ਇਹ ਹਮਲਾ ਸਧਾਰਨ ਹਮਲਾ ਨਹੀਂ ਹੈ। ਬੁਲਾਰਿਆਂ ਨੇ ਕਿਹਾ ਕਿ ਸਿੰਘ ਸਾਹਿਬ ਦੇ ਘਰੋਂ ਅਤੇ ਪ੍ਰੈਸ ਵਿੱਚੋਂ ਇਨ੍ਹਾਂ ਬੰਬ ਨਕਾਰਾ ਕਰਨ ਵਾਲੇ ਦਸਤਿਆਂ ਤੋਂ ਬਿਨਾਂ ਹੀ ਬਾਰੂਦੀ ਸਮੱਗਰੀ ਪੁਲੀਸ ਵੱਲੋਂ ਬਰਾਮਦ ਕਰ ਲੈਣਾ ਸ਼ੱਕ ਦੇ ਘੇਰੇ ਵਿੱਚ ਹੈ। ਇੱਕਠ ਨੂੰ ਸੰਬੋਧਨ ਕਰਦਿਆਂ ਭਾਈ ਜਸਵੀਰ ਸਿੰਘ ਰੋਡੇ ਨੇ ਕਿਹਾ ਕਿ ਉਨ੍ਹਾਂ ਦੇ ਘਰ ਅਤੇ ਅਖਬਾਰ ਰੋਜ਼ਾਨਾ ਅੱਜ ਦੀ ਆਵਾਜ਼ ਦੇ ਦਫਤਰ ’ਤੇ ਛਾਪੇ ਅਤੇ ਗੁਰਮੁੱਖ ਸਿੰਘ ਬਰਾੜ ਨੂੰ ਗ੍ਰਿਫਤਾਰ ਕਰਨਾ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਸਿੱਖਾਂ ਉੱਪਰ ਜ਼ੁਲਮ-ਜਬਰ ਦੀ ਨਵੀਂ ਮੁਹਿੰਮ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਦਾ ਪਰਿਵਾਰ ਨਾ ਤਾਂ ਪਹਿਲਾਂ ਸਰਕਾਰੀ ਤਸ਼ੱਦਦ ਤੋਂ ਡਰਿਆ ਅਤੇ ਨਾ ਹੀ ਭਵਿੱਖ ਵਿੱਚ ਡਰੇਗਾ। ਇਸ ਮਾਮਲੇ ਬਾਰੇ ਤਿੰਨ ਮੈਂਬਰੀ ਕਮੇਟੀ ਵੀ ਬਣਾਈ ਗਈ, ਇਸ ਕਮੇਟੀ ਵਿੱਚ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ, ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲੇ ਅਤੇ ਬਾਬਾ ਅਵਤਾਰ ਸਿੰਘ ਧੂਰਕੋਟ ਨੂੰ ਸ਼ਾਮਲ ਕੀਤਾ ਗਿਆ। ਇੱਕਠ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ, ਜੱਥੇਦਾਰ ਗੁਰਦੀਪ ਸਿੰਘ ਬਠਿੰਡਾ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸ਼੍ਰੋਮਣੀ ਅਕਾਲੀ ਦਲ ਮਾਨ, ਹਰਚਰਨ ਸਿੰਘ ਧਾਮੀ, ਗਿਆਨੀ ਕਰਨੈਲ ਸਿੰਘ ਗਰੀਬ, ਜਥੇਦਾਰ ਕਰਨੈਲ ਸਿੰਘ ਪੰਜੋਲੀ, ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਧਿਆਨ ਸਿੰਘ ਮੰਡ, ਜੱਥੇਦਾਰ ਵੱਸਣ ਸਿੰਘ ਜੱਫਰਵਾਲ, ਭਾਈ ਦਇਆ ਸਿੰਘ ਲਾਹੌਰੀਆ, ਹੋਰ ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਵਪਾਰੀ ਵਰਗ ਨਾਲ ਸਬੰਧਿਤ ਸ਼ਖਸੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।