ਗੁਰਦਾਸ ਮਾਨ ਖ਼ਿਲਾਫ਼ ਨਕੋਦਰ ਵਿਚ ਕੇਸ ਦਰਜ

ਗੁਰਦਾਸ ਮਾਨ ਖ਼ਿਲਾਫ਼ ਨਕੋਦਰ ਵਿਚ ਕੇਸ ਦਰਜ

ਗੁਰਦਾਸ ਮਾਨ ਖ਼ਿਲਾਫ਼ ਨਕੋਦਰ ਵਿਚ ਕੇਸ ਦਰਜ
ਜਲੰਧਰ (ਕਾਫ਼ਲਾ ਬਿਓਰੋ)-  ਪੰਜਾਬੀ ਗਾਇਕ ਗੁਰਦਾਸ ਮਾਨ ਦੀਆਂ ਮੁਸੀਬਤਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਉਸ ਵੱਲੋਂ ਬਾਬਾ ਮੁਰਾਦ ਸ਼ਾਹ ਦੇ ਸਾਈਂ ਲਾਡੀ ਸ਼ਾਹ ਨੂੰ ਗੁਰੂ ਅਮਰਦਾਸ ਦੇ ਅੰਸ਼-ਵੰਸ਼ ਵਿੱਚੋਂ ਦੱਸੇ ਜਾਣ ਦਾ ਸਿੱਖ ਜਥੇਬੰਦੀਆਂ ਨੇ ਸਖ਼ਤ ਨੋਟਿਸ ਲੈਂਦਿਆਂ ਉਸ ਦਾ ਤਿੱਖਾ ਵਿਰੋਧ ਕੀਤਾ ਹੈ। ਸਿੱਖ ਜਥੇਬੰਦੀਆਂ ਦੇ ਇਸ ਤਿੱਖੇ ਵਿਰੋਧ ਦੇ ਮੱਦੇਨਜ਼ਰ ਪੰਜਾਬ ਪੁਲੀਸ ਨੇ ਗਾਇਕ ਗੁਰਦਾਸ ਮਾਨ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਉਣ ਸਬੰਧੀ ਧਾਰਾਵਾਂ ਤਹਿਤ ਨਕੋਦਰ ਥਾਣੇ ਵਿੱਚ ਐੱਫਆਈਆਰ ਦਰਜ ਕੀਤੀ ਹੈ।
ਗੁਰਦਾਸ ਮਾਨ ਬਾਬਾ ਮੁਰਾਦ ਸ਼ਾਹ ਡੇਰੇ ਵੱਲੋਂ ਬਣਾਏ ਗਏ ਟਰੱਸਟ ਦਾ ਚੇਅਰਮੈਨ ਵੀ ਹੈ। ਗੁਰਦਾਸ ਮਾਨ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਸਬੰਧੀ ਸਿੱਖ ਜਥੇਬੰਦੀਆਂ ਨੇ ਸਥਾਨਕ ਰਾਮਾਮੰਡੀ ਚੌਕ ਨੇੜੇ ਕੌਮੀ ਸ਼ਾਹਰਾਹ ’ਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਜਥੇਬੰਦੀਆਂ ਦੇ ਕਾਰਕੁਨ ਅੱਜ ਐੱਸਐੱਸਪੀ ਦਿਹਾਤੀ ਦੇ ਦਫ਼ਤਰ ਅੱਗੇ ਧਰਨੇ ’ਤੇ ਬੈਠ ਗਏ। ਮਾਨ ਵਿਰੁੱਧ ਉਕਤ ਜਥੇਬੰਦੀਆਂ ਪਿਛਲੇ ਚਾਰ ਦਿਨਾਂ ਤੋਂ ਸੰਘਰਸ਼ ਕਰ ਰਹੀਆਂ ਹਨ। ਧਰਨਾਕਾਰੀਆਂ ਨੇ ਕਿਹਾ ਕਿ ਗੁਰਦਾਸ ਮਾਨ ਹਰ ਵਾਰ ਗਲਤੀ ਕਰ ਕੇ ਮੁਆਫੀ ਮੰਗ ਲੈਂਦਾ ਹੈ, ਪਰ ਇਸ ਵਾਰ ਉਸ ਦੀ ਗ਼ਲਤੀ ਮੁਆਫੀਯੋਗ ਨਹੀਂ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਗੁਰਦਾਸ ਮਾਨ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਦੇ ਆਧਾਰ ’ਤੇ ਸਿੱਖ ਜਥੇਬੰਦੀਆਂ ਨੇ ਗੁਰਦਾਸ ਮਾਨ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਚੁੱਕੀ ਸੀ। ਹਾਲਾਂਕਿ, ਗੁਰਦਾਸ ਮਾਨ ਨੇ ਇਸ ਸਬੰਧੀ ਮੁਆਫੀ ਵੀ ਮੰਗ ਲਈ ਸੀ ਪਰ ਇਸ ਦੇ ਬਾਵਜੂਦ ਸਿੱਖ ਜਥੇਬੰਦੀਆਂ ਦਾ ਗੁੱਸਾ ਠੰਢਾ ਨਹੀਂ ਹੋਇਆ। ਹੁਣ ਨਕੋਦਰ ਥਾਣੇ ’ਚ ਅਕਾਲੀ ਆਗੂ ਪਰਮਜੀਤ ਸਿੰਘ ਤੇ ਹੋਰਨਾਂ ਦੇ ਬਿਆਨਾਂ ਦੇ ਆਧਾਰ ’ਤੇ ਐੱਫਆਈਆਰ ਦਰਜ ਕੀਤੀ ਗਈ ਹੈ।

Radio Mirchi