ਅਫ਼ਗਾਨ ਧਮਾਕੇ: ਮ੍ਰਿਤਕਾਂ ਦੀ ਗਿਣਤੀ 100 ਤੋਂ ਟੱਪੀ
ਅਫ਼ਗਾਨ ਧਮਾਕੇ: ਮ੍ਰਿਤਕਾਂ ਦੀ ਗਿਣਤੀ 100 ਤੋਂ ਟੱਪੀ
ਕਾਬੁਲ(ਕਾਫ਼ਲਾ ਬਿਓਰੋ)- ਅਫ਼ਗਾਨਿਸਤਾਨ ਵਿਚ ਵੀਰਵਾਰ ਨੂੰ ਕਾਬੁਲ ਹਵਾਈ ਅੱਡੇ ਨੇੜੇ ਹੋਏ ਫਿਦਾਈਨ ਤੇ ਹੋਰਨਾਂ ਬੰਬ ਧਮਾਕਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 100 ਤੋਂ ਵੱਧ ਗਈ ਹੈ। ਧਮਾਕਿਆਂ ਦੇ ਮੱਦੇਨਜ਼ਰ ਹੁਣ ਕਾਬੁਲ ਹਵਾਈ ਅੱਡੇ ਰਾਹੀਂ ਲੋਕਾਂ ਨੂੰ ਅਫ਼ਗਾਨਿਸਤਾਨ ਵਿਚੋਂ ਕੱਢੇ ਜਾਣ ਦੀ ਮੁਹਿੰਮ ਹੋਰ ਤੇਜ਼ ਕਰ ਦਿੱਤੀ ਗਈ ਹੈ। ਲੋਕਾਂ ਨੂੰ ਤਾਲਿਬਾਨ ਦੇ ਕਬਜ਼ੇ ਵਾਲੇ ਦੇਸ਼ ਵਿਚੋਂ ਕੱਢੇ ਜਾਣ ਲਈ ਮਿੱਥੀ ਗਈ ਆਖ਼ਰੀ ਤਰੀਕ (31 ਅਗਸਤ) ਤੱਕ ਹੋਰ ਧਮਾਕੇ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਹੈ। ਅਮਰੀਕਾ ਨੇ ਇਸ ਬਾਰੇ ਚਿਤਾਵਨੀ ਜਾਰੀ ਕੀਤੀ ਹੈ।
ਕਾਬੁਲ ਹਵਾਈ ਅੱਡੇ ਤੋਂ ਇਕ ਤੋਂ ਬਾਅਦ ਇਕ ਜਹਾਜ਼ ਉਡਾਣ ਭਰ ਰਿਹਾ ਹੈ ਤੇ ਹਵਾਈ ਅੱਡੇ ਦੇ ਬਾਹਰ ਲੋਕਾਂ ਦੀ ਗਿਣਤੀ ਪਹਿਲਾਂ ਨਾਲੋਂ ਬਹੁਤ ਵੱਧ ਗਈ ਹੈ। ਤਾਲਿਬਾਨ ਦੇ ਮੈਂਬਰ ਭਾਰੇ ਮਾਰੂ ਹਥਿਆਰਾਂ ਨਾਲ ਹਵਾਈ ਅੱਡੇ ਤੋਂ 500 ਮੀਟਰ ਦੂਰ ਇਕ ਇਲਾਕੇ ਵਿਚ ਗਸ਼ਤ ਕਰ ਰਹੇ ਹਨ ਤਾਂ ਕਿ ਕੋਈ ਵੀ ਇਸ ਖੇਤਰ ਤੋਂ ਅੱਗੇ ਨਾ ਜਾ ਸਕੇ। ਵੀਰਵਾਰ ਕਾਬੁਲ ਨੇੜੇ ਹੋਏ ਧਮਾਕਿਆਂ ਵਿਚ ਕਰੀਬ 95 ਅਫ਼ਗਾਨ ਤੇ 13 ਅਮਰੀਕੀ ਸੈਨਿਕ ਮਾਰੇ ਗਏ ਹਨ। ਅਗਸਤ 2011 ਤੋਂ ਬਾਅਦ ਅਮਰੀਕੀ ਬਲਾਂ ਲਈ ਇਹ ਅਫ਼ਗਾਨਿਸਤਾਨ ਵਿਚ ਸਭ ਤੋਂ ਮਾੜਾ ਦਿਨ ਸਾਬਿਤ ਹੋਇਆ ਹੈ। ਅਫ਼ਗਾਨ ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਇਕ ਹੋਰ ਸੂਚਨਾ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ 115 ਹੈ। ਕਾਬੁਲ ਦੇ ਵਜ਼ੀਰ ਅਕਬਰ ਖਾਨ ਹਸਪਤਾਲ ਦੇ ਬਾਹਰ ਕਰੀਬ 10 ਲਾਸ਼ਾਂ ਪਈਆਂ ਹਨ ਕਿਉਂਕਿ ਹਸਪਤਾਲ ਦੇ ਮੁਰਦਾਘਰ ਵਿਚ ਥਾਂ ਨਹੀਂ ਹੈ। ਅਮਰੀਕਾ ਨੇ ਅੱਜ ਕਿਹਾ ਕਿ ਇਕ ਲੱਖ ਤੋਂ ਵੱਧ ਲੋਕਾਂ ਨੂੰ ਕਾਬੁਲ ਤੋਂ ਸੁਰੱਖਿਅਤ ਕੱਢ ਲਿਆ ਗਿਆ ਹੈ। ਪਰ ਕਰੀਬ 1000 ਅਮਰੀਕੀ ਅਜੇ ਵੀ ਉਥਲ-ਪੁਥਲ ਤੇ ਹਿੰਸਾ ਦੇ ਸ਼ਿਕਾਰ ਮੁਲਕ ਵਿਚ ਮੌਜੂਦ ਹਨ। ਅਮਰੀਕਾ ਦੀ ਸੈਂਟਰਲ ਕਮਾਂਡ ਦੇ ਮੁਖੀ ਜਨਰਲ ਫਰੈਂਕ ਮੈਕੈਂਜ਼ੀ ਨੇ ਕਿਹਾ ਕਿ ਕਰੀਬ ਪੰਜ ਹਜ਼ਾਰ ਜਣਿਆਂ ਨੂੰ ਵੀਰਵਾਰ ਏਅਰਲਿਫਟ ਕੀਤਾ ਗਿਆ ਹੈ। ਇਸੇ ਦੌਰਾਨ ਪੈਂਟਾਗਨ ਨੇ ਕਿਹਾ ਹੈ ਕਿ ਕਾਬੁਲ ਅਤਿਵਾਦੀ ਹਮਲਾ ਹਵਾਈ ਅੱਡੇ ਦੇ ਗੇਟ ਉਤੇ ਇਕੋ ਫਿਦਾਈਨ ਵੱਲੋਂ ਕੀਤਾ ਗਿਆ ਹੈ। ਨੇੜਲੇ ਹੋਟਲ ਵਿਚ ਕੋਈ ਧਮਾਕਾ ਨਹੀਂ ਹੋਇਆ।
ਮਰਨ ਵਾਲਿਆਂ ’ਚ ਤਿੰਨ ਬਰਤਾਨਵੀ ਨਾਗਰਿਕ ਵੀ ਸ਼ਾਮਲ
ਲੰਡਨ: ਯੂਕੇ ਦੇ ਵਿਦੇਸ਼ ਮੰਤਰੀ ਡੌਮੀਨਿਕ ਰਾਬ ਨੇ ਅੱਜ ਕਿਹਾ ਕਿ ਕਾਬੁਲ ਧਮਾਕਿਆਂ ਵਿਚ ਤਿੰਨ ਬਰਤਾਨਵੀ ਨਾਗਰਿਕ ਵੀ ਮਾਰੇ ਗਏ ਹਨ। ਮ੍ਰਿਤਕਾਂ ਵਿਚ ਬੱਚਾ ਵੀ ਸ਼ਾਮਲ ਹੈ। ਦੋ ਹੋਰ ਬਰਤਾਨਵੀ ਨਾਗਰਿਕ ਫੱਟੜ ਵੀ ਹੋਏ ਹਨ। ਰਾਬ ਨੇ ਕਿਹਾ ਕਿ ਉਹ ਦੋ ਬਰਤਾਨਵੀ ਨਾਗਰਿਕਾਂ ਤੇ ਇਕ ਬਰਤਾਨਵੀ ਨਾਗਰਿਕ ਦੇ ਬੱਚੇ ਦੀ ਮੌਤ ਤੋਂ ਬੇਹੱਦ ਦੁਖੀ ਹਨ। ਮੰਤਰੀ ਨੇ ਕਿਹਾ ਕਿ ਯੂਕੇ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਮੁਸ਼ਕਲ ਦੇ ਸਮੇਂ ‘ਪਿੱਠ ਨਹੀਂ ਦਿਖਾਏਗਾ’ ਤੇ ਦਹਿਸ਼ਤਗਰਦਾਂ ਦੇ ਦਬਾਅ ਵਿਚ ਨਹੀਂ ਆਵੇਗਾ। ਮ੍ਰਿਤਕ ਹਵਾਈ ਅੱਡੇ ਦੇ ਬਾਹਰ ਉਡਾਣ ਦੀ ਉਡੀਕ ਵਿਚ ਸਨ।
ਭਾਰਤ, ਪਾਕਿ ਨੂੰ ਮਿਲ-ਬੈਠ ਕੇ ਮਸਲੇ ਸੁਲਝਾ ਲੈਣੇ ਚਾਹੀਦੇ ਹਨ: ਤਾਲਿਬਾਨ
ਨਵੀਂ ਦਿੱਲੀ:ਕਸ਼ਮੀਰ ਬਾਰੇ ਪਹਿਲੀ ਵਾਰ ਟਿੱਪਣੀ ਕਰਦਿਆਂ ਤਾਲਿਬਾਨ ਨੇ ਅੱਜ ਕਿਹਾ ਕਿ ਪਾਕਿਸਤਾਨ ਤੇ ਭਾਰਤ ਨੂੰ ਮਿਲ-ਬੈਠ ਕੇ ਆਪਣੇ ਸਾਰੇ ਬਕਾਇਆ ਮਸਲੇ ਸੁਲਝਾ ਲੈਣੇ ਚਾਹੀਦੇ ਹਨ ਕਿਉਂਕਿ ਦੋਵੇਂ ਗੁਆਂਢੀ ਹਨ ਤੇ ਦੋਵਾਂ ਦੇ ਹਿੱਤ ਇਕ-ਦੂਜੇ ਨਾਲ ਜੁੜੇ ਹੋਏ ਹਨ। ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਇਕ ਪਾਕਿਸਤਾਨੀ ਟੀਵੀ ਚੈਨਲ ਨਾਲ ਇੰਟਰਵਿਊ ਵਿਚ ਕਿਹਾ ਕਿ ਨਵੀਂ ਦਿੱਲੀ ਨੂੰ ‘ਵਿਵਾਦਤ ਖੇਤਰ ਬਾਰੇ ਸਕਾਰਾਤਮਕ ਰਵੱਈਆ ਅਪਣਾਉਣਾ ਚਾਹੀਦਾ ਹੈ।’ ਮੁਜਾਹਿਦ ਨੇ ਕਿਹਾ ਕਿ ਭਾਰਤ ਸਣੇ ਸਾਰੇ ਮੁਲਕਾਂ ਨਾਲ ਤਾਲਿਬਾਨ ਚੰਗੇ ਰਿਸ਼ਤੇ ਚਾਹੁੰਦਾ ਹੈ। ਬੁਲਾਰੇ ਨੇ ਕਿਹਾ ਕਿ ਭਾਰਤ ਖਿੱਤੇ ਦਾ ਅਹਿਮ ਮੁਲਕ ਹੈ ਤੇ ਉਸ ਨਾਲ ਤਾਲਿਬਾਨ ਚੰਗੇ ਰਿਸ਼ਤਿਆਂ ਦਾ ਚਾਹਵਾਨ ਹੈ। ਮੁਜਾਹਿਦ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਭਾਰਤ ਆਪਣੀਆਂ ਨੀਤੀਆਂ ਅਫ਼ਗਾਨ ਲੋਕਾਂ ਦੇ ਹਿੱਤਾਂ ਦਾ ਧਿਆਨ ਰੱਖ ਕੇ ਤੈਅ ਕਰੇ।
ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਬਾਰੇ ਭਾਰਤ ਨੇ ਚੁੱਪ ਧਾਰੀ
ਨਵੀਂ ਦਿੱਲੀ: ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੂੰ ਇਹ ਪੁੱਛੇ ਜਾਣ ’ਤੇ ਕਿ ਕੀ ਭਾਰਤ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਵੇਗਾ ਤਾਂ ਉਨ੍ਹਾਂ ਕਿਹਾ ਕਿ ਹਾਲੇ ਉੱਥੇ ਸਰਕਾਰ ਦੇ ਗਠਨ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੈ। ਨਾ ਹੀ ਇਹ ਸਪੱਸ਼ਟ ਹੈ ਕਿ ਕਿਹੜੀ ਇਕਾਈ ਸਰਕਾਰ ਬਣਾਉਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ਿਲਹਾਲ ਸਰਕਾਰ ਦਾ ਮੁੱਖ ਮੰਤਵ ਆਪਣੇ ਲੋਕਾਂ ਨੂੰ ਸੁਰੱਖਿਅਤ ਕੱਢਣਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਸਰਕਾਰ ਗੁਆਂਢੀ ਮੁਲਕ ਦੀ ਸਥਿਤੀ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਥਿਤੀ ਪਲ਼-ਪਲ਼ ਬਦਲ ਰਹੀ ਹੈ। ਉਧਰ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਕਿਹਾ ਕਿ ਅਫ਼ਗਾਨਿਸਤਾਨ ਵਿਚੋਂ ਭਾਰਤੀਆਂ ਨੂੰ ਕੱਢਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।