ਟਰੂਡੋ ਨੂੰ ਚੋਣ ਪ੍ਰਚਾਰ ਦੌਰਾਨ ਕਰਨਾ ਪੈ ਰਿਹੈ ਰੋਸ ਮੁਜ਼ਾਹਰਿਆਂ ਦਾ ਸਾਹਮਣਾ
ਟਰੂਡੋ ਨੂੰ ਚੋਣ ਪ੍ਰਚਾਰ ਦੌਰਾਨ ਕਰਨਾ ਪੈ ਰਿਹੈ ਰੋਸ ਮੁਜ਼ਾਹਰਿਆਂ ਦਾ ਸਾਹਮਣਾ
ਟੋਰਾਂਟੋ (ਕਾਫ਼ਲਾ ਬਿਓਰੋ)- ਕੈਨੇਡਾ ਵਿਚ ਸੰਸਦੀ ਚੋਣਾਂ 20 ਸਤੰਬਰ ਨੂੰ ਹਨ ਅਤੇ ਸਾਰੇ 338 ਹਲਕਿਆਂ 'ਚ ਚੋਣ ਪ੍ਰਚਾਰ ਜਾਰੀ ਹੈ ਅਤੇ ਰਾਜਨੀਤਕ ਪਾਰਟੀਆਂ ਦੇ ਆਗੂ ਵੀ ਦੇਸ਼ ਭਰ 'ਚ ਵਿਚਰ ਰਹੇ ਹਨ | ਸੱਤਾਧਾਰੀ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੂੰ ਬੀਤੇ ਦਿਨਾਂ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਚੋਣ ਪ੍ਰਚਾਰ ਦੌਰਾਨ ਕੋਵਿਡ ਟੀਕਾਕਰਨ ਦੇ ਵਿਰੋਧੀਆਂ ਦੇ ਰੋਸ ਮੁਜ਼ਾਹਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅਜਿਹੇ 'ਚ ਸ੍ਰੀ ਟਰੂਡੋ ਦੀ ਸੁਰੱਖਿਆ ਲਈ ਹਰੇਕ ਜਗ੍ਹਾ ਪੁਲਿਸ ਦੇ ਸਖਤ ਪਹਿਰੇ ਦਾ ਬੰਦੋਬਸਤ ਕਰਨਾ ਪੈਂਦਾ ਹੈ ਜਿਸ ਦੀ ਕੈਨੇਡਾ 'ਚ ਆਮ ਤੌਰ 'ਤੇ ਜ਼ਰੂਰਤ ਨਹੀਂ ਹੁੰਦੀ ਸੀ | ਬੀਤੇ ਕੱਲ੍ਹ ਟੋਰਾਂਟੋ ਨੇੜੇ ਮਿਸੀਸਾਗਾ, ਬੌਲਟਨ ਤੇ ਨੌਬਲਟਨ ਵਿਖੇ ਕੋਵਿਡ ਟੀਕਾਕਰਨ ਦੇ ਵਿਰੋਧੀਆਂ ਨੇ ਸ੍ਰੀ ਟਰੂਡੋ ਦੇ ਸਮਾਗਮਾਂ 'ਚ ਰੁਕਾਵਟਾਂ ਪਾਈਆਂ | ਮੁਜ਼ਾਹਰਾਕਾਰੀਆਂ ਦੀ ਵੱਡੀ ਗਿਣਤੀ ਅਤੇ ਤੇਵਰ ਦੇਖਦਿਆਂ ਬੌਲਟਨ ਦਾ ਸਮਾਗਮ ਤਾਂ ਰੱਦ ਹੀ ਕਰਨਾ ਪੈ ਗਿਆ | ਮੁਜ਼ਾਹਰਾਕਾਰੀ (ਗੋਰੇ ਗੋਰੀਆਂ) ਵਲੋਂ ਗੁੱਸੇ 'ਚ ਹਿੰਸਕ ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਦੀ ਕੈਨੇਡੀਅਨ ਸਮਾਜ 'ਚ ਆਲੋਚਨਾ ਹੋ ਰਹੀ ਹੈ | ਕੰਜ਼ਰਵੇਟਿਵ ਪਾਰਟੀ ਦੇ ਆਗੂ ਏਰਿਨ ਓਟੂਲ ਤੇ ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਦੇ ਆਗੂ ਜਗਮੀਤ ਸਿੰਘ ਨੇ ਇਸ ਵਰਤਾਰੇ ਦੀ ਨਿੰਦਾ ਕੀਤੀ ਹੈ | ਚੋਣ ਪ੍ਰਚਾਰ ਦੇ ਬੀਤੇ ਦੋ ਹਫ਼ਤਿਆਂ ਮਗਰੋਂ ਹਾਲ ਦੀ ਘੜੀ ਇਨ੍ਹਾਂ ਚੋਣਾਂ 'ਚ ਕਿਸੇ ਵੀ ਪਾਰਟੀ ਨੂੰ ਬਹੁਮਤ (ਜਿਸ ਵਾਸਤੇ ਚੋਣਾਂ ਕਰਵਾਈਆਂ ਜਾ ਰਹੀਆਂ) ਮਿਲਣ ਦੀ ਸੰਭਾਵਨਾ ਦਿਖਾਈ ਨਹੀਂ ਦੇ ਰਹੀ |