ਅਫ਼ਗਾਨਿਸਤਾਨ ’ਚ ਬਰਤਾਨੀਆ ਦੀ 20 ਸਾਲਾਂ ਦੀ ਫ਼ੌਜੀ ਮੁਹਿੰਮ ਖ਼ਤਮ

ਅਫ਼ਗਾਨਿਸਤਾਨ ’ਚ ਬਰਤਾਨੀਆ ਦੀ 20 ਸਾਲਾਂ ਦੀ ਫ਼ੌਜੀ ਮੁਹਿੰਮ ਖ਼ਤਮ

ਅਫ਼ਗਾਨਿਸਤਾਨ ’ਚ ਬਰਤਾਨੀਆ ਦੀ 20 ਸਾਲਾਂ ਦੀ ਫ਼ੌਜੀ ਮੁਹਿੰਮ ਖ਼ਤਮ
ਲੰਡਨ (ਕਾਫ਼ਲਾ ਬਿਓਰੋ)- ਬਰਤਾਨੀਆ ਨੇ ਅਫ਼ਗਾਨਿਸਤਾਨ ਵਿਚ ਆਪਣੀ 20 ਸਾਲ ਤੋਂ ਜਾਰੀ ਫ਼ੌਜੀ ਮੁਹਿੰਮ ਖ਼ਤਮ ਕਰ ਦਿੱਤੀ ਹੈ। ਬਾਕੀ ਰਹਿੰਦੇ ਫ਼ੌਜੀਆਂ ਨੂੰ ਲੈ ਕੇ ਆਖ਼ਰੀ ਜਹਾਜ਼ ਬਰਤਾਨੀਆ ਪਰਤ ਆਇਆ ਹੈ। ਬਰਤਾਨਵੀ ਹਵਾਈ ਸੈਨਾ ਦਾ ਜਹਾਜ਼ ਸ਼ਨਿਚਰਵਾਰ ਕਾਬੁਲ ਤੋਂ ਉਡਿਆ ਸੀ ਤੇ ਅੱਜ ਆਕਸਫੋਰਡਸ਼ਾਇਰ ਪਰਤ ਆਇਆ। ਅਫ਼ਗਾਨਿਸਤਾਨ ਵਿਚ ਬਰਤਾਨੀਆ ਦੇ ਰਾਜਦੂਤ ਸਰ ਲੌਰੀ ਬਰਿਸਟੋ ਵੀ ਪਰਤ ਆਏ ਹਨ ਜੋ ਕਿ ਲੋਕਾਂ ਨੂੰ ਕੱਢਣ ਦੇ ਅਪਰੇਸ਼ਨ ਦੀ ਨਿਗਰਾਨੀ ਕਰ ਰਹੇ ਸਨ। ਇਸੇ ਮੁਹਿੰਮ ਦਾ ਹਿੱਸਾ ਵਾਈਸ-ਐਡਮਿਰਲ ਸਰ ਬੈੱਨ ਕੀਅ ਨੇ ਕਿਹਾ ਕਿ ‘ਇਸ ਗੱਲ ਦਾ ਦੁਖ ਹੈ ਕਿ ਉਹ ਸਭ ਕੁਝ ਨੇਪਰੇ ਨਹੀਂ ਚੜ੍ਹ ਸਕਿਆ ਜਿਸ ਬਾਰੇ ਸੋਚਿਆ ਗਿਆ ਸੀ।’ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਇਕ ਵੀਡੀਓ ਪੋਸਟ ਕਰਦਿਆਂ ਕਿਹਾ ਕਿ ‘ਅਪਰੇਸ਼ਨ ਪਿਟਿੰਗ ਖ਼ਤਮ ਹੋ ਗਿਆ ਹੈ ਤੇ ਇਸ ਤਰ੍ਹਾਂ ਦਾ ਪਹਿਲਾਂ ਕਦੇ ਨਹੀਂ ਦੇਖਿਆ।’ ਉਨ੍ਹਾਂ ਕਿਹਾ ਕਿ ਬਰਤਾਨਵੀ ਸੈਨਾ ਨੇ ਇਸ ਅਪਰੇਸ਼ਨ ਨੂੰ ਸਿਰੇ ਚੜ੍ਹਾਉਣ ਲਈ ਦਿਨ-ਰਾਤ ਇਕ ਕੀਤਾ ਜਦਕਿ ਸਥਿਤੀਆਂ ਬੇਹੱਦ ਖ਼ਤਰਨਾਕ ਸਨ। ਜੌਹਨਸਨ ਨੇ ਨਾਲ ਹੀ ਕਿਹਾ ਕਿ ਯੂਕੇ ਦੀ ਅਫ਼ਗਾਨਿਸਤਾਨ ਵਿਚ ਮੌਜੂਦਗੀ ਨੇ ‘ਅਲ ਕਾਇਦਾ ਨੂੰ ਸਾਡੇ ਦਰਾਂ ਤੋਂ ਦੋ ਦਹਾਕੇ ਦੂਰ ਰੱਖਿਆ ਤੇ ਅਸੀਂ ਸਾਰੇ ਸੁਰੱਖਿਅਤ ਵੀ ਰਹੇ।’ ਉਨ੍ਹਾਂ 2001 ਤੋਂ ਯੂਕੇ ਦੀ ਫ਼ੌਜ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਵੀ ਸਿਜਦਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅਮਰੀਕਾ ਦੇ ਨਾਲ ਅਮਰੀਕਾ ਦੀ ਮਦਦ ਲਈ ਅਫ਼ਗਾਨਿਸਤਾਨ ਆਏ ਸਨ, ਪਰ ਇਸ ਤਰ੍ਹਾਂ ਉੱਥੋਂ ਨਿਕਲਾਂਗੇ, ਇਹ ਕਦੇ ਨਹੀਂ ਸੋਚਿਆ ਸੀ। ਉਨ੍ਹਾਂ ਕਿਹਾ ਕਿ ਅਮਰੀਕਾ, ਯੂਕੇ ਤੇ ਹੋਰ ਸਾਥੀ ਮੁਲਕ ਤਾਲਿਬਾਨ ਨਾਲ ਇਸ ਅਧਾਰ ਉਤੇ ਤਾਲਮੇਲ ਨਹੀਂ ਕਰਨਗੇ ਕਿ ਉਹ ਕੀ ਕਹਿੰਦੇ ਹਨ। ਪਰ ਜੋ ਉਹ ਕਰ ਕੇ ਦਿਖਾਉਣਗੇ, ਉਸ ਅਧਾਰ ਉਤੇ ਰਾਬਤਾ ਕੀਤਾ ਜਾਵੇਗਾ। ਜੌਹਨਸਨ ਨੇ ਕਿਹਾ ਕਿ ਜੇਕਰ ਕਾਬੁਲ ਦੀ ਨਵੀਂ ਸਰਕਾਰ ਮਾਨਤਾ ਚਾਹੁੰਦੀ ਹੈ ਤਾਂ ਉਸ ਨੂੰ ਉਨ੍ਹਾਂ ਲੋਕਾਂ ਨੂੰ ਸੁਰੱਖਿਅਤ ਨਿਕਲਣ ਦੇਣਾ ਚਾਹੀਦਾ ਹੈ ਜੋ ਦੇਸ਼ ਛੱਡਣਾ ਚਾਹੁੰਦੇ ਹਨ। ਅਫ਼ਗਾਨਿਸਤਾਨ ਵਿਚ ਔਰਤਾਂ ਤੇ ਲੜਕੀਆਂ ਦੇ ਹੱਕਾਂ ਦਾ ਸਤਿਕਾਰ ਯਕੀਨੀ ਬਣਾਉਣਾ ਪਏਗਾ ਤੇ ਮੁਲਕ ਦੀ ਧਰਤੀ ਨੂੰ ਅਤਿਵਾਦ ਲਈ ਵਰਤੇ ਜਾਣ ਤੋਂ ਰੋਕਣਾ ਪਏਗਾ। ‘ਦਿ ਸੰਡੇ ਟੈਲੀਗ੍ਰਾਫ’ ਵਿਚ ਲਿਖਦਿਆਂ ਵਿਦੇਸ਼ ਸਕੱਤਰ ਡੌਮੀਨਿਕ ਰਾਬ ਨੇ ਕਿਹਾ ਕਿ ਯੂਕੇ ਅਤਿਵਾਦੀਆਂ ਉਤੇ ਪਾਬੰਦੀਆਂ ਲਾ ਸਕਦਾ ਹੈ, ਪਰ ਇਹ ਉਸ ਗੱਲ ਉਤੇ ਨਿਰਭਰ ਕਰਦਾ ਹੈ ਕਿ ‘ਤਾਲਿਬਾਨ ਮੁੱਖ ਮੁੱਦਿਆਂ ਉਤੇ ਕੀ ਰੁਖ਼ ਅਖ਼ਤਿਆਰ ਕਰਦਾ ਹੈ।’ ਯੂਕੇ ਕਾਬੁਲ ਨਾਲ ਕੂਟਨੀਤਕ ਰਿਸ਼ਤੇ ਬਹਾਲ ਕਰਨ ਲਈ ਵੀ ਤਿਆਰ ਹੈ ਪਰ ਪਹਿਲਾਂ ਉੱਥੇ ਸਰਕਾਰ ਦੇ ਗਠਨ ਤੇ ਸ਼ਾਂਤੀ ਬਹਾਲੀ ਦੀ ਉਡੀਕ ਕੀਤੀ ਜਾਵੇਗੀ।

Radio Mirchi