ਪੈਰਾਲੰਪਿਕ : ਅਵਨੀ ਤੇ ਸੁਮਿਤ ਨੇ ਜਿੱਤੇ ਸੋਨ ਤਗਮੇ
ਪੈਰਾਲੰਪਿਕ : ਅਵਨੀ ਤੇ ਸੁਮਿਤ ਨੇ ਜਿੱਤੇ ਸੋਨ ਤਗਮੇ
ਟੋਕੀਓ (ਕਾਫ਼ਲਾ ਬਿਓਰੋ)- ਟੋਕੀਓ ਪੈਰਾਲੰਪਿਕ 'ਚ ਸੋਮਵਾਰ ਨੂੰ ਭਾਰਤ ਦੀ ਝੋਲੀ 2 ਸੋਨ , 2 ਚਾਂਦੀ ਅਤੇ ਇਕ ਕਾਂਸੀ ਤਗਮਾ ਪਿਆ। ਨੇਜ਼ਾਬਾਜ਼ੀ 'ਚ ਸੁਮਿਤ ਅੰਤਿਲ ਤੇ ਔਰਤਾਂ ਦੀ ਨਿਸ਼ਾਨੇਬਾਜ਼ੀ 'ਚ ਅਵਨੀ ਲੇਖਾਰਾ ਨੇ ਆਪਣੇ-ਆਪਣੇ ਮੁਕਾਬਲਿਆਂ 'ਚ ਸੋਨ ਤਗਮੇ ਭਾਰਤ ਦੀ ਝੋਲੀ ਪਾਏ। ਇਸ ਤੋਂ ਇਲਾਵਾ ਸਟਾਰ ਪੈਰਾ ਅਥਲੀਟ ਅਤੇ ਦੋ ਵਾਰ ਦੇ ਸੋਨ ਤਗਮਾ ਜੇਤੂ ਦੇਵੇਂਦਰ ਝਾਜਰੀਆ ਨੇ ਨੇਜ਼ਾਬਾਜ਼ੀ 'ਚ ਚਾਂਦੀ, ਜਦਕਿ ਡਿਸਕਸ ਥ੍ਰੋਅ 'ਚ ਅਥਲੀਟ ਯੋਗੇਸ਼ ਕਥੂਨੀਆ ਨੇ ਵੀ ਚਾਂਦੀ ਤਗਮਾ ਹਾਸਲ ਕੀਤਾ। ਇਸ ਦੇ ਇਲਾਵਾ ਸੁੰਦਰ ਸਿੰਘ ਗੁਰਜਰ ਨੇ ਕਾਂਸੀ ਤਗਮਾ ਆਪਣੇ ਨਾਂਅ ਕੀਤਾ। ਸੁੰਦਰ ਨੇਜ਼ਾਬਾਜ਼ੀ 'ਚ ਝਾਜਰੀਆ ਦੇ ਬਾਅਦ ਤੀਸਰੇ ਸਥਾਨ 'ਤੇ ਰਹੇ। ਪੁਰਸ਼ਾਂ 'ਚ ਸੁਮਿਤ ਅੰਤਿਲ ਨੇ ਇਤਿਹਾਸ ਰਚਦਿਆਂ ਨੇਜਾਬਾਜ਼ੀ ਦੇ ਐਫ-64 ਈਵੈਂਟ 'ਚ ਭਾਰਤ ਦੀ ਝੋਲੀ ਦੂਸਰਾ ਸੋਨ ਤਗਮਾ ਪਾਇਆ ਹੈ। ਉਨ੍ਹਾਂ ਨੇ ਵਿਸ਼ਵ ਰਿਕਾਰਡ ਦੇ ਨਾਲ ਇਸ ਤਗਮੇ 'ਤੇ ਆਪਣਾ ਕਬਜ਼ਾ ਕੀਤਾ। ਪਹਿਲੀ ਵਾਰ ਪੈਰਾਲੰਪਿਕ ਖੇਡ ਰਹੇ ਅੰਤਿਲ ਨੇ ਨੇਜ਼ਾਬਾਜ਼ੀ ਦੇ ਐਫ-64 ਈਵੈਂਟ 'ਚ ਦੂਸਰੀ ਕੋਸ਼ਿਸ਼ 'ਚ 68.08 ਮੀਟਰ ਦਾ ਥ੍ਰੋਅ ਕੀਤਾ ਅਤੇ ਵਿਸ਼ਵ ਰਿਕਾਰਡ ਬਣਾ ਦਿੱਤਾ। ਇਸ ਤੋਂ ਪਹਿਲਾਂ ਭਾਰਤ ਦੀ ਅਵਨੀ ਲੇਖਰਾ ਨੇ ਸੋਮਵਾਰ ਨੂੰ 249.6 ਦੇ ਵਿਸ਼ਵ ਰਿਕਾਰਡ ਸਕੋਰ ਨਾਲ ਔਰਤਾਂ ਦੀ 10 ਮੀਟਰ ਏਅਰ ਰਾਈਫ਼ਲ ਐਸਐਚ 1 ਵਰਗ 'ਚ ਇੱਥੇ ਜਾਰੀ ਟੋਕੀਓ ਪੈਰਾਲੰਪਿਕ ਖੇਡਾਂ 'ਚ ਦੇਸ਼ ਲਈ ਸੋਨ ਤਗਮਾ ਜਿੱਤਿਆ।
ਇਸ ਦੇ ਨਾਲ ਹੀ ਉਹ ਦੇਸ਼ ਦੀ ਪਹਿਲੀ ਔਰਤ ਅਥਲੀਟ ਬਣੀ, ਜਿਨ੍ਹਾਂ ਪੈਰਾਲੰਪਿਕ 'ਚ ਸੋਨ ਤਗਮਾ ਹਾਸਲ ਕੀਤਾ। ਸੁਮਿਤ ਅੰਤਿਲ ਨੇ 2015 'ਚ ਮੋਟਰਸਾਈਕਲ ਦੁਰਘਟਨਾ 'ਚ ਆਪਣਾ ਇਕ ਪੈਰ ਗੋਡੇ ਤੋਂ ਹੇਠਾਂ ਤੱਕ ਗਵਾ ਦਿੱਤਾ ਸੀ। ਉਨ੍ਹਾਂ 62.88 ਮੀਟਰ ਦੇ ਆਪਣੇ ਪੁਰਾਣੇ ਵਿਸ਼ਵ ਰਿਕਾਰਡ ਨੂੰ ਦਿਨ 'ਚ ਪੰਜ ਵਾਰ ਬਿਹਤਰ ਕੀਤਾ। ਹਾਲਾਂਕਿ ਉਨ੍ਹਾਂ ਦਾ ਅੰਤਿਮ ਥ੍ਰੋਅ ਫਾਊਲ ਰਿਹਾ। ਉਨ੍ਹਾਂ ਦੇ ਥ੍ਰੋਅ ਦੀ ਲੜੀ 66.95, 68.08, 65.27, 66.71, 68.55 'ਤੇ ਫਾਊਲ ਰਹੀ। ਸੋਨ ਤਗਮਾ ਜਿੱਤਣ ਵਾਲੀ 19 ਸਾਲਾ ਅਵਨੀ ਨੂੰ 2012 'ਚ ਇਕ ਕਾਰ ਦੁਰਘਟਨਾ 'ਚ ਰੀਡ ਦੀ ਹੱਡੀ 'ਚ ਸੱਟ ਲੱਗ ਗਈ ਸੀ। ਅਵਨੀ ਨੇ ਫਾਈਨਲ 'ਚ 7ਵੇਂ ਸਥਾਨ 'ਤੇ ਕੁਆਲੀਫਾਈ ਕੀਤਾ, ਪਰ ਫਾਈਨਲ 'ਚ ਸ਼ਾਨਦਾਰ ਪ੍ਰਦਰਸ਼ਨ ਦੀ ਕੋਸ਼ਿਸ਼ ਨਾਲ ਉਹ ਸਿਖ਼ਰ 'ਤੇ ਪਹੁੰਚ ਗਈ। ਚੀਨ ਦੀ ਮਹਿਲਾ ਸ਼ੂਟਰ ਝਾਂਗ ਕੁਈਪਿੰਗ 248.9 ਸਕੋਰ ਦੇ ਨਾਲ ਦੂਸਰੇ ਸਥਾਨ 'ਤੇ ਰਹੀ, ਜਦਕਿ ਯੂਕਰੇਨ ਦੀ ਇਰਨਾ ਸ਼ੇਤਨਿਕ ਨੇ ਕੁੱਲ 227.5 ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ। ਪੈਰਾਲੰਪਿਕ ਦੀ ਨਿਸ਼ਾਨੇਬਾਜ਼ੀ 'ਚ ਭਾਰਤ ਦਾ ਪਹਿਲਾ ਸੋਨ ਤਗਮਾ ਹੈ। ਓਵਰ ਆਲ ਅਵਨੀ ਚੌਥੀ ਭਾਰਤੀ ਔਰਤ ਅਥਲੀਟ ਹੈ, ਜਿਸ ਨੇ ਪੈਰਾਲੰਪਿਕ 'ਚ ਸੋਨ ਤਗਮਾ ਹਾਸਲ ਕੀਤਾ ਹੈ। ਉਨ੍ਹਾਂ ਤੋਂ ਪਹਿਲਾਂ ਤੈਰਾਕ ਮੁਰਲੀਕਾਂਤ ਪੇਟਕਰ (1972), ਨੇਜ਼ਾਬਾਜ਼ੀ ਅਥਲੀਟ ਦੇਵੇਂਦਰ ਝਾਜਰੀਆ (2004 ਤੇ 2016) ਅਤੇ ਉੱਚੀ ਛਾਲ ਦੇ ਅਥਲੀਟ ਥੰਗਾਵੇਲੂ ਮਰਿਅਪਨ (2016) ਸੋਨ ਤਗਮਾ ਜਿੱਤ ਚੁੱਕੇ ਹਨ। ਅਵਨੀ ਨੇ 2019 'ਚ ਕ੍ਰੋਏਸ਼ੀਆ ਦੇ ਓਸਿਜੇਕ 'ਚ 10 ਮੀਟਰ ਏਅਰ ਰਾਈਫ਼ਲ ਵਰਗ 'ਚ ਚਾਂਦੀ ਤਗਮਾ ਹਾਸਲ ਕੀਤਾ ਸੀ।
ਇਸ ਦੇ ਇਲਾਵਾ ਨੇਜ਼ਾਬਾਜ਼ੀ 'ਚ ਭਾਰਤ ਦੇ ਦੇਵੇਂਦਰ ਝਾਜਰੀਆ ਅਤੇ ਡਿਸਕਸ ਥ੍ਰੋਅ 'ਚ ਯੋਗੇਸ਼ ਕਥੂਨੀਆ ਨੇ ਚਾਂਦੀ ਤਗਮੇ ਜਿੱਤੇ। ਸੁੰਦਰ ਸਿੰਘ ਗੁਰਜਰ ਨੇ ਟੋਕੀਓ ਪੈਰਾਲੰਪਿਕ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨੇਜਾਬਾਜ਼ੀ ਦੇ ਐਫ-46 ਵਰਗ 'ਚ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ। ਭਾਰਤ ਨੇ ਇਨ੍ਹਾਂ ਖੇਡਾਂ 'ਚ ਸਭ ਤੋਂ ਵੱਧ ਤਗਮੇ ਜਿੱਤਣ ਦੇ ਆਪਣੇ ਪੁਰਾਣੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਐਫ-46 'ਚ ਅਥਲੀਟਾਂ ਦੇ ਹੱਥਾਂ 'ਚ ਵਿਕਾਰ ਅਤੇ ਮਾਸਪੇਸ਼ੀਆਂ 'ਚ ਕਮਜ਼ੋਰੀ ਹੁੰਦੀ ਹੈ। ਇਸ 'ਚ ਖਿਡਾਰੀ ਖ਼ੜੇ ਹੋ ਕੇ ਮੁਕਾਬਲੇ 'ਚ ਭਾਗ ਲੈਂਦੇ ਹਨ। ਦੋ ਵਾਰ ਪੈਰਾਲੰਪਿਕ 'ਚ ਸੋਨ ਤਗਮਾ ਜਿੱਤਣ ਵਾਲੇ 40 ਸਾਲਾ ਦੇਵੇਂਦਰ ਨੇ 64.35 ਮੀਟਰ ਨਾਲ ਦੂਸਰਾ ਸਥਾਨ ਹਾਸਲ ਕੀਤਾ। ਦੇਵੇਂਦਰ ਦਾ ਇਹ ਸਕੋਰ ਉਨ੍ਹਾਂ ਦਾ ਨਿੱਜੀ ਸਰਬੋਤਮ ਸਕੋਰ ਰਿਹਾ। ਦੇਵੇਂਦਰ ਦੇ ਇਲਾਵਾ ਸੁੰਦਰ ਨੇ ਆਪਣੇ ਸੀਜ਼ਨ ਦਾ ਵਧੀਆ ਪ੍ਰਦਰਸ਼ਨ ਕਰਦੇ ਹੋਏ 64.01 ਸਕੋਰ ਨਾਲ ਤੀਸਰਾ ਸਥਾਨ ਹਾਸਲ ਕੀਤਾ। ਸੁੰਦਰ ਨੇ 64.01 ਮੀਟਰ ਨੇਜ਼ਾ ਸੁੱਟਿਆ, ਜੋ ਉਨ੍ਹਾਂ ਦਾ ਇਸ ਸੀਜ਼ਨ ਦਾ ਸਰਬੋਤਮ ਪ੍ਰਦਰਸ਼ਨ ਹੈ। ਇਸ 25 ਸਾਲਾ ਅਥਲੀਟ ਨੇ 2015 'ਚ ਇਕ ਦੁਰਘਟਨਾ 'ਚ ਆਪਣਾ ਇਕ ਹੱਥ ਗਵਾ ਦਿੱਤਾ ਸੀ। ਜੈਪੁਰ ਦੇ ਰਹਿਣ ਵਾਲੇ ਸੁੰਦਰ ਨੇ 2017 ਅਤੇ 2019 'ਚ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ 'ਚ ਸੋਨ ਤਗਮੇ ਜਿੱਤੇ ਸਨ। ਦਿੱਲੀ ਦੇ ਕਰੋੜੀਮਲ ਕਾਲਜ ਤੋਂ ਬੀ.ਕਾਮ ਕਰਨ ਵਾਲੇ 24 ਸਾਲਾ ਕਥੂਨੀਆ ਨੇ ਆਪਣੀ 6ਵੀਂ ਤੇ ਆਖ਼ਰੀ ਕੋਸ਼ਿਸ਼ 'ਚ 44.38 ਮੀਟਰ ਥ੍ਰੋਅ ਨਾਲ ਚਾਂਦੀ ਤਗਮਾ ਹਾਸਲ ਕੀਤਾ। ਇਸ ਈਵੈਂਟ 'ਚ ਭਾਰਤ ਨੇ ਦੋ ਤਗਮੇ ਆਪਣੇ ਨਾਮ ਕੀਤੇ। ਸ੍ਰੀਲੰਕਾ ਦੇ ਹੇਰਾਥ ਮੁਦੀਆਨਸੈਲਾਜੇ ਨੇ ਵਿਸ਼ਵ ਰਿਕਾਰਡ ਬਣਾਉਦੇ ਹੋਏ 69.79 ਦਾ ਥ੍ਰੋਅ ਕਰਕੇ ਸੋਨ ਤਗਮਾ ਜਿੱਤਿਆ। ਦੋ ਵਾਰ ਦੇ ਵਿਸ਼ਵ ਚੈਂਪੀਅਨ ਸੋਨ ਤਗਮਾ ਜੇਤੂ ਸੁੰਦਰ ਨੇ ਕਾਂਸੀ ਜਿੱਤਿਆ। ਉਸ ਨੇ ਪਹਿਲੀ ਕੋਸ਼ਿਸ਼ 'ਚ 62.26 ਮੀਟਰ ਦੀ ਥ੍ਰੋਅ ਨਾਲ ਸ਼ੁਰੂਆਤ ਕੀਤੀ, ਪਰ ਆਪਣੀ 5ਵੀਂ ਕੋਸ਼ਿਸ਼ 'ਚ ਉਨ੍ਹਾਂ ਨੇ 64.01 ਮੀਟਰ ਦਾ ਥ੍ਰੋਅ ਕਰ ਕੇ ਕਾਂਸੀ ਤਗਮਾ ਆਪਣੇ ਨਾਮ ਕੀਤਾ। ਭਾਰਤ ਦੇ ਇਕ ਹੋਰ ਨੇਜ਼ਾਬਾਜ਼ ਅਥਲੀਟ ਅਜੀਤ ਸਿੰਘ ਇਸ ਈਵੈਂਟ 'ਚ 56.15 ਦਾ ਸਕੋਰ ਕਰ ਕੇ 8ਵੇਂ ਸਥਾਨ 'ਤੇ ਰਹੇ। ਭਾਰਤ ਨੇ ਟੋਕੀਓ ਪੈਰਾਲੰਪਿਕ 'ਚ ਹੁਣ ਤੱਕ 2 ਸੋਨ, 4 ਚਾਂਦੀ ਤੇ 2 ਕਾਂਸੀ ਤਗਮੇ ਆਪਣੀ ਝੋਲੀ ਪਵਾਏ ਹਨ।