ਕਾਬੁਲ ਹਵਾਈ ਅੱਡੇ 'ਤੇ ਦਾਗੇ ਰਾਕਟ
ਕਾਬੁਲ ਹਵਾਈ ਅੱਡੇ 'ਤੇ ਦਾਗੇ ਰਾਕਟ
ਅਮਰੀਕਾ ਨੇ ਹਮਲੇ ਨੂੰ ਕੀਤਾ ਨਾਕਾਮ
ਅੰਮ੍ਰਿਤਸਰ (ਕਾਫ਼ਲਾ ਬਿਓਰੋ)-ਅਫ਼ਗਾਨਿਸਤਾਨ ਦੇ ਕਾਬੁਲ 'ਚ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ ਅੱਤਵਾਦੀਆਂ ਵਲੋਂ ਅੱਜ ਸਵੇਰੇ 5 ਰਾਕੇਟ ਹਮਲੇ ਕੀਤੇ ਗਏ। ਇਹ ਰਾਕੇਟ ਖ਼ੁਰਸ਼ੀਦ ਪ੍ਰਾਈਵੇਟ ਯੂਨੀਵਰਸਿਟੀ ਦੇ ਨੇੜੇ ਸਲੀਮ ਕਾਰਵਾਂ ਖੇਤਰ 'ਚ ਦਾਗੇ ਗਏ। ਹਵਾਈ ਅੱਡੇ ਨੂੰ ਤਬਾਹ ਕਰਨ ਲਈ ਦਾਗੇ ਇਨ੍ਹਾਂ ਰਾਕੇਟਾਂ ਨੂੰ ਰੋਕਣ ਲਈ ਅਮਰੀਕੀ ਹਵਾਈ ਰੱਖਿਆ ਪ੍ਰਣਾਲੀ ਢਾਲ ਸਾਬਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਨੇ ਕਾਬੁਲ ਹਵਾਈ ਅੱਡੇ 'ਤੇ ਇਹ ਮਿਜ਼ਾਈਲ ਵਿਰੋਧੀ ਪ੍ਰਣਾਲੀ (ਸੀ-ਰੈਮ) ਤਾਇਨਾਤ ਕੀਤੀ ਹੋਈ ਹੈ। ਇਸ ਅਮਰੀਕੀ ਰੱਖਿਆ ਪ੍ਰਣਾਲੀ ਨੇ ਅੱਤਵਾਦੀਆਂ ਵਲੋਂ ਦਾਗੇ ਰਾਕੇਟਾਂ ਨੂੰ ਹਵਾ 'ਚ ਹੀ ਨਸ਼ਟ ਕਰ ਦਿੱਤਾ। ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐਸ.) ਨੇ ਰਾਕੇਟ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਆਈ. ਐਸ. ਨੇ ਕਿਹਾ ਕਿ ਉਸ ਨੇ ਕਾਬੁਲ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ ਘੱਟੋ ਘੱਟ ਛੇ ਰਾਕੇਟ ਦਾਗੇ ਸਨ। ਅੱਤਵਾਦੀ ਸੰਗਠਨ ਦੀ ਮੀਡੀਆ ਇਕਾਈ ਅਮਾਕ ਨਿਊਜ਼ ਏਜੰਸੀ ਨੇ ਹਮਲੇ ਦੀ ਜ਼ਿੰਮੇਵਾਰੀ ਸਬੰਧੀ ਦਾਅਵੇ ਕੀਤੇ, ਹਾਲਾਂਕਿ ਉਸ ਨੇ ਹਮਲੇ ਸਬੰਧੀ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ। ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਗੋਲੀਬਾਰੀ ਕੌਣ ਕਰ ਰਿਹਾ ਸੀ। ਰਾਕੇਟ ਹਮਲੇ 'ਚ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ। ਇਸ ਦੌਰਾਨ ਹਵਾਈ ਅੱਡੇ ਤੋਂ ਉਡਾਣਾਂ ਦਾ ਆਉਣਾ-ਜਾਣਾ ਜਾਰੀ ਰਿਹਾ। ਹਮਲਾਵਰ ਕਾਬੁਲ ਕੌਮਾਂਤਰੀ ਹਵਾਈ ਅੱਡੇ 'ਤੇ ਅਮਰੀਕੀ ਫ਼ੌਜੀ ਨਿਕਾਸੀ ਮੁਹਿੰਮ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਹੁਣ ਅਮਰੀਕਾ ਦੇ ਕਾਬੁਲ ਤੋਂ ਨਿਕਲਣ ਲਈ ਸਿਰਫ਼ ਕੁਝ ਘੰਟੇ ਹੀ ਬਾਕੀ ਬਚੇ ਹਨ ਅਤੇ ਅਮਰੀਕੀ ਫ਼ੌਜਾਂ ਨੂੰ ਉਥੇ ਲਗਾਤਾਰ ਭਿਆਨਕ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕੀ ਫ਼ੌਜਾਂ ਨੂੰ ਕਾਬੁਲ ਹਵਾਈ ਅੱਡਾ ਛੱਡਣ ਲਈ 31 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਹੈ। ਅਮਰੀਕੀ ਸੈਨਾ ਦੀ ਕੇਂਦਰੀ ਕਮਾਨ ਦੇ ਬੁਲਾਰੇ ਕੈਪਟਨ ਬਿਲ ਅਰਬਨ ਨੇ ਦੱਸਿਆ ਕਿ ਹਮਲੇ 'ਚ ਅਮਰੀਕਾ ਦੇ ਕਿਸੇ ਵੀ ਨਾਗਰਿਕ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਹੈ। ਅਮਰੀਕੀ ਰੱਖਿਆ ਪ੍ਰਣਾਲੀ ਨੇ ਰਾਕੇਟਾਂ ਨੂੰ ਤਬਾਹ ਕਰ ਦਿੱਤਾ।
ਅੱਤਵਾਦੀਆਂ ਨੇ ਇਹ ਹਮਲਾ ਅਜਿਹੇ ਸਮੇਂ ਕੀਤਾ ਹੈ ਜਦੋਂ ਇਕ ਦਿਨ ਪਹਿਲਾਂ ਅਮਰੀਕਾ ਨੇ ਡਰੋਨ ਹਮਲੇ ਨਾਲ ਆਈ. ਐਸ. ਆਈ. ਐਸ. ਅੱਤਵਾਦੀਆਂ ਦੀ ਕਾਰ ਨੂੰ ਨਿਸ਼ਾਨਾ ਬਣਾਇਆ ਸੀ। ਇਸ ਹਮਲੇ 'ਚ ਕਈ ਅੱਤਵਾਦੀਆਂ ਤੋਂ ਇਲਾਵਾ 9 ਨਾਗਰਿਕ ਵੀ ਮਾਰੇ ਗਏ ਹਨ। ਮਾਰੇ ਗਏ ਲੋਕਾਂ 'ਚ ਇਕੋ ਪਰਿਵਾਰ ਦੇ ਛੇ ਬੱਚੇ ਸ਼ਾਮਿਲ ਹਨ। ਹਾਲਾਂਕਿ, ਇਸ ਘਟਨਾ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਆਈ. ਐਸ. ਆਈ. ਐਸ. ਵਿਰੁੱਧ ਕਾਰਵਾਈ ਸਵਾਲਾਂ ਦੇ ਘੇਰੇ 'ਚ ਆ ਗਈ ਹੈ। ਇਸਲਾਮਿਕ ਅਮੀਰਾਤ ਆਫ਼ ਅਫ਼ਗਾਨਿਸਤਾਨ ਨੇ ਟਵੀਟ ਕਰਕੇ ਮਾਰੇ ਗਏ ਮਾਸੂਮ ਬੱਚਿਆਂ ਲਈ ਅਮਰੀਕੀ ਰਾਸ਼ਟਰਪਤੀ ਨੂੰ ਜ਼ਿੰਮੇਵਾਰ ਦੱਸਿਆ ਹੈ। ਇਸ ਟਵੀਟ ਦੇ ਨਾਲ ਹੀ ਮਾਰੇ ਗਏ ਬੱਚਿਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਡਬਲਿਊ. ਐਚ. ਓ. ਦੀ ਅਪੀਲ 'ਤੇ ਵਿਸ਼ੇਸ਼ ਹਵਾਈ ਜਹਾਜ਼ ਪੀ. ਆਈ. ਏ. ਦੁਆਰਾ ਖਾਣ-ਪੀਣ ਦੀਆਂ ਜ਼ਰੂਰੀ ਵਸਤੂਆਂ ਅੱਜ ਸਵੇਰੇ ਮਜ਼ਾਰ-ਏ-ਸ਼ਰੀਫ਼ ਪ੍ਰਾਂਤ ਦੇ ਲੋਕਾਂ ਲਈ ਭੇਜੀਆਂ ਗਈਆਂ। ਜਿੱਥੇ ਭੁੱਖਮਰੀ ਦੇ ਨਾਲ-ਨਾਲ ਬਿਨ੍ਹਾ ਇਲਾਜ ਦੇ ਲੋਕ ਮਰ ਰਹੇ ਹਨ। ਉੱਧਰ ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਅਫ਼ਗਾਨ ਰਾਸ਼ਟਰਪਤੀ ਨੂੰ 15 ਅਗਸਤ ਤੋਂ ਬਾਅਦ ਦੇਸ਼ 'ਚ ਫੈਲੀ ਅਰਾਜਕਤਾ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਉਨ੍ਹਾਂ ਨੇ ਅਚਾਨਕ ਸਰਕਾਰ ਛੱਡ ਕੇ ਗ਼ਲਤੀ ਕੀਤੀ। ਬੁਲਾਰੇ ਨੇ ਦੱਸਿਆ ਕਿ 15 ਅਗਸਤ ਨੂੰ ਜਦੋਂ ਤਾਲਿਬਾਨ ਕਾਬੁਲ 'ਚ ਸ਼ਾਂਤੀਪੂਰਨ ਢੰਗ ਨਾਲ ਸੱਤਾ ਪਰਿਵਰਤਨ ਕਰਨ ਲਈ ਅੱਗੇ ਵਧ ਰਹੇ ਸਨ ਅਤੇ ਤਾਲਿਬਾਨ ਲੜਾਕੇ ਕਾਬੁਲ ਦੇ ਬਾਹਰ ਇੰਤਜ਼ਾਰ ਕਰ ਰਹੇ ਸਨ ਤਾਂ ਅਚਾਨਕ ਅਸ਼ਰਫ਼ ਗਨੀ ਦੇਸ਼ ਛੱਡ ਕੇ ਭੱਜ ਗਏ। ਉਨ੍ਹਾਂ ਨੇ ਕਿਹਾ ਕਿ ਗਨੀ ਦੇ ਅਚਾਨਕ ਸੱਤਾ ਛੱਡਣ ਨਾਲ ਖ਼ਲਾਅ ਪੈਦਾ ਹੋ ਗਿਆ ਅਤੇ ਵੱਖ-ਵੱਖ ਥਾਵਾਂ 'ਤੇ ਗੋਲੀਬਾਰੀ, ਲੁੱਟਮਾਰ ਵਰਗੀਆਂ ਘਟਨਾਵਾਂ ਵਾਪਰੀਆਂ। ਅਸ਼ਰਫ਼ ਗਨੀ ਦੇ ਆਪਣੇ ਨਾਲ ਵੱਡੀ ਰਕਮ ਲੈ ਕੇ ਭੱਜਣ ਦੇ ਸਵਾਲ 'ਤੇ ਬੁਲਾਰੇ ਨੇ ਕਿਹਾ ਕਿ ਜੇਕਰ ਉਹ ਕੋਈ ਵੀ ਅਜਿਹੀ ਚੀਜ਼ ਆਪਣੇ ਨਾਲ ਲੈ ਕੇ ਗਏ ਹਨ ਜੋ ਉਨ੍ਹਾਂ ਦੀ ਨਹੀਂ ਹੈ, ਤਾਂ ਉਹ ਉਨ੍ਹਾਂ ਨੂੰ ਅਫ਼ਗਾਨਿਸਤਾਨ ਨੂੰ ਵਾਪਸ ਕਰ ਦੇਣੀ ਚਾਹੀਦੀ ਹੈ। ਜਦਕਿ ਅਫ਼ਗਾਨਿਸਤਾਨ ਦੇ ਸਰਕਾਰੀ ਖ਼ਜ਼ਾਨੇ 'ਚੋਂ 12 ਅਰਬ ਰੁਪਏ ਲੈ ਕੇ ਫ਼ਰਾਰ ਹੋਣ ਦੇ ਦੋਸ਼ੀ ਅਸ਼ਰਫ਼ ਗਨੀ, ਜੋ ਕਿ ਇਸ ਵੇਲੇ ਸੰਯੁਕਤ ਅਰਬ ਅਮੀਰਾਤ ਪਹੁੰਚੇ ਹੋਏ ਹਨ, ਨੇ ਇਕ ਵੀਡੀਓ ਸੰਦੇਸ਼ 'ਚ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ।