‘ਸਾਰੀਆਂ ਧਿਰਾਂ’ ਤਾਲਿਬਾਨ ਨਾਲ ਰਾਬਤਾ ਕਰਨ ਅਤੇ ‘ਸੇਧ ਦੇਣ’: ਚੀਨ

‘ਸਾਰੀਆਂ ਧਿਰਾਂ’ ਤਾਲਿਬਾਨ ਨਾਲ ਰਾਬਤਾ ਕਰਨ ਅਤੇ ‘ਸੇਧ ਦੇਣ’: ਚੀਨ

‘ਸਾਰੀਆਂ ਧਿਰਾਂ’ ਤਾਲਿਬਾਨ ਨਾਲ ਰਾਬਤਾ ਕਰਨ ਅਤੇ ‘ਸੇਧ ਦੇਣ’: ਚੀਨ
ਪੇਈਚਿੰਗ (ਕਾਫ਼ਲਾ ਬਿਓਰੋ)-ਚੀਨ ਨੇ ਅੱਜ ਅਮਰੀਕਾ ਨੂੰ ਕਿਹਾ ਕਿ ਅਫ਼ਗਾਨਿਸਤਾਨ ਦੀ ਸਥਿਤੀ ਵਿਚ ਵੱਡਾ ਬਦਲਾਅ ਆਇਆ ਹੈ ਤੇ ਇਹ ਜ਼ਰੂਰੀ ਹੈ ਕਿ ‘ਸਾਰੀਆਂ ਧਿਰਾਂ’ ਤਾਲਿਬਾਨ ਨਾਲ ਰਾਬਤਾ ਰੱਖਣ ਤੇ ‘ਸਰਗਰਮ ਹੋ ਕੇ ਇਸ ਨੂੰ ਸੇਧ ਦੇਣ।’ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ ਅਮਰੀਕੀ ਫ਼ੌਜ ਦੇ ਨਿਕਲਣ ਮਗਰੋਂ ਅਤਿਵਾਦੀ ਸੰਗਠਨਾਂ ਨੂੰ ਉੱਥੇ ਸਿਰ ਚੁੱਕਣ ਦਾ ਮੌਕਾ ਮਿਲ ਸਕਦਾ ਹੈ। ਚੀਨ ਦੇ ਵਿਦੇਸ਼ ਮੰਤਰੀ ਨੇ ਇਸ ਬਾਰੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਫੋਨ ਉਤੇ ਗੱਲਬਾਤ ਕੀਤੀ ਹੈ। ਵਾਂਗ ਨੇ ਕਿਹਾ ਕਿ ਅਮਰੀਕਾ ਨੂੰ ਖਾਸ ਤੌਰ ’ਤੇ ਕੌਮਾਂਤਰੀ ਭਾਈਚਾਰੇ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਹੈ ਤਾਂ ਕਿ ਅਫ਼ਗਾਨਿਸਤਾਨ ਨੂੰ ਬੇਹੱਦ ਲੋੜੀਂਦੀ ਆਰਥਿਕ ਤੇ ਹੋਰ ਸਹਾਇਤਾ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰੀ ਇਕਾਈਆਂ ਚਲਾਉਣ ਲਈ, ਸਮਾਜਿਕ ਸੁਰੱਖਿਆ ਤੇ ਸਥਿਰਤਾ ਬਹਾਲ ਕਰਨ ਲਈ, ਮਹਿੰਗਾਈ ’ਤੇ ਕਾਬੂ ਰੱਖਣ ਲਈ ਅਫ਼ਗਾਨ ਲੋਕਾਂ ਦੀ ਮਦਦ ਕਰਨੀ ਪਵੇਗੀ ਨਹੀਂ ਤਾਂ ਵੱਡਾ ਮਨੁੱਖੀ ਸੰਕਟ ਬਣ ਸਕਦਾ ਹੈ। ਵਾਂਗ ਨੇ ਬਲਿੰਕਨ ਨੂੰ ਕਿਹਾ ਕਿ ਇਹ ਫੇਰ ਤੋਂ ਸਾਬਿਤ ਹੋ ਗਿਆ ਹੈ ਕਿ ਅਫ਼ਗਾਨਿਸਤਾਨ ਦੀ ਜੰਗ ਨਾਲ ਅਤਿਵਾਦੀ ਸੰਗਠਨਾਂ ਨੂੰ ਖ਼ਤਮ ਕਰਨ ਦਾ ਮਕਸਦ ਪੂਰਾ ਨਹੀਂ ਹੋ ਸਕਿਆ ਹੈ। ਅਮਰੀਕੀ ਤੇ ਨਾਟੋ ਫ਼ੌਜਾਂ ਦੇ ਕਾਹਲੀ ਨਾਲ ਉੱਥੋਂ ਨਿਕਲਣ ਕਾਰਨ ਵੱਖ-ਵੱਖ ਅਤਿਵਾਦੀ ਸੰਗਠਨ ਅਫ਼ਗਾਨਿਸਤਾਨ ਵਿਚ ਲਾਮਬੰਦ ਹੋ ਰਹੇ ਹਨ। ਵਾਂਗ ਨੇ ਕਿਹਾ ਕਿ ਅਮਰੀਕਾ ਨੂੰ ਅਫ਼ਗਾਨਿਸਤਾਨ ਵਿਚ ਅਤਿਵਾਦ ਤੇ ਹਿੰਸਾ ਨਾਲ ਨਜਿੱਠਣ ਲਈ ਮਦਦ ਦੇਣੀ ਪਏਗੀ। ਅਤਿਵਾਦ ਖ਼ਿਲਾਫ਼ ਚੋਣਵੇਂ ਢੰਗ ਨਾਲ ਨਜਿੱਠਣ ਲਈ ਅਮਰੀਕਾ ਦੋਹਰੇ ਮਿਆਰ ਨਹੀਂ ਅਪਣਾ ਸਕਦਾ। ਅਮਰੀਕਾ ਤੇ ਚੀਨ ਦੇ ਰਿਸ਼ਤਿਆਂ ਬਾਰੇ ਗੱਲਬਾਤ ਕਰਦਿਆਂ ਚੀਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਸੰਵਾਦ, ਟਕਰਾਅ ਨਾਲੋਂ ਬਿਹਤਰ ਹੈ। ਸਹਿਯੋਗ ਹੀ ਬਿਹਤਰ ਬਦਲ ਹੈ। ਉਨ੍ਹਾਂ ਕਿਹਾ ਕਿ ਪੇਈਚਿੰਗ ਪ੍ਰਤੀ ਵਾਸ਼ਿੰਗਟਨ ਜਿਸ ਤਰ੍ਹਾਂ ਦਾ ਰਵੱਈਆ ਰੱਖੇਗਾ, ਉਸੇ ਦੇ ਆਧਾਰ ਉਤੇ ਅਮਰੀਕਾ ਨਾਲ ਤਾਲਮੇਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਅਮਰੀਕਾ ਦੁਵੱਲੇ ਰਿਸ਼ਤਿਆਂ ਨੂੰ ਮੁੜ ਸਹੀ ਰਾਹ ਉਤੇ ਲਿਆਉਣਾ ਚਾਹੁੰਦਾ ਹੈ ਤਾਂ ਇਸ ਨੂੰ ਚੀਨ ਉਤੇ ਨਿਸ਼ਾਨਾ ਸੇਧਣਾ ਬੰਦ ਕਰਨਾ ਪਏਗਾ। ਰੂਸ ਤੇ ਪਾਕਿਸਤਾਨ ਦੇ ਨਾਲ ਚੀਨ ਆਪਣਾ ਦੂਤਾਵਾਸ ਕਾਬੁਲ ਵਿਚ ਖੁੁੱਲ੍ਹਾ ਰੱਖ ਰਿਹਾ ਹੈ। ਅਫ਼ਗਾਨਿਸਤਾਨ ਵਿਚ ਚੀਨ ਦੇ ਰਾਜਦੂਤ ਵਾਂਗ ਯੂ ਨੇ ਤਾਲਿਬਾਨ ਨਾਲ ਪਹਿਲੀ ਰਸਮੀ ਮੁਲਾਕਾਤ ਵੀ ਕਰ ਲਈ ਹੈ।

Radio Mirchi