ਤਾਲਿਬਾਨ ਦਾ ਜਸ਼ਨ; 20 ਸਾਲ ਬਾਅਦ ਅਮਰੀਕਾ ਦਾ ਮਿਸ਼ਨ ਅਫ਼ਗਾਨਿਸਤਾਨ ਖ਼ਤਮ

ਤਾਲਿਬਾਨ ਦਾ ਜਸ਼ਨ; 20 ਸਾਲ ਬਾਅਦ ਅਮਰੀਕਾ ਦਾ ਮਿਸ਼ਨ ਅਫ਼ਗਾਨਿਸਤਾਨ ਖ਼ਤਮ

 ਤਾਲਿਬਾਨ ਦਾ ਜਸ਼ਨ; 20 ਸਾਲ ਬਾਅਦ ਅਮਰੀਕਾ ਦਾ ਮਿਸ਼ਨ ਅਫ਼ਗਾਨਿਸਤਾਨ ਖ਼ਤਮ
ਅੰਮਿ੍ਤਸਰ (ਕਾਫ਼ਲਾ ਬਿਓਰੋ)-ਅਮਰੀਕਾ ਨੇ ਤਾਲਿਬਾਨ ਨਾਲ ਹੋਏ ਸਮਝੌਤੇ ਤਹਿਤ 31 ਅਗਸਤ ਤੱਕ ਆਪਣੀਆਂ ਫ਼ੌਜਾਂ ਨੂੰ ਅਫ਼ਗਾਨਿਸਤਾਨ 'ਚੋਂ ਕੱਢਣ ਦੇ ਆਪਣੇ ਵਾਅਦੇ ਨੂੰ ਅੱਜ ਪੂਰਾ ਕਰ ਦਿੱਤਾ ਅਤੇ ਅੱਜ ਅੱਧੀ ਰਾਤ ਨੂੰ ਕਾਬੁਲ ਦੇ ਹਵਾਈ ਅੱਡੇ ਤੋਂ ਆਪਣੀਆਂ ਫ਼ੌਜਾਂ ਨਾਲ ਆਖ਼ਰੀ ਉਡਾਣ ਭਰੀ | ਇਸ ਦੇ ਨਾਲ ਹੀ 20 ਸਾਲਾਂ ਤੋਂ ਅਫ਼ਗਾਨਿਸਤਾਨ ਵਿਚ ਅਮਰੀਕਾ ਵਲੋਂ ਸ਼ੁਰੂ ਕੀਤੀ ਜੰਗ ਵੀ ਖ਼ਤਮ ਹੋ ਗਈ | ਆਖ਼ਰੀ ਅਮਰੀਕੀ ਉਡਾਣ ਭਰਨ ਤੋਂ ਇਕ ਘੰਟੇ ਬਾਅਦ ਉੱਥੇ ਮੌਜੂਦ ਤਾਲਿਬਾਨ ਨੇ ਗੋਲੀਆਂ ਚਲਾ ਕੇ 'ਆਜ਼ਾਦੀ' ਦਾ ਜਸ਼ਨ ਮਨਾਇਆ ਅਤੇ ਲਗਪਗ ਦਿਨ ਦਾ ਚੜ੍ਹਾਅ ਹੋਣ ਤੱਕ ਆਕਾਸ਼ 'ਚ ਆਤਿਸ਼ਬਾਜ਼ੀ ਹੁੰਦੀ ਰਹੀ | ਪ੍ਰਾਪਤ ਜਾਣਕਾਰੀ ਅਨੁਸਾਰ ਤਾਲਿਬਾਨ ਨੇ ਕਾਬੁਲ ਹਵਾਈ ਅੱਡੇ 'ਤੇ ਕਬਜ਼ਾ ਕਰਨ ਉਪਰੰਤ ਆਪਣੇ ਸੰਗਠਨ ਦੇ ਝੰਡੇ ਲਹਿਰਾਏ ਅਤੇ ਜਿੱਤ ਦੇ ਨਾਅਰੇ ਲਗਾਏ | ਇਸ ਬਾਰੇ ਜਾਰੀ ਹੋਈਆਂ ਵੀਡੀਓਜ਼ 'ਚ ਤਾਲਿਬਾਨ ਕਾਬੁਲ ਹਵਾਈ ਅੱਡੇ 'ਤੇ ਹੈਂਗਰ ਦੇ ਅੰਦਰ ਘੁੰਮਦੇ ਹੋਏ ਅਤੇ ਚਿਨੂਕ ਹੈਲੀਕਾਪਟਰਾਂ ਦੀ ਜਾਂਚ ਕਰਦੇ ਵੇਖੇ ਗਏ | ਤਾਲਿਬਾਨ ਨੇ ਅਮਰੀਕੀ ਸੈਨਿਕਾਂ ਦੀ ਵਾਪਸੀ ਨੂੰ 'ਇਤਿਹਾਸਕ ਪਲ' ਦੱਸਦਿਆਂ ਕਿਹਾ ਕਿ ਅਫ਼ਗਾਨਿਸਤਾਨ ਹੁਣ ਪੂਰੀ ਤਰ੍ਹਾਂ 'ਆਜ਼ਾਦ' ਹੋ ਗਿਆ ਹੈ | ਤਾਲਿਬਾਨ ਦੇ ਚੋਟੀ ਦੇ ਨੇਤਾ ਅਨਸ ਹੱਕਾਨੀ ਨੇ ਪੁਸ਼ਟੀ ਕੀਤੀ ਕਿ ਅਮਰੀਕੀ ਫ਼ੌਜ ਵੱਡੀ ਮਾਤਰਾ 'ਚ ਹਥਿਆਰ ਅਤੇ ਫ਼ੌਜੀ ਯੰਤਰ ਹਵਾਈ ਅੱਡੇ 'ਤੇ ਛੱਡ ਗਈ ਹੈ | ਇਹ ਵੀ ਜਾਣਕਾਰੀ ਮਿਲੀ ਹੈ ਕਿ ਅਫ਼ਗਾਨਿਸਤਾਨ ਛੱਡਣ ਤੋਂ ਪਹਿਲਾਂ ਅਮਰੀਕੀ ਫ਼ੌਜ ਨੇ ਕਾਬੁਲ ਹਵਾਈ ਅੱਡੇ 'ਤੇ ਹੈਂਗਰ 'ਚ ਖੜ੍ਹੇ 73 ਹੈਲੀਕਾਪਟਰਾਂ, 27 ਫ਼ੌਜੀ ਟਰੱਕਾਂ ਅਤੇ ਉੱਚ ਤਕਨੀਕੀ ਰਾਕਟ ਰੱਖਿਆ ਪ੍ਰਣਾਲੀ ਨੂੰ ਖ਼ਰਾਬ ਕਰ ਦਿੱਤਾ ਤੇ ਇਹ ਹੁਣ ਚਲਾਉਣਯੋਗ ਨਹੀਂ ਰਹੇ | ਦੱਸਿਆ ਜਾ ਰਿਹਾ ਹੈ ਕਿ ਅਮਰੀਕੀ 70 ਐਮ. ਆਰ. ਏ. ਪੀ. ਬਖ਼ਤਰਬੰਦ ਵਾਹਨ ਵੀ ਕਾਬੁਲ 'ਚ ਛੱਡ ਗਏ ਹਨ, ਜਿਨ੍ਹਾਂ ਦੀ ਕੀਮਤ ਪ੍ਰਤੀ ਵਾਹਨ 10 ਲੱਖ ਡਾਲਰ ਹੈ | ਆਪਣੇ ਵਾਅਦੇ ਮੁਤਾਬਿਕ ਅਮਰੀਕਾ ਨੇ 30 ਤਰੀਕ ਰਾਤ ਦੇ 12 ਵੱਜਣ ਅਤੇ 31 ਤਰੀਕ ਹੋਣ ਤੋਂ ਪਹਿਲਾਂ ਅਮਰੀਕੀ ਫ਼ੌਜ ਦੇ ਟਰਾਂਸਪੋਰਟ ਜਹਾਜ਼ ਸੀ-17 ਨੇ ਉਡਾਣ ਭਰੀ ਅਤੇ 24 ਘੰਟੇ ਪਹਿਲਾਂ ਹੀ ਅਫ਼ਗਾਨਿਸਤਾਨ ਛੱਡ ਦਿੱਤਾ | ਹੁਣ ਅਫ਼ਗਾਨਿਸਤਾਨ ਪੂਰੀ ਤਰ੍ਹਾਂ ਤਾਲਿਬਾਨਾਂ ਕੋਲ ਆ ਗਿਆ ਹੈ | ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਫ਼ੌਜਾਂ ਦੀ ਅਫ਼ਗਾਨਿਸਤਾਨ ਤੋਂ ਵਾਪਸੀ ਦੇ ਨਾਲ ਹੀ 20 ਸਾਲਾਂ ਤੋਂ ਚਲਦੇ ਯੁੱਧ ਦੀ ਸਮਾਪਤੀ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਮੈਂ ਵਿਦੇਸ਼ ਮੰਤਰੀ ਨੂੰ ਕਿਹਾ ਹੈ ਕਿ ਉਹ ਅੰਤਰਰਾਸ਼ਟਰੀ ਭਾਈਚਾਰੇ ਨਾਲ ਨਿਰੰਤਰ ਤਾਲਮੇਲ ਰੱਖਣ ਤਾਂ ਜੋ ਅਫ਼ਗਾਨਿਸਤਾਨ ਵਿਚ ਰਹਿੰਦੇ ਕੁਝ ਅਮਰੀਕੀ ਅਤੇ ਉਨ੍ਹਾਂ ਦੇ ਹਮਾਇਤੀ ਅਫ਼ਗਾਨ ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾ ਸਕੇ | ਵਾਈਟ ਹਾਊਸ ਵਲੋਂ ਜਾਰੀ ਬਿਆਨ ਵਿਚ ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਜਿਹੜੇ ਕੁਝ ਅਮਰੀਕੀ ਅਜੇ ਵੀ ਅਫ਼ਗਾਨਿਸਤਾਨ 'ਚ ਰਹਿ ਗਏ ਹਨ, ਉਨ੍ਹਾਂ ਨੂੰ ਕੂਟਨੀਤੀ ਨਾਲ ਲਿਆਂਦਾ ਜਾਵੇਗਾ | ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅਫ਼ਗਾਨਿਸਤਾਨ ਵਿਚ ਅਮਰੀਕਾ ਦੀ ਅੱਗੇ ਦੀ ਸ਼ਮੂਲੀਅਤ ਦੀ ਰੂਪ-ਰੇਖਾ ਦੀ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਹੁਣ ਇਕ ਨਵਾਂ ਅਧਿਆਏ ਸ਼ੁਰੂ ਹੋਇਆ ਹੈ | ਅਸੀਂ ਆਪਣੀ ਕੂਟਨੀਤੀ ਨਾਲ ਅੱਗੇ ਵਧਾਂਗੇ | ਬਲਿੰਕਨ ਨੇ ਕਿਹਾ ਕਿ ਕਾਬੁਲ ਵਿਚ ਅਮਰੀਕੀ ਦੂਤਘਰ ਹੁਣ ਬੰਦ ਹੋ ਗਿਆ ਹੈ ਅਤੇ ਹੁਣ ਨਵਾਂ ਦੂਤਘਰ ਕਤਰ 'ਚ ਹੋਵੇਗਾ ਅਤੇ ਉਥੋਂ ਹੀ ਕੌਂਸਲਰ ਕੰਮ ਕਰਨਗੇ ਤੇ ਸਾਰੀਆਂ ਸੇਵਾਵਾਂ ਪ੍ਰਦਾਨ ਕਰਨਗੇ | ਬਲਿੰਕਨ ਨੇ ਕਿਹਾ ਸ਼ਾਇਦ 100 ਦੇ ਨੇੜੇ ਅਮਰੀਕੀ ਨਾਗਰਿਕ ਤੇ ਅਮਰੀਕਾ ਦੇ ਸਹਿਯੋਗੀ ਵਜੋਂ ਕੰਮ ਕਰਨ ਵਾਲੇ ਕਿੰਨੇ ਹੀ ਅਫ਼ਗਾਨ ਲੋਕ ਹਨ, ਜਿਨ੍ਹਾਂ ਨੇ ਅਫ਼ਗਾਨ ਛੱਡਣਾ ਹੈ | ਬਲਿੰਕਨ ਨੇ ਉਨ੍ਹਾਂ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਪ੍ਰਤੀ ਸਾਡੀ ਵਚਨਬੱਧਤਾ ਹੈ ਅਤੇ ਅਸੀਂ ਉਨ੍ਹਾਂ ਦੀ ਹਰ ਹਾਲਾਤ ਵਿਚ ਮਦਦ ਕਰਾਂਗੇ | ਉਨ੍ਹਾਂ ਕਿਹਾ ਕਿ ਤੁਰਕੀ ਅਤੇ ਕਤਰ ਦੀ ਮਦਦ ਨਾਲ ਕਾਬੁਲ ਹਵਾਈ ਅੱਡੇ ਨੂੰ ਮੁੜ ਖੋਲ੍ਹਣ ਦਾ ਯਤਨ ਹੋ ਰਿਹਾ ਹੈ | ਅਸੀਂ ਅਫ਼ਗਾਨਿਸਤਾਨ ਦੇ ਲੋਕਾਂ ਦੀ ਮਦਦ ਕਰਦੇ ਰਹਾਂਗੇ | ਤਾਲਿਬਾਨ ਦੇ ਕਹਿਣ 'ਤੇ ਨਹੀਂ ਬਲਕਿ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਣ ਲਈ |
ਪੰਜਸ਼ੀਰ ਘਾਟੀ 'ਚ ਕੀਤੇ ਹਮਲੇ ਦੌਰਾਨ 8 ਤਾਲਿਬਾਨੀ ਹਮਲਾਵਰ ਹਲਾਕ
ਉੱਧਰ ਤਾਲਿਬਾਨ ਵਲੋਂ ਪੰਜਸ਼ੀਰ ਘਾਟੀ ਦੇ ਜਾਬੁਲ ਸਿਰਾਜ ਇਲਾਕੇ 'ਚ ਕੀਤੇ ਹਮਲੇ ਦੌਰਾਨ ਹੋਈ ਆਹਮਣੇ-ਸਾਹਮਣੇ ਦੀ ਭਿਆਨਕ ਲੜਾਈ 'ਚ 8 ਤਾਲਿਬਾਨ ਅੱਤਵਾਦੀਆਂ ਦੇ ਮਾਰੇ ਜਾਣ ਦੀ ਜਾਣਕਾਰੀ ਮਿਲੀ ਹੈ | ਅਫ਼ਗਾਨਿਸਤਾਨ ਦੇ ਰਾਸ਼ਟਰੀ ਵਿਰੋਧ ਮੋਰਚੇ ਦੇ ਵਿਦੇਸ਼ੀ ਮਾਮਲਿਆਂ ਦੇ ਮੁਖੀ ਅਲੀ ਮਾਈਸਮ ਨਾਜ਼ਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੰਜਸ਼ੀਰ 'ਚ ਅਹਿਮਦ ਮਸੂਦ ਦੀ ਅਗਵਾਈ 'ਚ ਉੱਤਰੀ ਗੱਠਜੋੜ ਫ਼ੌਜ ਨੇ ਹਮਲਾਵਰਾਂ ਨੂੰ ਪਿੱਛੇ ਧੱਕ ਦਿੱਤਾ ਹੈ | ਨਾਜ਼ਰੀ ਨੇ ਕਿਹਾ ਕਿ ਪੰਜਸ਼ੀਰ ਦੇ ਦੱਖਣੀ ਹਿੱਸਿਆਂ 'ਚ ਬੀਤੀ ਰਾਤ ਹੋਈ ਲੜਾਈ 'ਚ ਫ਼ੌਜ ਦੀ ਅਗਵਾਈ ਅਹਿਮਦ ਮਸੂਦ ਨੇ ਕੀਤੀ | ਪੰਜਸ਼ੀਰ ਘਾਟੀ 'ਚ ਤਾਲਿਬਾਨ ਵਿਰੁੱਧ ਬਗ਼ਾਵਤ ਦਾ ਐਲਾਨ ਕਰਨ ਵਾਲੇ ਤਾਜਿਕ ਆਗੂ ਅਹਿਮਦ ਮਸੂਦ ਦੇ ਨਜ਼ਦੀਕੀਆਂ ਨੇ ਦੱਸਿਆ ਕਿ ਤਾਲਿਬਾਨ ਨੇ ਅੱਜ ਸ਼ਾਮ ਪੰਜਸ਼ੀਰ ਘਾਟੀ 'ਚ ਉਨ੍ਹਾਂ ਦੀ ਇਕ ਚੌਕੀ 'ਤੇ ਮੁੜ ਤੋਂ ਵੱਡਾ ਹਮਲਾ ਕੀਤਾ, ਪਰ ਪੰਜਸ਼ੀਰ ਦੇ ਲੜਾਕਿਆਂ ਨੇ ਤਾਲਿਬਾਨ ਦੇ ਇਸ ਹਮਲੇ ਨੂੰ ਨਾਕਾਮ ਕਰ ਦਿੱਤਾ | ਹਾਲਾਂਕਿ, ਦੋਵੇਂ ਧਿਰਾਂ ਵਿਚਾਲੇ ਹਲਕੇ ਪੱਧਰ 'ਤੇ ਗੋਲੀਬਾਰੀ ਅਜੇ ਵੀ ਜਾਰੀ ਹੈ | ਤਾਲਿਬਾਨ ਨੇ ਅਜੇ ਇਸ ਹਮਲੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ | ਦੱਸਣਯੋਗ ਹੈ ਕਿ ਤਾਲਿਬਾਨ ਨੇ ਪੰਜਸ਼ੀਰ ਘਾਟੀ ਨੂੰ ਤਿੰਨ ਪਾਸਿਆਂ ਤੋਂ ਘੇਰਿਆ ਹੋਇਆ ਹੈ ਤੇ ਘਾਟੀ ਦੀਆਂ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਅਹਿਮਦ ਮਸੂਦ ਦੇ ਸਮਰਥਕ ਦੁਨੀਆ ਨਾਲ ਸੰਪਰਕ ਨਾ ਕਰ ਸਕਣ | ਸਾਬਕਾ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਵੀ ਪੰਜਸ਼ੀਰ ਦੀ ਘਾਟੀ 'ਚ ਡਟੇ ਹੋਏ ਹਨ ਤੇ ਇਥੋਂ ਉਨ੍ਹਾਂ ਨੇ ਤਾਲਿਬਾਨ ਵਿਰੁੱਧ ਜੰਗ ਦਾ ਐਲਾਨ ਕੀਤਾ ਹੋਇਆ ਹੈ |
ਅਮਰੀਕੀ ਸੈਨਿਕਾਂ ਦੇ ਮਦਦਗਾਰਾਂ ਨੂੰ ਤਾਲਿਬਾਨ ਨੇ ਕੀਤਾ ਤਲਬ
ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜਾਂ ਦੀ ਵਾਪਸੀ ਦੇ ਨਾਲ ਹੀ ਤਾਲਿਬਾਨ ਨੇ ਆਪਣੇ ਅਸਲੀ ਰੰਗ ਵਿਖਾਉਂਦਿਆਂ ਅਮਰੀਕੀ ਸੈਨਿਕਾਂ ਨੂੰ ਸਹਿਯੋਗ ਦੇਣ ਵਾਲੇ ਅਫ਼ਗਾਨ ਨਾਗਰਿਕਾਂ ਨੂੰ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਹੈ | ਲੋਕਾਂ ਨੂੰ ਧਮਕੀ ਦਿੱਤੀ ਗਈ ਹੈ ਕਿ ਜੇਕਰ ਉਹ ਅੱਗੇ ਨਹੀਂ ਆਏ ਤਾਂ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ | ਉਕਤ ਹੁਕਮਾਂ ਦੇ ਚੱਲਦਿਆਂ ਨਵੇਂ ਤਾਲਿਬਾਨ ਸ਼ਾਸਨ ਨੇ ਉਨ੍ਹਾਂ ਅਫ਼ਗਾਨ ਨਾਗਰਿਕਾਂ ਦੇ ਭਵਿੱਖ ਨੂੰ ਖ਼ਤਰੇ 'ਚ ਪਾ ਦਿੱਤਾ ਹੈ, ਜਿਨ੍ਹਾਂ ਨੇ 20 ਸਾਲਾਂ ਦੀ ਲੜਾਈ 'ਚ ਵਿਦੇਸ਼ੀ ਫ਼ੌਜਾਂ ਦੀ ਮਦਦ ਕੀਤੀ ਸੀ |
ਤਾਲਿਬਾਨ ਨੇ ਅਮਰੀਕੀ ਅਨੁਵਾਦਕ ਨੂੰ ਹੈਲੀਕਾਪਟਰ 'ਤੇ ਲਟਕਾਇਆ
ਅਫ਼ਗਾਨਿਸਤਾਨ 'ਚ 20 ਸਾਲ ਬਾਅਦ ਵਾਪਸੀ ਕਰਨ ਵਾਲਾ ਤਾਲਿਬਾਨ ਖੁਦ ਨੂੰ ਬਦਲਿਆ ਹੋਇਆ ਤਾਲਿਬਾਨ ਹੋਣ ਦਾ ਦਾਅਵਾ ਕਰ ਰਿਹਾ ਹੈ ਪਰ ਸੱਚਾਈ ਬਿਲਕੁਲ ਅਲੱਗ ਹੈ ਤੇ ਉਸ ਦੇ ਜ਼ੁਲਮ ਦੀਆਂ ਖੌਫ਼ਨਾਕ ਤਸਵੀਰਾਂ ਸਾਹਮਣੇ ਆਉਣ ਲੱਗੀਆਂ ਹਨ | ਤਾਲਿਬਾਨ ਦੇ ਜ਼ੁਲਮ ਦਾ ਇਕ ਨਵਾਂ ਵੀਡੀਓ ਸਾਹਮਣੇ ਆਇਆ ਹੈ | ਜਿਸ ਵਿਚ ਉਡਦੇ ਹੈਲੀਕਾਪਟਰ 'ਤੇ ਇਕ ਵਿਅਕਤੀ ਨੂੰ ਲਟਕਾਇਆ ਹੋਇਆ ਦੇਖਿਆ ਜਾ ਸਕਦਾ ਹੈ | ਤਾਲਿਬਾਨ ਨੇ ਅਮਰੀਕੀ ਅਨੁਵਾਦਕ ਨੂੰ ਉੱਡਦੇ ਹੈਲੀਕਾਪਟਰ ਨਾਲ ਲਟਕਾ ਦਿੱਤਾ | ਜਿਸ ਹੈਲੀਕਾਪਟਰ 'ਤੇ ਵਿਅਕਤੀ ਨੂੰ ਲਟਕਾਇਆ ਗਿਆ, ਇਹ ਯੂ. ਐਚ.-60 ਬਲੈਕ ਹਾਕ ਹੈਲੀਕਾਪਟਰ ਸੀ, ਜੋ ਕਿ ਅਮਰੀਕਾ ਨੇ ਅਫ਼ਗਾਨਿਸਤਾਨ ਸੈਨਾ ਨੂੰ ਦਿੱਤਾ ਸੀ |

Radio Mirchi