ਦੋਹਾ 'ਚ ਤਾਲਿਬਾਨੀ ਆਗੂ ਨਾਲ ਭਾਰਤੀ ਰਾਜਦੂਤ ਦੀ ਪਹਿਲੀ ਮੀਟਿੰਗ
ਦੋਹਾ 'ਚ ਤਾਲਿਬਾਨੀ ਆਗੂ ਨਾਲ ਭਾਰਤੀ ਰਾਜਦੂਤ ਦੀ ਪਹਿਲੀ ਮੀਟਿੰਗ
ਨਵੀਂ ਦਿੱਲੀ (ਕਾਫ਼ਲਾ ਬਿਓਰੋ)-ਆਪਣੀ ਪਹਿਲੇ ਰਸਮੀ ਅਤੇ ਜਨਤਕ ਤੌਰ 'ਤੇ ਕੀਤੇ ਸੰਪਰਕ 'ਚ ਕਤਰ 'ਚ ਭਾਰਤੀ ਰਾਜਦੂਤ ਦੀਪਕ ਮਿੱਤਲ ਨੇ ਮੰਗਲਵਾਰ ਨੂੰ ਤਾਲਿਬਾਨੀ ਆਗੂ ਸ਼ੇਰ ਮੁਹੰਮਦ ਅੱਬਾਸ ਸਤਾਨੇਕਜ਼ਈ ਨਾਲ ਦੋਹਾ 'ਚ ਮੁਲਾਕਾਤ ਕੀਤੀ ਤੇ ਉਸ ਨੂੰ ਭਾਰਤ ਦੀ ਚਿੰਤਾ ਤੋਂ ਜਾਣੂ ਕਰਵਾਇਆ ਕਿ ਅਫ਼ਗਾਨਿਸਤਾਨ ਦੀ ਧਰਤੀ ਦੀ ਵਰਤੋਂ ਭਾਰਤ ਵਿਰੋਧੀ ਸਰਗਰਮੀਆਂ ਅਤੇ ਅੱਤਵਾਦ ਲਈ ਨਹੀਂ ਹੋਣੀ ਚਾਹੀਦੀ | ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰਾਜਦੂਤ ਮਿੱਤਲ ਨੇ ਮੀਟਿੰਗ ਦੌਰਾਨ ਭਾਰਤ ਦੀ ਚਿੰਤਾ ਦਾ ਪ੍ਰਗਟਾਵਾ ਕੀਤਾ ਕਿ ਅਫ਼ਗਾਨਿਸਤਾਨ ਦੀ ਧਰਤੀ ਨੂੰ ਕਿਸੇ ਵੀ ਤਰਾਂ ਭਾਰਤ ਵਿਰੋਧੀ ਸਰਗਰਮੀਆਂ ਅਤੇ ਅੱਤਵਾਦ ਲਈ ਨਹੀਂ ਵਰਤਿਆ ਜਾਣਾ ਚਾਹੀਦਾ | ਮੰਤਰਾਲੇ ਨੇ ਕਿਹਾ ਕਿ ਚਰਚਾ ਅਫ਼ਗਾਨਿਸਤਾਨ 'ਚ ਫਸੇ ਭਾਰਤੀਆਂ ਦੀ ਸੁਰੱਖਿਆ ਅਤੇ ਛੇਤੀ ਵਾਪਸੀ ਦੇ ਨਾਲ-ਨਾਲ ਭਾਰਤ ਆਉਣ ਦੇ ਇੱਛੁਕ ਅਫ਼ਗਾਨ ਨਾਗਰਿਕਾਂ, ਖ਼ਾਸ ਤੌਰ 'ਤੇ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਦੀ ਯਾਤਰਾ 'ਤੇ ਕੇਂਦਰਿਤ ਸੀ | ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਤਾਲਿਬਾਨੀ ਆਗੂ ਨੇ ਮਿੱਤਲ ਨੂੰ ਭਰੋਸਾ ਦਿੱਤਾ ਕਿ ਇਨ੍ਹਾਂ ਮੁੱਦਿਆਂ ਨੂੰ ਸਕਾਰਾਤਮਕ ਤਰੀਕੇ ਨਾਲ ਹੱਲ ਕੀਤਾ ਜਾਵੇਗਾ | ਇਹ ਮੀਟਿੰਗ ਤਾਲਿਬਾਨ ਦੀ ਬੇਨਤੀ 'ਤੇ ਅਤੇ ਕਾਬੁਲ 'ਤੇ ਤਾਲਿਬਾਨ ਦਾ ਕਬਜ਼ਾ ਹੋ ਜਾਣ ਦੇ ਦੋ ਹਫ਼ਤਿਆਂ ਬਾਅਦ ਦੋਹਾ 'ਚ ਭਾਰਤ ਦੀ ਅੰਬੈਸੀ ਵਿਖੇ ਹੋਈ | ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ 'ਚ ਕਿਹਾ ਕਿ ਅੱਜ ਕਤਰ 'ਚ ਭਾਰਤ ਦੇ ਰਾਜਦੂਤ ਦੀਪਕ ਮਿੱਤਲ ਨੇ ਤਾਲਿਬਾਨ ਦੇ ਦੋਹਾ 'ਚ ਸਿਆਸੀ ਦਫ਼ਤਰ ਦੇ ਮੁਖੀ ਸ਼ੇਰ ਮੁਹੰਮਦ ਅੱਬਾਸ ਸਤਾਨੇਕਜ਼ਈ ਨਾਲ ਮੁਲਾਕਾਤ ਕੀਤੀ | ਅਫ਼ਗਾਨਿਸਤਾਨ 'ਚ ਭਾਰਤ ਦੇ ਸੰਬੰਧਾਂ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਇਹ ਘੱਟੋ ਘੱਟ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ 'ਚ ਦੋਵੇਂ ਧਿਰਾਂ ਵਿਚਾਲੇ ਪਹਿਲੀ ਵਾਰ ਜਨਤਕ ਤੌਰ 'ਤੇ ਸੰਪਰਕ ਹੋਇਆ ਹੈ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਪਿਛਲੇ ਕਈ ਮਹੀਨਿਆਂ 'ਚ ਇਕ ਸਵਾਲ ਕਿ ਕੀ ਭਾਰਤ ਨੇ ਤਾਲਿਬਾਨ ਤੱਕ ਪਹੁੰਚ ਅਪਣਾਈ ਹੈ, ਦਾ ਜਵਾਬ ਦਿੰਦਿਆਂ ਕਹਿੰਦੇ ਰਹੇ ਹਨ ਕਿ ਨਵੀਂ ਦਿੱਲੀ ਸਾਰੀਆਂ ਧਿਰਾਂ ਨਾਲ ਸੰਪਰਕ 'ਚ ਹੈ | ਪਤਾ ਲੱਗਾ ਹੈ ਕਿ ਭਾਰਤ ਨੇ ਤਾਲਿਬਾਨ ਨਾਲ ਗੱਲਬਾਤ ਲਈ ਰਸਤਾ ਖੋਲਿ੍ਹਆ ਸੀ ਪਰ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਸੀ | ਮਿੱਤਲ ਅਤੇ ਸਤਾਨੇਕਜ਼ਈ ਦਰਮਿਆਨ ਮੀਟਿੰਗ ਅਫ਼ਗਾਨਿਸਤਾਨ 'ਚੋਂ ਅਮਰੀਕਾ ਦੇ 20 ਸਾਲ ਤੱਕ ਚੱਲੇ ਯੁੱਧ ਦੇ ਬਾਅਦ ਵਾਪਸ ਚਲੇ ਜਾਣ ਦੇ ਕੁੱਝ ਘੰਟਿਆਂ ਬਾਅਦ ਹੋਈ ਹੈ | ਸਨਿਚਰਵਾਰ ਨੂੰ ਸਤਾਨੇਕਜ਼ਈ ਨੇ ਸਾਫ਼ ਤੌਰ 'ਤੇ ਭਾਰਤ ਨੂੰ ਖੇਤਰ 'ਚ ਇਕ ਮਹੱਤਵਪੂਰਨ ਦੇਸ਼ ਕਰਾਰ ਦਿੱਤਾ ਤੇ ਕਿਹਾ ਕਿ ਤਾਲਿਬਾਨ ਭਾਰਤ ਨਾਲ ਅਫ਼ਗਾਨਿਸਤਾਨ ਦੇ ਵਪਾਰਕ, ਆਰਥਿਕ ਤੇ ਸਿਆਸੀ ਸਬੰਧਾਂ ਨੂੰ ਬਣਾਈ ਰੱਖਣਾ ਚਾਹੁੰਦਾ ਹੈ |