ਨਿਊਯਾਰਕ ਦੇ ਮੇਅਰ ਬਿਲ ਡੀ ਬਲਾਸੀਓ ਨੇ ਸਮਾਗਮ 'ਚ ਸ਼ਾਮਿਲ ਹੋ ਕੇ ਸਜਾਈ ਦਸਤਾਰ
ਨਿਊਯਾਰਕ ਦੇ ਮੇਅਰ ਬਿਲ ਡੀ ਬਲਾਸੀਓ ਨੇ ਸਮਾਗਮ 'ਚ ਸ਼ਾਮਿਲ ਹੋ ਕੇ ਸਜਾਈ ਦਸਤਾਰ
ਸਾਨ ਫਰਾਂਸਿਸਕੋ (ਕਾਫ਼ਲਾ ਬਿਓਰੋ)-ਨਿਊਯਾਰਕ ਦੇ ਮੇਅਰ ਬਿਲ ਡੀ ਬਲਾਸੀਓ ਨੇ ਸਿੱਖ ਕਲਚਰਲ ਸੁਸਾਇਟੀ ਸਾਊਥ ਰਿਚਮੰਡ ਹਿੱਲ ਸਿੱਖ ਸੰਗਤ ਵਲੋਂ ਕਰਵਾਏ ਸਮਾਗਮ 'ਚ ਸ਼ਾਮਿਲ ਹੋ ਕੇ ਦਸਤਾਰ ਸਜਾਈ | ਇਹ ਸਿੱਖ ਸੰਗਤ ਲਈ ਕਾਫੀ ਅਹਿਮ ਪਲ ਸੀ ਕਿਉਂਕਿ ਤਿੰਨ ਦਹਾਕਿਆਂ ਬਾਅਦ ਕੋਈ ਮੇਅਰ ਆਪਣੇ ਸਿਰ 'ਤੇ ਦਸਤਾਰ ਸਜਾਉਣ ਵਾਲਾ ਸੀ | ਇਸ ਤੋਂ ਪਹਿਲਾਂ ਡੇਵਿਡ ਡਿੰਕਿਨਸ ਨਿਊਯਾਰਕ ਸਿਟੀ ਦੇ ਆਖਰੀ ਮੇਅਰ ਸਨ, ਜਿਨਾਂ ਨੇ 1992 'ਚ ਪੱਗ ਬੰਨੀ ਸੀ | ਦੱਸਣਯੋਗ ਹੈ ਕਿ ਸਿੱਖ ਕਲਚਰਲ ਸੁਸਾਇਟੀ ਦੇ ਪਬਲਿਕ ਪਾਲਿਸੀ ਅਤੇ ਬਾਹਰੀ ਮਾਮਲਿਆਂ ਦੇ ਚੇਅਰਮੈਨ ਹਰਪ੍ਰੀਤ ਸਿੰਘ ਤੂਰ ਦਾ ਮੇਅਰ ਬਿਲ ਡੀ. ਬਲਾਸੀਓ ਨੂੰ ਸਿੱਖ ਕਲਚਰਲ ਸੁਸਾਇਟੀ ਵਿਚ ਬੁਲਾਉਣ ਅਤੇ ਉਨ੍ਹਾਂ ਦੇ ਸਿਰ 'ਤੇ ਦਸਤਾਰ ਸਜਾਉਣ ਵਿਚ ਵਿਸ਼ੇਸ਼ ਯੋਗਦਾਨ ਹੈ | ਸ੍ਰ. ਤੂਰ ਨੇ ਹੀ ਸਿੱਖਾਂ ਨੂੰ ਆਪਣੇ ਧਾਰਮਿਕ ਚਿੰਨ ਪਹਿਨ ਨੇ ਸਰਕਾਰੀ ਨੌਕਰੀ ਕਰਨ ਦੀ ਆਗਿਆ ਲੈ ਕੇ ਦੇਣ ਦੇ ਸੰਘਰਸ਼ ਵਿਚ ਵੀ ਵੱਡੀ ਭੂਮਿਕਾ ਨਿਭਾਈ ਸੀ | ਮੇਅਰ ਬਿਲ ਡੀ ਬਲਾਸੀਓ ਨੇ ਦਸਤਾਰ ਸਜਾਉਣ ਉਪਰੰਤ ਕਿਹਾ ਕਿ ਉਹ ਮਾਣ ਮਹਿਸੂਸ ਕਰ ਰਹੇ ਹਨ ਤੇ ਉਹ ਉਸ ਭਾਈਚਾਰੇ ਦੇ ਸਮਾਗਮ ਵਿਚ ਸ਼ਾਮਿਲ ਹੋਏ ਹਨ ਜਿਹੜੇ ਜ਼ੁਲਮ ਖ਼ਿਲਾਫ਼ ਖੜਨ ਦੇ ਨਾਲ-ਨਾਲ ਸ਼ਾਂਤੀ ਦੀ ਅਰਦਾਸ ਵੀ ਕਰਦਾ ਹੈ |