ਅਫ਼ਗਾਨ ਛੱਡਣ ਤੋਂ ਪਹਿਲਾਂ ਬਾਈਡਨ ਨੇ ਗਨੀ ਨਾਲ ਬਾਅਦ ਦੇ ਹਾਲਾਤ 'ਤੇ ਕੀਤੀ ਸੀ ਚਰਚਾ
ਅਫ਼ਗਾਨ ਛੱਡਣ ਤੋਂ ਪਹਿਲਾਂ ਬਾਈਡਨ ਨੇ ਗਨੀ ਨਾਲ ਬਾਅਦ ਦੇ ਹਾਲਾਤ 'ਤੇ ਕੀਤੀ ਸੀ ਚਰਚਾ
ਸਾਨ ਫਰਾਂਸਿਸਕੋ (ਕਾਫ਼ਲਾ ਬਿਓਰੋ)-ਅਫ਼ਗਾਨਿਸਤਾਨ 'ਚੋਂ ਫੌਜਾਂ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਹਮਰੁਤਬਾ ਅਫ਼ਗਾਨ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਬਾਅਦ ਦੇ ਹਾਲਾਤ ਉੱਪਰ ਫੌਜੀ ਸਹਾਇਤਾ, ਰਾਜਨੀਤਿਕ ਰਣਨੀਤੀ ਅਤੇ ਸੰਦੇਸ਼ ਦੇਣ ਦੀ ਰਣਨੀਤੀ ਬਾਰੇ ਵਿਚਾਰ ਚਰਚਾ ਕੀਤੀ ਸੀ ਪਰ ਦੋਵਾਂ ਨੇ ਤਾਲਿਬਾਨ ਦੇ ਤੇਜ਼ੀ ਨਾਲ ਅਫ਼ਗਾਨਿਸਤਾਨ ਉੱਤੇ ਕਾਬਜ਼ ਹੋਣ ਬਾਰੇ ਸ਼ੰਕਾ ਜ਼ਾਹਿਰ ਨਹੀਂ ਕੀਤੀ | ਦੋਵਾਂ ਨੇ 23 ਜੁਲਾਈ ਨੂੰ ਲਗਪਗ 14 ਮਿੰਟ ਗੱਲਬਾਤ ਕੀਤੀ | 15 ਅਗਸਤ ਨੂੰ ਗਨੀ ਰਾਸ਼ਟਰਪਤੀ ਭਵਨ ਤੋਂ ਭੱਜ ਗਿਆ ਸੀ ਅਤੇ ਤਾਲਿਬਾਨ ਕਾਬੁਲ 'ਚ ਦਾਖਲ ਹੋ ਗਿਆ ਸੀ | ਬਾਈਡਨ ਨੇ ਅਫ਼ਗਾਨ ਰਾਸ਼ਟਪਤੀ ਗਨੀ ਨੂੰ ਸਲਾਹ ਦਿੱਤੀ ਸੀ ਕਿ ਉਹ ਅੱਗੇ ਜਾ ਕੇ ਫੌਜੀ ਰਣਨੀਤੀ ਲਈ ਸ਼ਕਤੀਸ਼ਾਲੀ ਅਫ਼ਗਾਨਾਂ ਨੂੰ ਆਪਣੇ ਨਾਲ ਜੋੜਨ ਅਤੇ ਇਸ ਯਤਨ ਦਾ ਇੰਚਾਰਜ ਰੱਖਿਆ ਮੰਤਰੀ ਜਨਰਲ ਬਿਸਮਿੱਲਾ ਖ਼ਾਨ ਮੁਹੰਮਦੀ ਨੂੰ ਬਣਾਇਆ ਜਾਵੇ | ਬਾਈਡਨ ਨੇ ਅਫ਼ਗਾਨ ਹਥਿਆਰਬੰਦ ਬਲਾਂ ਦੀ ਸ਼ਲਾਘਾ ਵੀ ਕੀਤੀ ਸੀ ਜਿਨ੍ਹਾਂ ਨੂੰ ਅਮਰੀਕਾ ਦੁਆਰਾ ਸਿਖਲਾਈ, ਫੰਡ ਅਤੇ ਹਥਿਆਰ ਦਿੱਤੇ ਗਏ ਸਨ | ਉਨ੍ਹਾਂ ਇਹ ਵੀ ਕਿਹਾ ਸੀ ਕਿ ਤੁਹਾਡੇ ਕੋਲ ਸਪੱਸ਼ਟ ਤੌਰ 'ਤੇ ਸਭ ਤੋਂ ਵਧੀਆ ਫੌਜ ਹੈ | ਤੁਹਾਡੇ ਕੋਲ 70-80,000 ਦੇ ਮੁਕਾਬਲੇ 3,00000 ਵਧੀਆ ਹਥਿਆਰਬੰਦ ਫੌਜਾਂ ਹਨ |