ਗ੍ਰਾਹਮ ਸ਼ਾਰਟ ਨੇ ਸੂਈ ਦੇ ਨੱਕੇ 'ਚ ਮੂਲਮੰਤਰ ਅਤੇ ਸੂਈ ਪਿੰਨ ਦੀ ਟੋਪੀ 'ਤੇ ਸ੍ਰੀ ਦਰਬਾਰ ਸਾਹਿਬ ਦੇ ਚਿੱਤਰ ਉਕਾਰੇ
ਗ੍ਰਾਹਮ ਸ਼ਾਰਟ ਨੇ ਸੂਈ ਦੇ ਨੱਕੇ 'ਚ ਮੂਲਮੰਤਰ ਅਤੇ ਸੂਈ ਪਿੰਨ ਦੀ ਟੋਪੀ 'ਤੇ ਸ੍ਰੀ ਦਰਬਾਰ ਸਾਹਿਬ ਦੇ ਚਿੱਤਰ ਉਕਾਰੇ
ਲੰਡਨ (ਕਾਫ਼ਲਾ ਬਿਓਰੋ)-ਸਿੱਖ ਧਰਮ ਤੋਂ ਪ੍ਰਭਾਵਿਤ ਯੂ. ਕੇ. ਦੇ ਮਸ਼ਹੂਰ ਮਾਈਕਰੋ ਚਿੱਤਰਕਾਰ ਗ੍ਰਾਹਮ ਸ਼ਾਰਟ ਨੇ ਸੂਈ ਦੇ ਨੱਕੇ 'ਚ ਮੂਲ ਮੰਤਰ ਅਤੇ ਸੂਈ ਪਿੰਨ ਦੀ ਛੋਟੀ ਟੋਪੀ 'ਤੇ ਸ੍ਰੀ ਦਰਬਾਰ ਸਾਹਿਬ ਦੇ ਚਿੱਤਰ ਉਕਾਰੇ ਹਨ | 'ਅਜੀਤ' ਨਾਲ ਗੱਲ ਕਰਦਿਆਂ ਗ੍ਰਾਹਮ ਸ਼ਾਰਟ ਨੇ ਕਿਹਾ ਕਿ ਉਨ੍ਹਾਂ ਨੂੰ ਸੂਈ ਦੇ ਨੱਕੇ 'ਚ ਮੂਲ ਮੰਤਰ ਉਕਾਰਨ ਲਈ ਤਿੰਨ ਮਹੀਨੇ ਅਤੇ ਸ੍ਰੀ ਦਰਬਾਰ ਸਾਹਿਬ ਦੇ ਚਿੱਤਰ ਨੂੰ ਉਕਾਰਨ ਲਈ 4 ਮਹੀਨੇ ਦਾ ਸਮਾਂ ਲੱਗਾ | ਉਹ ਯੂ. ਕੇ. ਦੇ ਸ਼ਾਹੀ ਮਹੱਲ, 10 ਡਾਊਨਿੰਗ ਸਟਰੀਟ ਅਤੇ ਸੰਸਦ ਸਮੇਤ ਕਈ ਮਹੱਤਵਪੂਰਨ ਥਾਵਾਂ ਲਈ ਵੀ ਕੰਮ ਕਰਦਾ ਹੈ | ਉਨ੍ਹਾਂ ਕਿਹਾ ਉਹ ਅਮਰੀਕਾ ਦੇ ਨਿਊਓਲੀਨਜ਼ 'ਚ ਆਏ ਹੜ੍ਹ ਮੌਕੇ ਸਿੱਖ ਭਾਈਚਾਰੇ ਵਲੋਂ ਗੁਰਦੁਆਰਾ ਸਾਹਿਬ ਅਤੇ ਸਿੱਖਾਂ ਦੀ ਸੰਭਾਲ ਦੇ ਨਾਲ-ਨਾਲ ਹੋਰ ਭਾਈਚਾਰਿਆਂ ਦੀ ਵੀ ਮਦਦ ਕਰਦਿਆਂ ਵੇਖ ਕੇ ਉਹ ਬਹੁਤ ਪ੍ਰਭਾਵਿਤ ਹੋਇਆ | ਖਾਸ ਗੱਲ ਇਹ ਹੈ ਕਿ ਗ੍ਰਾਹਮ ਵਲੋਂ ਬਣਾਏ ਇਨ੍ਹਾਂ ਚਿੱਤਰਾਂ ਨੂੰ ਸਿਰਫ ਮਾਈਕਰੋਸਕੋਪ ਰਾਹੀਂ ਹੀ ਵੇਖਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਉਹ ਯੂ. ਕੇ. ਦੇ ਵੱਖ-ਵੱਖ ਗੁਰੂ ਘਰਾਂ 'ਚ ਜਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਹਨ | ਇੱਥੇ ਹੀ ਬੱਸ ਨਹੀਂ ਗ੍ਰਾਹਮ ਨੇ ਯੂ. ਕੇ. ਦੇ 5 ਪੌਂਡ ਦੇ ਨੋਟ 'ਤੇ ਲੱਗੇ ਲੋਗੋ 'ਤੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਚਿੱਤਰ ਬਣਾਇਆ ਹੈ, ਜੋ ਉਨ੍ਹਾਂ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ | ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਲਗਾਈ ਪ੍ਰਦਰਸ਼ਨੀ ਮੌਕੇ ਗ੍ਰਾਹਮ ਦੀ ਕਲਾ ਦਾ ਨਮੂਨੇ ਵੇਖ ਕੇ ਸਿੱਖ ਭਾਈਚਾਰਾ ਬਹੁਤ ਖੁਸ਼ ਹੋਇਆ |