ਪੰਜਸ਼ੀਰ ਵਾਦੀ: ਤਾਲਿਬਾਨ ਲੜਾਕਿਆਂ ਤੇ ਬਾਗ਼ੀਆਂ ਵਿਚਾਲੇ ਲੜਾਈ ਜਾਰੀ
ਪੰਜਸ਼ੀਰ ਵਾਦੀ: ਤਾਲਿਬਾਨ ਲੜਾਕਿਆਂ ਤੇ ਬਾਗ਼ੀਆਂ ਵਿਚਾਲੇ ਲੜਾਈ ਜਾਰੀ
ਕਾਬੁਲ (ਕਾਫ਼ਲਾ ਬਿਓਰੋ) -ਅਫ਼ਗਾਨਿਸਤਾਨ ਦੀ ਪੰਜਸ਼ੀਰ ਵਾਦੀ ਵਿੱਚ ਤਾਲਿਬਾਨੀ ਲੜਾਕਿਆਂ ਤੇ ਸਥਾਨਕ ਆਗੂ ਅਹਿਮਦ ਮਸੂਦ ਦੇ ਵਫ਼ਾਦਾਰ ਲੜਾਕਿਆਂ ਦਰਮਿਆਨ ਟਕਰਾਅ ਅੱਜ ਵੀ ਜਾਰੀ ਰਿਹਾ। ਦੋਵਾਂ ਧਿਰਾਂ ਨੇ ਪਿਛਲੇ ਕੁਝ ਦਿਨਾਂ ਤੋਂ ਜਾਰੀ ਲੜਾਈ ਵਿੱਚ ਖ਼ੁਦ ਨੂੰ ਵੱਡਾ ਨੁਕਸਾਨ ਹੋਣ ਦੀ ਗੱਲ ਕਬੂਲੀ ਹੈ। ਕਾਬਿਲੇਗੌਰ ਹੈ ਕਿ ਪੰਜਸ਼ੀਰ ਵਾਦੀ ਅਫ਼ਗ਼ਾਨਿਸਤਾਨ ਦਾ ਇਕੋ ਇਕ ਇਲਾਕਾ ਹੈ, ਜੋ ਅਜੇ ਤੱਕ ਤਾਲਿਬਾਨ ਦੀ ਗ੍ਰਿਫ਼ਤ ਵਿੱਚ ਨਹੀਂ ਆਇਆ। ਿੲਸ ਦੌਰਾਨ ਮਸੂਦ ਨੇ ਕਿਹਾ ਕਿ ਤਾਲਿਬਾਨ ਓਨਾ ਮਜ਼ਬੂਤ ਨਹੀਂ ਹੈ ਜਿੰਨਾ ਲੋਕ ਉਸ ਨੂੰ ਸਮਝਦੇ ਹਨ।
ਪਿਛਲੇ ਮਹੀਨੇ 15 ਅਗਸਤ ਨੂੰ ਅਫ਼ਗ਼ਾਨ ਰਾਜਧਾਨੀ ਕਾਬੁਲ ’ਤੇ ਤਾਲਿਬਾਨੀ ਲੜਾਕਿਆਂ ਦੇ ਕਬਜ਼ੇ ਮਗਰੋਂ ਸਥਾਨਕ ਮਿਲੀਸ਼ੀਆ ਦੇ ਹਜ਼ਾਰਾਂ ਲੜਾਕੇ ਤੇ ਅਫ਼ਗ਼ਾਨ ਫੌਜ ਤੇ ਸਲਾਮਤੀ ਦਸਤਿਆਂ ਦੀਆਂ ਬਚੀਆਂ ਖੁਚੀਆਂ ਇਕਾਈਆਂ ਤਾਲਿਬਾਨ ਲੜਾਕਿਆਂ ਦੇ ਟਾਕਰੇ ਲਈ ਪੰਜਸ਼ੀਰ ਵਿੱਚ ਇਕੱਠੀਆਂ ਹੋ ਗਈਆਂ ਸਨ। ਪੰਜਸ਼ੀਰ ਵਾਦੀ ਦੀ ਬਣਤਰ ਢਲਾਣ ਵਾਲੀ ਹੋਣ ਕਰਕੇ ਬਾਹਰਲੇ ਪਾਸਿਓਂ ਹਮਲਾ ਕਰਨਾ ਥੋੜ੍ਹਾ ਔਖਾ ਹੋ ਜਾਂਦਾ ਹੈ। ਪੰਜਸ਼ੀਰ ’ਤੇ ਇਸ ਵੇਲੇ ਮੁਜਾਹਿਦੀਨ ਦੇ ਸਾਬਕਾ ਕਮਾਂਡਰ ਦੇ ਪੁੱਤ ਅਹਿਮਦ ਮਸੂਦ ਦਾ ਕਬਜ਼ਾ ਹੈ। ਤਾਲਿਬਾਨ ਦੇ ਤਰਜਮਾਨ ਜ਼ਬੀਉੱਲ੍ਹਾ ਮੁਜਾਹਿਦ ਨੇ ਦਾਅਵਾ ਕੀਤਾ ਕਿ ਲੜਾਕਿਆਂ ਨੇ ਪੰਜਸ਼ੀਰ ਵਿੱਚ ਦਾਖ਼ਲ ਹੋ ਕੇ ਕੁਝ ਖੇਤਰਾਂ ਨੂੰ ਆਪਣੇ ਕੰਟਰੋਲ ਵਿੱਚ ਲੈ ਲਿਆ ਹੈ। ਤਰਜਮਾਨ ਨੇ ਕਿਹਾ ਕਿ ਪੰਜਸ਼ੀਰ ਵਾਦੀ ਦੀ ਚਹੁੰ ਪਾਸਿਓਂ ਘੇਰਾਬੰਦੀ ਕੀਤੀ ਹੋਈ ਹੈ ਤੇ ਬਾਗ਼ੀਆਂ ਦੀ ਜਿੱਤ ਲਗਪਗ ਨਾਮੁਮਕਿਨ ਹੈ। ਹਾਲਾਂਕਿ ਅਫ਼ਗ਼ਾਨਿਸਤਾਨ ਦੇ ਕੌਮੀ ਰੈਜ਼ਿਸਟੈਂਸ ਫਰੰਟ(ਐੱਨਆਰਐੱਫਏ) ਦੇ ਬੁਲਾਰੇ ਨੇ ਕਿਹਾ ਕਿ ਪੰਜਸ਼ੀਰ ਵਾਦੀ ਦੇ ਸਾਰੇ ਲਾਂਘਿਆਂ ਤੇ ਦਾਖ਼ਲਾ ਪੁਆਇੰਟਾਂ ’ਤੇ ਉਸ ਦਾ ਕੰਟਰੋਲ ਹੈ ਤੇ ਤਾਲਿਬਾਨ ਦੇ ਕਬਜ਼ੇ ਵਿੱਚ ਗਏ ਸ਼ੋਤੁਲ ਜ਼ਿਲ੍ਹੇ ਨੂੰ ਵਾਪਸ ਹਾਸਲ ਕਰਨ ਲਈ ਯਤਨ ਜਾਰੀ ਹਨ। ਤਰਜਮਾਨ ਨੇ ਕਿਹਾ ਕਿ ਐੱਨਆਰਐੱਫਏ ਬਲਾਂ ਨੇ ਦੋਵਾਂ ਮੋਰਚਿਆਂ ’ਤੇ ਵੱਡੀ ਗਿਣਤੀ ਤਾਲਿਬਾਨਾਂ ਨੂੰ ਮਾਰ ਮੁਕਾਇਆ ਹੈ।
ਕਾਬੁਲ ਹਵਾਈ ਅੱਡਾ ਹਮਲੇ ਪਿੱਛੇ ਸਾਊਦੀ ਸ਼ਹਿਜ਼ਾਦੇ ਦਾ ਹੱਥ ਹੋਣ ਦੇ ਦੋਸ਼
ਨਵੀਂ ਦਿੱਲੀ:ਇਰਾਨ ਦੀ ਮਿਹਰ ਨਿਊਜ਼ ਨੇ ਇਕ ਸਾਊਦੀ ਬਾਗ਼ੀ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ 26 ਅਗਸਤ ਨੂੰ ਕਾਬੁਲ ਹਵਾਈ ਅੱਡੇ ’ਤੇ ਹਮਲੇ ਪਿੱਛੇ ਸਾਊਦੀ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਦੀ ਕਥਿਤ ਭੂਮਿਕਾ ਸੀ। ਇਸ ਬਾਗ਼ੀ ਮੁਤਾਬਕ ਬਿਨ ਸਲਮਾਨ ਦੇ ਦਫ਼ਤਰ ਤੇ ਮੰਤਰਾਲਿਆਂ ਵਿਚਲੇ ਸਾਊਦੀ ਸਰਕਾਰ ਨੇੜਲੇ ਸੂਤਰਾਂ ਨੇ ਸਾਊਦੀ ਸ਼ਹਿਜ਼ਾਦੇ ਵੱਲੋਂ ਇਸਲਾਮਿਕ ਸਟੇਟ (ਆਈਐੱਸਆਈਐੱਲ) ਨੂੰ ਹਮਾਇਤ ਦਿੱਤੇ ਜਾਣ ਦੀ ਪੁਸ਼ਟੀ ਕੀਤੀ ਹੈ। ਰਿਪੋਰਟ ਮੁਤਾਬਕ ਇਸੇ ਗਰੁੱਪ ਨੇ ਕਾਬੁਲ ਹਵਾਈ ਅੱਡੇ ’ਤੇ ਬੰਬਾਰੀ ਨੂੰ ਅੰਜਾਮ ਦਿੱਤਾ ਸੀ।