ਨਿਊਯਾਰਕ ਤੇ 5 ਹੋਰ ਰਾਜਾਂ 'ਚ ਤੂਫ਼ਾਨ ਨੇ ਮਚਾਈ ਤਬਾਹੀ, 46 ਮੌਤਾਂ
ਨਿਊਯਾਰਕ ਤੇ 5 ਹੋਰ ਰਾਜਾਂ 'ਚ ਤੂਫ਼ਾਨ ਨੇ ਮਚਾਈ ਤਬਾਹੀ, 46 ਮੌਤਾਂ
ਸਾਨ ਫਰਾਂਸਿਸਕੋ (ਕਾਫ਼ਲਾ ਬਿਓਰੋ)- ਨਿਊਯਾਰਕ ਤੇ ਨਿਊਜਰਸੀ ਸਮੇਤ ਅਮਰੀਕਾ ਦੇ 6 ਰਾਜਾਂ 'ਚ ਲਿਡਾ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ ਤੇ ਤੇਜ਼ ਪੈ ਰਹੀ ਬਾਰਿਸ਼ ਨੇ ਹਾਲਾਤ ਹੋਰ ਮੁਸ਼ਿਕਲ ਬਣਾ ਦਿੱਤੇ ਹਨ | ਜਿਨ੍ਹਾਂ 4 ਹੋਰ ਰਾਜਾਂ ਵਿਚ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ ਉਨ੍ਹਾਂ ਵਿਚ ਪੈਨਸਿਲਵੇਨੀਆ, ਮੈਰੀਲੈਂਡ, ਕੋਨੈਕਟੀਕਟ ਤੇ ਵਰਜੀਨੀਆ ਸ਼ਾਮਿਲ ਹਨ | ਤੂਫ਼ਾਨ ਦੀ ਲਪੇਟ 'ਚ ਆਉਣ ਨਾਲ ਪਿਛਲੇ ਦੋ ਦਿਨਾਂ ਦੌਰਾਨ 46 ਵਿਅਕਤੀ ਮਾਰੇ ਜਾ ਚੁੱਕੇ ਹਨ | ਨਿਊਜਰਸੀ ਵਿਚ ਸਭ ਤੋਂ ਵਧ 23 ਲੋਕਾਂ ਦੀ ਮੌਤ ਹੋਈ ਹੈ | ਨਿਊਯਾਰਕ ਵਿਚ 15, ਪੈਨਸਿਲਵੇਨੀਆ ਵਿਚ 6, ਮੈਰੀਲੈਂਡ ਤੇ ਕੋਨੈਕਟੀਕਟ ਵਿਚ 1-1 ਵਿਅਕਤੀ ਦੀ ਮੌਤ ਹੋਈ | ਨਿਊਯਾਰਕ ਦੇ ਹੇਠਲੇ ਖੇਤਰ ਦੀਆਂ ਸੜਕਾਂ ਦਰਿਆ ਦਾ ਰੂਪ ਧਾਰਨ ਕਰ ਗਈਆਂ ਤੇ ਇਮਾਰਤਾਂ ਦੇ ਤਹਿਖਾਨਿਆਂ ਵਿਚ ਪਾਣੀ ਭਰਨ ਦੇ ਨਾਲ-ਨਾਲ ਪਹਿਲੀ ਮੰਜ਼ਿਲ ਵੀ ਹੜ੍ਹ ਦੇ ਪਾਣੀ ਦੀ ਮਾਰ ਹੇਠ ਆ ਗਈ | ਨਿਊਯਾਰਕ ਦੇ ਮੌਸਮ ਸੇਵਾ ਦਫ਼ਤਰ ਨੇ ਹੰਗਾਮੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ | ਸੈਂਕੜੇ ਉਡਾਣਾਂ ਤੇ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ | ਲੰਘੇ ਐਤਵਾਰ ਲੋਇਸਿਆਨਾ ਵਿਚ ਤੂਫ਼ਾਨ ਨੇ ਰਫਤਾਰ ਫੜ ਲਈ ਸੀ ਤੇ 150 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ | ਲੁਇਸਿਆਨਾ, ਮਿਸੀਸਿਪੀ ਤੇ ਅਲਾਬਾਮਾ ਵਿਚ 9 ਮੌਤਾਂ ਹੜ੍ਹ ਤੇ ਕਾਰਬਨ ਮੋਨੋਆਕਸਾਈਡ ਗੈਸ ਚੜਨ ਨਾਲ ਹੋਈਆਂ ਹਨ | ਨਿਊਜਰਸੀ ਦੇ ਗਵਰਨਰ ਫਿਲ ਮਰਫੀ ਨੇ ਰਾਜ ਵਿਚ ਤੂਫ਼ਾਨ ਨਾਲ 23 ਮੌਤਾਂ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜ਼ਿਆਦਾਤਰ ਮੌਤਾਂ ਉਨ੍ਹਾਂ ਲੋਕਾਂ ਦੀਆਂ ਹੋਈਆਂ ਹਨ ਜੋ ਆਪਣੇ ਵਾਹਨਾਂ ਵਿਚ ਫਸ ਗਏ ਤੇ ਹੜ੍ਹ ਦਾ ਪਾਣੀ ਉਨ੍ਹਾਂ ਨੂੰ ਵਹਾਅ ਕੇ ਲੈ ਗਿਆ ਜਾਂ ਵਾਹਨ ਉਲਟ ਗਏ |