ਜਲ੍ਹਿਆਂਵਾਲਾ ਬਾਗ: ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਕੇਂਦਰ ਸਰਕਾਰ ਨੂੰ ਪੱਤਰ
ਜਲ੍ਹਿਆਂਵਾਲਾ ਬਾਗ: ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਕੇਂਦਰ ਸਰਕਾਰ ਨੂੰ ਪੱਤਰ
ਅੰਮ੍ਰਿਤਸਰ (ਕਾਫ਼ਲਾ ਬਿਓਰੋ)- ਜੱਲ੍ਹਿਆਂਵਾਲਾ ਬਾਗ਼ ਸਾਕੇ ਨਾਲ ਸਬੰਧਤ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਬਣਾਈ ਗਈ ਜਥੇਬੰਦੀ ਜੱਲ੍ਹਿਆਂਵਾਲਾ ਬਾਗ ਫਰੀਡਮ ਫਾਈਟਰ ਫਾਊਂਡੇਸ਼ਨ ਨੇ ਅੱਜ ਕੇਂਦਰੀ ਸੱਭਿਆਚਾਰਕ ਮੰਤਰਾਲੇ ਦੇ ਸਕੱਤਰ ਰਾਘਵੇਂਦਰ ਸਿੰਘ ਨੂੰ ਇਕ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਯਾਦਗਾਰ ਦੇ ਪ੍ਰਵੇਸ਼ ਦੁਆਰ ਦੀ ਤੰਗ ਗਲੀ ਵਿਚ ਲਈਆਂ ਗਈਆਂ ਤਸਵੀਰਾਂ ਨੂੰ ਹਟਾਇਆ ਜਾਵੇ ਅਤੇ ਸ਼ਹੀਦੀ ਖੂਹ ਨੂੰ ਪਹਿਲਾਂ ਵਾਂਗ ਪੁਰਾਤਨ ਦਿੱਖ ਦਿੱਤੀ ਜਾਵੇ। ਜਥੇਬੰਦੀ ਦੇ ਮੁਖੀ ਸੁਨੀਲ ਕੁਮਾਰ ਵੱਲੋਂ ਲਿਖੇ ਇਸ ਪੱਤਰ ਵਿੱਚ ਗਿਆਰਾਂ ਸੁਝਾਅ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅਮਰ ਜੋਤੀ ਨੂੰ ਪਹਿਲਾਂ ਵਾਲੀ ਥਾਂ ’ਤੇ ਹੀ ਸਥਾਪਤ ਕੀਤਾ ਜਾਵੇ, ਜੱਲ੍ਹਿਆਂਵਾਲਾ ਬਾਗ ਵਿਚ ਇਕ ਸਰਬ ਧਰਮ ਮੰਦਰ ਸਥਾਪਤ ਕੀਤਾ ਜਾਵੇ, ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਸਮੇਤ ਊਧਮ ਸਿੰਘ, ਭਗਤ ਸਿੰਘ ਅਤੇ ਹੋਰ ਸੁਤੰਤਰਤਾ ਸੈਨਾਨੀਆਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ, ਜੱਲ੍ਹਿਆਂਵਾਲਾ ਬਾਗ ਵਿੱਚ ਸ਼ਹੀਦਾਂ ਦੇ ਨਾਂ ’ਤੇ ਇਕ ਕੰਧ ਬਣਾਈ ਜਾਵੇ ਜਿਸ ਉੱਪਰ ਉਨ੍ਹਾਂ ਦੀਆਂ ਤਸਵੀਰਾਂ ਲਾਈਆਂ ਜਾਣ। ਉਹ ਪਿੱਲਰ ਮੁੜ ਸਥਾਪਤ ਕੀਤਾ ਜਾਵੇ ਜਿੱਥੋਂ ਜਨਰਲ ਡਾਇਰ ਨੇ ਗੋਲੀ ਚਲਾਈ ਸੀ। ਸ਼ਹੀਦਾਂ ਦੇ ਪਰਿਵਾਰਾਂ ਨੂੰ ਟਰੱਸਟ ਅਤੇ ਕਮੇਟੀ ਵਿੱਚ ਸ਼ਾਮਲ ਕੀਤਾ ਜਾਵੇ, ਲਾਈਟ ਐਂਡ ਸਾਊਂਡ ਸ਼ੋਅ ਨੂੰ ਯਾਦਗਾਰ ਵਿੱਚ ਕਿਸੇ ਹੋਰ ਥਾਂ ’ਤੇ ਚਲਾਇਆ ਜਾਵੇ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਤਾਮਰ ਪੱਤਰ ਅਤੇ ਸੁਤੰਤਰਤਾ ਸੈਨਾਨੀਆਂ ਵਾਲੀਆਂ ਸਹੂਲਤਾਂ ਦਿੱਤੀਆਂ ਜਾਣ।
ਇਸ ਦੌਰਾਨ ਸਿੱਖ ਜਥੇਬੰਦੀ ਅਕਾਲ ਯੂਥ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਹੈ ਕਿ ਜੱਲ੍ਹਿਆਂਵਾਲਾ ਬਾਗ ਵਿਚ ਸ਼ਹੀਦ ਊਧਮ ਸਿੰਘ ਦਾ ਬੁੱਤ ਸਹੀ ਦਿਖ ਵਾਲਾ ਬਣਾਇਆ ਜਾਵੇ ਅਤੇ ਇਸ ਨੂੰ ਸਹੀ ਥਾਂ ’ਤੇ ਸਥਾਪਿਤ ਕੀਤਾ ਜਾਵੇ। ਅਕਾਲ ਯੂਥ ਦੇ ਆਗੂਆਂ ਜਸਵਿੰਦਰ ਸਿੰਘ ਰਾਜਪੁਰਾ, ਸਤਵੰਤ ਸਿੰਘ ਸੰਧੂ ਭਾਈ ਰਾਜਨਦੀਪ ਸਿੰਘ ਨੇ ਕਿਹਾ ਕਿ ਜੱਲ੍ਹਿਆਂਵਾਲਾ ਬਾਗ ’ਚ ਸਹੀਦ ਦੇ ਲਾਏ ਗਏ ਬੁੱਤ ਨਾਲ ਵਿਰੋਧ ਦੀ ਲਹਿਰ ਖੜ੍ਹੀ ਹੋ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਸ਼ਹੀਦ ਦਾ ਸਹੀ ਬੁੱਤ ਸਥਾਪਤ ਕਰੇ।