ਅਫਗਾਨਿਸਤਾਨ ਵਿੱਚ ਲਾਗੂ ਹੋਣਗੇ ਸ਼ਰੀਅਤ ਕਾਨੂੰਨ
ਅਫਗਾਨਿਸਤਾਨ ਵਿੱਚ ਲਾਗੂ ਹੋਣਗੇ ਸ਼ਰੀਅਤ ਕਾਨੂੰਨ
ਕਾਬੁਲ (ਕਾਫ਼ਲਾ ਬਿਓਰੋ) - ਅਫਗਾਨਿਸਤਾਨ ’ਤੇ 15 ਅਗਸਤ ਨੂੰ ਤਾਲਿਬਾਨ ਨੇ ਕਬਜ਼ਾ ਕਰ ਲਿਆ ਸੀ। ਇਸ ਜਥੇਬੰਦੀ ਦੇ ਸਰਬੋਤਮ ਆਗੂ ਹੈਬਾਤੁਲ੍ਹਾ ਅਖੁੰਡਜ਼ਾਦਾ ਨੇ ਅੱਜ ਜਨਤਕ ਤੌਰ ’ਤੇ ਆਪਣਾ ਪਹਿਲਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਤਾਲਿਬਾਨ ਉਨ੍ਹਾਂ ਕੌਮਾਂਤਰੀ ਕਾਨੂੰਨਾਂ ਤੇ ਸਮਝੌਤਿਆਂ ਨੂੰ ਲਾਗੂ ਕਰਨ ਲਈ ਵਚਨਬੱਧ ਹੈ ਜੋ ਇਸਲਾਮਿਕ ਕਾਨੂੰਨ ਨਾਲ ਕਿਸੇ ਵਿਵਾਦ ਵਿੱਚ ਨਹੀਂ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਸ਼ਰੀਅਤ ਕਾਨੂੰਨਾਂ ਤਹਿਤ ਅਫਗਾਨਿਸਤਾਨ ਵਿੱਚ ਸਰਕਾਰ ਚਲੇਗੀ ਤੇ ਲੋਕਾਂ ਦਾ ਜੀਵਨ ਵੀ ਸ਼ਰੀਅਤ ਦੇ ਸਿਧਾਂਤਾਂ ’ਤੇ ਆਧਾਰਿਤ ਹੋਵੇਗਾ। ਕਾਨੂੰਨ ਤੋੜਨ ਵਾਲਿਆਂ ’ਤੇ ਧਾਰਮਿਕ ਪੁਲੀਸ ਡੰਡਿਆਂ ਨਾਲ ਵਾਰ ਕਰੇਗੀ ਤੇ ਕਸੂਰਵਾਰਾਂ ਨੂੰ ਜਨਤਕ ਤੌਰ ’ਤੇ ਫਾਂਸੀ ਦੇਣ ਦੀ ਪ੍ਰਥਾ ਜਾਰੀ ਰਹੇਗੀ। ਉਨ੍ਹਾਂ ਨੇ ਅਫਗਾਨ ਵਾਸੀਆਂ ਨੂੰ ਇਸ ਗਲੋਂ ਵਧਾਈ ਦਿੱਤੀ ਕਿ ਵਿਦੇਸ਼ੀ ਤਾਕਤਾਂ ਹੱਥੋਂ ਦੇਸ਼ ਆਜ਼ਾਦ ਹੋ ਗਿਆ ਹੈ। ਇਸੇ ਦੌਰਾਨ ਅਮਰੀਕਾ ਨੇ ਕਿਹਾ ਹੈ ਕਿ ਉਹ ਤਾਲਿਬਾਨ ਦੇ ਕੁਝ ਕੈਬਿਨਟ ਮੈਂਬਰਾਂ ਦੇ ਪਿਛੋਕੜ ਤੋਂ ਚਿੰਤਤ ਹੈ ਤੇ ਨਵੀਂ ਕੈਬਿਨਟ ਵਿੱਚ ਕਿਸੇ ਵੀ ਔਰਤ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਯੂਐੱਸ ਸਟੇਟ ਡਿਪਾਰਟਮੈਂਟ ਦੇ ਬੁਲਾਰੇ ਨੇ ਦੱਸਿਆ ਕਿ ਅਫਗਾਨਿਸਤਾਨ ਦੇ ਹਾਲਾਤ ’ਤੇ ਪੂਰੀ ਦੁਨੀਆਂ ਦੀ ਨਜ਼ਰ ਹੈ।