3 ਸਿੱਖਾਂ ਦੀ ਭਾਰਤ ਹਵਾਲਗੀ ਰੋਕਣ ਲਈ ਪੰਥਕ ਕਾਨਫਰੰਸ
3 ਸਿੱਖਾਂ ਦੀ ਭਾਰਤ ਹਵਾਲਗੀ ਰੋਕਣ ਲਈ ਪੰਥਕ ਕਾਨਫਰੰਸ
ਲੰਡਨ (ਬਿਓਰੋ) - ਤਿੰਨ ਸਿੱਖਾਂ ਦੀ ਭਾਰਤ ਹਵਾਲਗੀ ਰੋਕਣ ਲਈ ਯੂ.ਕੇ. ਦੇ ਸਿੱਖਾਂ ਵਲੋਂ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਪੰਥਕ ਕਾਨਫਰੰਸ ਕੀਤੀ ਗਈ | ਸਿੱਖ ਹਿਊਮਨ ਰਾਈਟਸ ਦੁਆਰਾ ਕਰਵਾਈ ਕਾਨਫਰੰਸ 'ਚ ਯੂ. ਕੇ., ਅਮਰੀਕਾ ਦੇ ਗੁਰਦੁਆਰਿਆਂ ਅਤੇ ਸਿੱਖ ਸੰਗਠਨਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ | ਉਕਤ ਸਿੱਖ ਆਗੂਆਂ ਨੇ ਭਾਰਤ ਹਵਾਲਗੀ ਦੇ ਕੇਸ ਦਾ ਸਾਹਮਣਾ ਕਰ ਰਹੇ ਵੈਸਟ ਮਿਡਲੈਂਡਜ਼ ਦੇ 3 ਸਿੱਖਾਂ ਦਾ ਸਮਰਥਨ ਕਰਦਿਆਂ ਉਨ੍ਹਾਂ ਦੀਹਵਾਲਗੀ ਦਾ ਵਿਰੋਧ ਕਰਨ ਦੀ ਵਚਨਬੱਧਤਾ ਪ੍ਰਗਟ ਕੀਤੀ | ਸਿੱਖ ਸੰਗਠਨਾਂ ਦੇ ਨੁਮਾਇੰਦਿਆਂ ਨੇ 3 ਸਿੱਖਾਂ ਦੀ ਭਾਰਤ ਹਵਾਲਗੀ ਨੂੰ ਰੋਕਣ ਦੀ ਜ਼ਰੂਰਤ ਬਾਰੇ ਆਵਾਜ਼ ਬੁਲੰਦ ਕੀਤੀ | ਪੰਥਕ ਕਾਨਫਰੰਸ ਨੇ ਸਪੱਸ਼ਟ ਕੀਤਾ ਕਿ ਯੂ.ਕੇ. ਵਿਚ ਸਿੱਖ ਭਾਈਚਾਰਾ ਵੈਸਟ ਮਿਡਲੈਂਡਜ਼ ਤਿੰਨੇ ਸਿੱਖਾਂ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ | ਕਾਨਫਰੰਸ 'ਚ ਤਿੰਨੇ ਸਿੱਖਾਂ ਦੇ ਹੱਕ ਵਿਚ ਹਰੇਕ ਗੁਰਦੁਆਰਾ ਸੰਗਤ ਨੂੰ ਆਪਣੇ ਸਥਾਨਕ ਸੰਸਦ ਮੈਂਬਰਾਂ ਅਤੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੂੰ ਪੱਤਰ ਭੇਜਣ ਲਈ ਅਪੀਲ ਕੀਤੀ | ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਵਿਚ ਮੁਕੱਦਮੇ ਦੇ ਪਹਿਲੇ ਦਿਨ 22 ਸਤੰਬਰ 2021 ਨੂੰ ਬੁੱਧਵਾਰ ਨੂੰ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰਨ, ਭਾਰਤ ਦੇ ਸਾਰੇ ਸਰਕਾਰੀ ਅਧਿਕਾਰੀਆਂ ਨੂੰ ਯੂ.ਕੇ. ਦੇ ਗੁਰਦੁਆਰਿਆਂ, ਨਗਰ ਕੀਰਤਨਾਂ ਅਤੇ ਕਿਸੇ ਵੀ ਸਿੱਖ ਸਮਾਗਮਾਂ ਤੋਂ ਉਨ੍ਹਾਂ ਦੀ ਅਧਿਕਾਰਤ ਸ਼ਮੂਲੀਅਤ 'ਤੇ ਪਾਬੰਦੀ ਲਗਾਉਣ ਤੋਂ ਇਲਾਵਾ ਜੇ 3 ਸਿੱਖਾਂ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤਾਂ ਸਾਰੇ ਕੰਜ਼ਰਵੇਟਿਵ ਸੰਸਦ ਮੈਂਬਰਾਂ ਨੂੰ ਯੂ.ਕੇ. 'ਚ ਗੁਰਦੁਆਰਿਆਂ, ਨਗਰ ਕੀਰਤਨਾਂ ਅਤੇ ਕਿਸੇ ਹੋਰ ਸਿੱਖ ਤਿਉਹਾਰਾਂ ਮੌਕੇ ਸਮਾਗਮਾਂ 'ਚ ਆਉਣ 'ਤੇ ਪਾਬੰਦੀ ਲਗਾਉਣ ਦੇ ਮਤੇ ਪਾਸ ਕੀਤੇ ਗਏ |