ਸਿਆਸੀ ਪਾਰਟੀਆਂ ਚੋਣ ਰੈਲੀਆਂ ਨਾ ਕਰਨ-ਕਿਸਾਨ ਆਗੂ
ਸਿਆਸੀ ਪਾਰਟੀਆਂ ਚੋਣ ਰੈਲੀਆਂ ਨਾ ਕਰਨ-ਕਿਸਾਨ ਆਗੂ
• ਚੰਡੀਗੜ੍ਹ 'ਚ ਕਿਸਾਨ ਜਥੇਬੰਦੀਆਂ ਦੀ ਕਚਹਿਰੀ 'ਚ ਪੇਸ਼ ਹੋਏ ਸਿਆਸੀ ਪਾਰਟੀਆਂ ਦੇ ਆਗੂ • ਕਿਸਾਨ ਜਥੇਬੰਦੀਆਂ ਦੇ ਵਿਰੋਧ 'ਚ ਜਾ ਕੇ ਕੀਤਾ ਸਿਆਸੀ ਪ੍ਰੋਗਰਾਮ ਤਾਂ ਕਰਨਾ ਪਵੇਗਾ ਵਿਰੋਧ ਦਾ ਸਾਹਮਣਾ
ਚੰਡੀਗੜ੍ਹ (ਕਾਫ਼ਲਾ ਬਿਓਰੋ)-ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਤੱਕ ਚੋਣ ਰੈਲੀਆਂ ਨਾ ਕਰਨ, ਤਾਂ ਜੋ ਉਨ੍ਹਾਂ ਦਾ ਧਿਆਨ ਕਿਸਾਨ ਅੰਦੋਲਨ 'ਤੇ ਕੇਂਦਰਿਤ ਰਹਿ ਸਕੇ | ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਲੋਂ ਅੱਜ ਚੰਡੀਗੜ੍ਹ ਵਿਖੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਲਈ ਲਾਈ ਕਚਹਿਰੀ 'ਚ ਸਾਰੀਆਂ ਮੁੱਖ ਪਾਰਟੀਆਂ ਦੇ ਆਗੂ ਪੇਸ਼ ਹੋਏ | ਜਿਸ 'ਚ ਮੁੱਖ ਤੌਰ 'ਤੇ ਸੱਤਾਧਾਰੀ ਪਾਰਟੀ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਬਾਦਲ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ), ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ, ਸੀ.ਪੀ.ਆਈ, ਸੀ.ਪੀ.ਆਈ (ਐਮ), ਐਲ.ਆਰ. ਐੱਮ.ਪੀ.ਆਈ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਨੁਮਾਇੰਦਿਆਂ ਨੇ ਸ਼ਾਮਿਲ ਹੋ ਕੇ ਕਿਸਾਨਾਂ ਦੇ ਸਵਾਲਾਂ ਦਾ ਸਾਹਮਣਾ ਕੀਤਾ | ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗਾਂ ਕਰਨ ਮਗਰੋਂ ਕਿਸਾਨ ਜਥੇਬੰਦੀਆਂ ਵਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਫਰਵਰੀ 2022 'ਚ ਹੋਣ ਜਾ ਰਹੀਆਂ ਹਨ, ਪਰ ਬਹੁਤੀਆਂ ਪਾਰਟੀਆਂ ਨੇ ਹੁਣੇ ਤੋਂ ਹੀ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਨਾਲ ਕਿਸਾਨ ਮੋਰਚੇ 'ਤੇ ਮਾੜਾ ਅਸਰ ਪੈ ਰਿਹਾ ਹੈ ਅਤੇ ਅਜਿਹਾ ਹੋਣ ਨਾਲ ਥਾਂ-ਥਾਂ ਅਣਸੁਖਾਵੀਆਂ ਘਟਨਾਵਾਂ ਵੀ ਵਾਪਰਨ ਲੱਗੀਆਂ ਹਨ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹੁਣ ਤੱਕ ਚਲਦਾ ਰਿਹਾ ਹੈ ਕਿ ਚੋਣ ਕਮਿਸ਼ਨ ਦੇ ਐਲਾਨ ਮਗਰੋਂ ਦਸ ਪੰਦਰਾਂ ਦਿਨ ਪਹਿਲਾਂ ਹੀ ਚੋਣ ਮੁਹਿੰਮ ਸ਼ੁਰੂ ਕੀਤੀ ਜਾਂਦੀ ਰਹੀ ਹੈ, ਪਰ ਹੁਣ ਸਿਆਸੀ ਪਾਰਟੀਆਂ ਵਲੋਂ ਦਸ ਮਹੀਨੇ ਪਹਿਲਾਂ ਹੀ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਜਿਸ ਦੇ ਚਲਦਿਆਂ ਲੋਕਾਂ ਦਾ ਧਿਆਨ ਵੰਡਿਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਕਦੇ ਕਿਸੇ ਪਿੰਡ 'ਚ ਕਦੇ ਕਿਸੇ ਥਾਂ ਘੇਰ ਕੇ ਸਵਾਲ ਕੀਤੇ ਜਾਂਦੇ ਹਨ, ਜਿਸ ਨਾਲ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸੂਬੇ 'ਚ ਸ਼ਾਂਤਮਈ ਮਾਹੌਲ ਬਣਿਆ ਰਹੇ ਇਸ ਲਈ ਜ਼ਰੂਰੀ ਹੈ ਕਿ ਸਿਆਸੀ ਪਾਰਟੀਆਂ ਅਜੇ ਚੋਣ ਪ੍ਰਚਾਰ ਨਾ ਕਰਨ | ਉਨ੍ਹਾਂ ਦੱਸਿਆ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਅਜੇ ਤੱਕ ਸਪਸ਼ਟ ਰਾਏ ਨਹੀਂ ਦਿੱਤੀ ਕਿ ਉਹ ਰੈਲੀਆਂ ਨਹੀਂ ਕਰਨਗੇ ਅਤੇ ਇਨ੍ਹਾਂ ਦੇ ਨੁਮਾਇੰਦਿਆਂ ਨੇ ਕਿਹਾ ਹੈ ਕਿ ਪਾਰਟੀ ਪੱਧਰ 'ਤੇ ਗੱਲਬਾਤ ਕਰਨ ਮਗਰੋਂ ਹੀ ਉਹ ਕੋਈ ਫ਼ੈਸਲਾ ਲੈ ਸਕਣਗੇ, ਜਦਕਿ ਦੂਜੀਆਂ ਸਾਰੀਆਂ ਪਾਰਟੀਆਂ ਨੇ ਕਿਸਾਨ ਮੋਰਚੇ ਵਲੋਂ ਕੀਤੀ ਅਪੀਲ ਨਾਲ ਸਹਿਮਤੀ ਪ੍ਰਗਟਾਈ ਹੈ | ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਦੇ ਆਗੂਆਂ ਨੂੰ ਸਮਾਜਿਕ ਸਮਾਗਮਾਂ 'ਚ ਜਾਣ ਤੋਂ ਨਾ ਰੋਕਿਆ ਜਾਵੇ ਅਤੇ ਨਾ ਹੀ ਘੇਰਿਆ ਜਾਵੇ | ਇਸ ਸਬੰਧੀ ਸਾਰੀਆਂ ਪਾਰਟੀਆਂ ਨੂੰ ਅਸੀਂ ਅਪੀਲ ਕੀਤੀ ਹੈ, ਪਰ ਫਿਰ ਵੀ ਜੇਕਰ ਕੋਈ ਪਾਰਟੀ ਜ਼ਿੱਦ ਕਰਕੇ ਚੋਣ ਮੁਹਿੰਮ ਚਲਾਏਗੀ ਤਾਂ ਸਮਝਿਆ ਜਾਵੇਗਾ ਕਿ ਉਹ ਕਿਸਾਨ ਵਿਰੋਧੀ ਪਾਰਟੀ ਹੈ | ਇਸ ਦੇ ਇਲਾਵਾ ਚੋਣ ਮਨੋਰਥ ਪੱਤਰ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਅਤੇ ਸਿਆਸੀ ਪਾਰਟੀਆਂ ਵਲੋਂ ਕੀਤੇ ਵਾਅਦੇ ਸਰਕਾਰ ਬਣ ਜਾਣ ਮਗਰੋਂ ਸਮਾਂਬੱਧ ਕੀਤੇ ਜਾਣ ਬਾਰੇ ਵੀ ਵਿਚਾਰ ਹੋਈ, ਜਿਸ 'ਤੇ ਸਾਰੀਆਂ ਪਾਰਟੀਆਂ ਨੇ ਸਹਿਮਤੀ ਪ੍ਰਗਟਾਈ ਹੈ | ਉਨ੍ਹਾਂ ਦੱਸਿਆ ਕਿ ਸੱਤਾਧਾਰੀ ਪਾਰਟੀ ਅੱਗੇ ਇਹ ਮੰਗ ਰੱਖੀ ਗਈ ਹੈ ਕਿ ਹੁਣ ਤੱਕ ਵੱਖ-ਵੱਖ ਥਾਈਾ ਪੰਜਾਬ 'ਚ ਕਿਸਾਨਾਂ 'ਤੇ ਦਰਜ ਹੋਏ ਸਾਰੇ ਮਾਮਲੇ ਰੱਦ ਕੀਤੇ ਜਾਣ | ਮੰਡੀਆਂ 'ਚ ਕਿਸਾਨਾਂ ਨੂੰ ਫ਼ਰਦਾਂ ਦੇਣ ਲਈ ਮਜਬੂਰ ਕੀਤਾ ਜਾ ਰਿਹਾ, ਜਿਸ ਕਾਰਨ ਕਿਸਾਨਾਂ ਲਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਹੋ ਰਹੀਆਂ ਹਨ | ਕਾਂਗਰਸ ਪਾਰਟੀ ਅਤੇ ਆਗੂਆਂ ਨੂੰ ਇਸ ਸਬੰਧੀ ਮੁੱਖ ਮੰਤਰੀ ਨਾਲ ਗੱਲ ਕਰਨ ਲਈ ਕਿਹਾ ਗਿਆ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਨਵਜੋਤ ਸਿੰਘ ਸਿੱਧੂ ਨੇ ਸਿਰਫ਼ ਇੰਨਾ ਹੀ ਕਿਹਾ ਕਿ ਅਸੀਂ ਕਿਸਾਨਾਂ ਦੀ ਹਰ ਮੰਗ ਮਨਵਾਉਣ ਲਈ ਉਨ੍ਹਾਂ ਦੇ ਨਾਲ ਖੜ੍ਹੇ ਹਾਂ | ਕਿਸਾਨ ਆਗੂ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਅੱਗੇ ਗੱਲ ਰੱਖੀ ਗਈ ਹੈ ਕਿ ਸਰਕਾਰ ਵੀ ਆਪਣੇ ਸਮਾਗਮ ਛੋਟੇ ਪੱਧਰ 'ਤੇ ਕਰੇ ਤੇ ਵੱਡੇ ਸਮਾਗਮ ਕਰਨ ਤੋਂ ਪਰਹੇਜ਼ ਕਰੇ | ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਹਰਿਆਣਾ ਦੀਆਂ 19 ਜਥੇਬੰਦੀ ਦੇ ਫ਼ੈਸਲੇ ਪੰਜਾਬ ਦੀਆਂ 32 ਜਥੇਬੰਦੀਆਂ ਦੀਆਂ ਫ਼ੈਸਲਿਆਂ ਤੋਂ ਅਲੱਗ ਹਨ |
ਅੱਜ ਸਿਆਸੀ ਪਾਰਟੀਆਂ ਨਾਲ ਕੀਤੀ ਗੱਲਬਾਤ ਦੌਰਾਨ ਵੱਡੀਆਂ ਪਾਰਟੀਆਂ ਨੂੰ ਅੱਧਾ-ਅੱਧਾ ਘੰਟਾ ਅਤੇ ਹੋਰਨਾਂ ਪਾਰਟੀਆਂ ਨੂੰ 20-20 ਮਿੰਟ ਦਿੱਤੇ ਗਏ ਸਨ | ਕਿਸਾਨ ਜਥੇਬੰਦੀਆਂ ਵਲੋਂ ਲਾਈ ਕਚਹਿਰੀ 'ਚ ਸੱਤਾਧਾਰੀ ਕਾਂਗਰਸ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ, ਕੁਲਜੀਤ ਸਿੰਘ ਨਾਗਰਾ, ਸ਼੍ਰੋਮਣੀ ਅਕਾਲੀ ਦਲ ਵਲੋਂ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ: ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਲੋਂ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ ਅਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਆਮ ਆਦਮੀ ਪਾਰਟੀ ਵਲੋਂ ਕੁਲਤਾਰ ਸਿੰਘ ਸੰਧਵਾਂ, ਅਮਨ ਅਰੋੜਾ, ਬਲਜਿੰਦਰ ਕੌਰ ਅਤੇ ਜਗਤਾਰ ਸਿੰਘ ਸੰਘੇੜਾ, ਅਕਾਲੀ ਦਲ ਅੰਮਿ੍ਤਸਰ ਤੋਂ ਗੋਪਾਲ ਸਿੰਘ ਸਿੱਧੂ, ਲਖਵਿੰਦਰ ਸਿੰਘ, ਲਖਵੀਰ ਸਿੰਘ ਅਤੇ ਸ਼ਮਸ਼ੇਰ ਸਿੰਘ, ਸੀ.ਪੀ.ਆਈ ਤੋਂ ਬੰਤ ਸਿੰਘ ਬਰਾੜ, ਆਰ.ਐਮ.ਪੀ.ਆਈ ਤੋਂ ਮੰਗਤ ਰਾਮ, ਸੀ.ਪੀ.ਆਈ ਐਮ.ਐਲ ਤੋਂ ਦਰਸ਼ਨ ਖਟਕੜ ਅਤੇ ਬਹੁਜਨ ਸਮਾਜ ਪਾਰਟੀ ਤੋਂ ਭਗਵਾਨ ਸਿੰਘ ਚੌਹਾਨ, ਗੁਰਲਾਲ ਸੈਲਾ ਆਦਿ ਆਗੂ ਸ਼ਾਮਿਲ ਹੋਏ |