ਕਰਨਾਲ ’ਚ ਕਿਸਾਨਾਂ ਅੱਗੇ ਝੁਕਿਆ ਪ੍ਰਸ਼ਾਸਨ

ਕਰਨਾਲ ’ਚ ਕਿਸਾਨਾਂ ਅੱਗੇ ਝੁਕਿਆ ਪ੍ਰਸ਼ਾਸਨ

ਕਰਨਾਲ ’ਚ ਕਿਸਾਨਾਂ ਅੱਗੇ ਝੁਕਿਆ ਪ੍ਰਸ਼ਾਸਨ
ਚੰਡੀਗੜ੍ਹ (ਕਾਫ਼ਲਾ ਬਿਓਰੋ) -ਸੰਯੁਕਤ ਕਿਸਾਨ ਮੋਰਚੇ ਵੱਲੋਂ ਕਰਨਾਲ ’ਚ ਲਗਾਏ ਗਏ ਧਰਨੇ ਦੇ ਦਬਾਅ ਹੇਠ ਪ੍ਰਸ਼ਾਸਨ ਅੱਜ ਝੁਕ ਗਿਆ ਅਤੇ ਉਸ ਨੇ ਕਿਸਾਨਾਂ ਦੀਆਂ ਜ਼ਿਆਦਾਤਰ ਮੰਗਾਂ ਨੂੰ ਮੰਨ ਲਿਆ ਹੈ। ਇਸ ਮਗਰੋਂ ਕਿਸਾਨਾਂ ਨੇ ਕਰਨਾਲ ਵਿੱਚ ਲਗਾਇਆ ਪੱਕਾ ਮੋਰਚਾ ਅੱਜ ਪੰਜਵੇਂ ਦਿਨ ਖ਼ਤਮ ਕਰ ਦਿੱਤਾ। ਮੰਗਾਂ ’ਤੇ ਸਹਿਮਤੀ ਹਰਿਆਣਾ ਦੇ ਵਧੀਕ ਮੁੱਖ ਸਕੱਤਰ (ਏਸੀਐੱਸ) ਦੇਵੇਂਦਰ ਸਿੰਘ, ਭਾਰਤੀ ਕਿਸਾਨ ਯੂਨੀਅਨ (ਹਰਿਆਣਾ) ਦੇ ਮੁਖੀ ਗੁਰਨਾਮ ਸਿੰਘ ਚੜੂਨੀ ਅਤੇ ਹੋਰਾਂ ਵਿਚਕਾਰ ਹੋਈ ਮੀਟਿੰਗ ਦੌਰਾਨ ਬਣੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ 28 ਅਗਸਤ ਨੂੰ ਕਰਨਾਲ ਵਿੱਚ ਹੋਏ ਲਾਠੀਚਾਰਜ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਕਰਵਾਈ ਜਾਵੇਗੀ ਜੋ ਇਕ ਮਹੀਨੇ ਵਿੱਚ ਜਾਂਚ ਕਰਕੇ ਰਿਪੋਰਟ ਜਮ੍ਹਾਂ ਕਰਵਾਉਣਗੇ। ਜਾਂਚ ਦੌਰਾਨ ਆਈਏਐੱਸ ਅਧਿਕਾਰੀ ਆਯੂਸ਼ ਸਿਨਹਾ ਨੂੰ ਇਕ ਮਹੀਨੇ ਲਈ ਛੁੱਟੀ ’ਤੇ ਭੇਜ ਦਿੱਤਾ ਗਿਆ ਹੈ। ਕਰਨਾਲ ’ਚ ਲਾਠੀਚਾਰਜ ਤੋਂ ਬਾਅਦ ਜਾਨ ਗੁਆਉਣ ਵਾਲੇ ਕਿਸਾਨ ਸੁਸ਼ੀਲ ਕਾਜਲ ਦੇ ਦੋ ਪਰਿਵਾਰਕ ਮੈਂਬਰਾਂ ਨੂੰ ਡੀਸੀ ਰੇਟ ’ਤੇ ਨੌਕਰੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਨੌਕਰੀਆਂ ਇਕ ਹਫ਼ਤੇ ਦੇ ਅੰਦਰ-ਅੰਦਰ ਦਿੱਤੀਆਂ ਜਾਣਗੀਆਂ। ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਿਸਾਨਾਂ ਵਿਚਕਾਰ ਹੋਏ ਸਮਝੌਤੇ ਵਿੱਚ ਪੀੜਤਾਂ ਨੂੰ ਮੁਆਵਜ਼ਾ ਦੇਣ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ।
ਸ੍ਰੀ ਚੜੂਨੀ ਨੇ ਦੱਸਿਆ ਕਿ ਕਿਸਾਨ ਮੋਰਚੇ ਵੱਲੋਂ ਐੱਸਡੀਐੱਮ ਆਯੂਸ਼ ਸਿਨਹਾ ਨੂੰ ਬਰਖਾਸਤ ਕਰਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। ‘ਜਦੋਂ ਇਸ ਬਾਰੇ ਵਕੀਲਾਂ ਨਾਲ ਸਲਾਹ ਕੀਤੀ ਤਾਂ ਉਨ੍ਹਾਂ ਹਾਈ ਕੋਰਟ ਦੇ ਜੱਜਾਂ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਜਿਨ੍ਹਾਂ ਦੀ ਰਿਪੋਰਟ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਵਕੀਲਾਂ ਦੀ ਸਲਾਹ ’ਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਹਰਿਆਣਾ ਸਰਕਾਰ ਤੋਂ ਲਾਠੀਚਾਰਜ ਮਾਮਲੇ ਦੀ ਨਿਆਇਕ ਜਾਂਚ ਕਰਵਾਉਣ ’ਤੇ ਸਹਿਮਤੀ ਬਣੀ ਹੈ।’ ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਆਯੂਸ਼ ਸਿਨਹਾ ਨੂੰ ਛੁੱਟੀ ’ਤੇ ਰਹੇਗਾ ਅਤੇ ਸ਼ਹੀਦ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੂੰ ਡੀਸੀ ਰੇਟ ’ਤੇ ਦੋ ਨੌਕਰੀਆਂ ਦਿੱਤੀਆਂ ਗਈਆਂ ਹਨ।
ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਚੜੂਨੀ ਨੇ ਕਿਹਾ ਕਿ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਦੇ ਚਲਦਿਆਂ ਪਹਿਲੀ ਜਿੱਤ ਹਾਸਲ ਕਰ ਲਈ ਹੈ। ਇਸੇ ਤਰ੍ਹਾਂ ਦੇਸ਼ ਦਾ ਅੰਨਦਾਤਾ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ’ਚ ਵੀ ਜਿੱਤ ਹਾਸਲ ਕਰੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਪਹਿਲਾਂ ਵੀ ਕਈ ਵਾਰ ਅੰਦੋਲਨ ਕੀਤੇ ਹਨ ਪਰ ਸਿਆਸੀ ਪਾਰਟੀਆਂ ਕਿਸਾਨਾਂ ਦੇ ਅੰਦੋਲਨ ਦਾ ਲਾਹਾ ਲੈਂਦੀਆਂ ਆਈਆਂ ਹਨ। ਉਨ੍ਹਾਂ ਅੰਦੋਲਨ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਨੂੰ ਸ਼ਾਂਤਮਈ ਸੰਘਰਸ਼ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਅੰਦੋਲਨਾਂ ਵਿੱਚ ਸ਼ਾਮਲ ਹੋਣ ਵਾਲਾ ਕੋਈ ਵੀ ਨੌਜਵਾਨ ਲਾਠੀ ਜਾਂ ਹੋਰ ਹਥਿਆਰ ਨਾ ਲੈ ਕੇ ਆਏ। ‘ਸੂਬਾ ਸਰਕਾਰਾਂ ਅੰਦੋਲਨਾਂ ਨੂੰ ਕਮਜ਼ੋਰ ਕਰਨ ਲਈ ਸਾਜ਼ਿਸ਼ਾਂ ਘੜਦੀਆਂ ਹਨ ਪਰ ਸ਼ਾਂਤਮਈ ਚੱਲਣ ਵਾਲੇ ਅੰਦੋਲਨ ਦੀ ਜਿੱਤ ਯਕੀਨੀ ਹੁੰਦੀ ਹੈ।’ ਸ੍ਰੀ ਚੜੂਨੀ ਨੇ ਕਿਹਾ ਕਿ ਹਰਿਆਣਾ ਵਿੱਚ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਿਹਾ ਅੰਦੋਲਨ ਪਹਿਲਾਂ ਵਾਂਗ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਭਾਜਪਾ ਅਤੇ ਜੇਜੇਪੀ ਆਗੂਆਂ ਦਾ ਵਿਰੋਧ ਕਰਦਿਆਂ ਕਾਲੇ ਝੰਡੇ ਦਿਖਾਏ ਜਾਣ। ਇਸ ਤੋਂ ਇਲਾਵਾ ਅੰਦੋਲਨ ਵਾਲੀਆਂ ਥਾਵਾਂ ’ਤੇ ਹੋਰ ਵੱਡੇ ਇਕੱਠ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।

Radio Mirchi