ਉੱਘੇ ਪਾਕਿਸਤਾਨੀ ਕਲਾਕਾਰ ਉਮਰ ਸ਼ਰੀਫ਼ ਗੰਭੀਰ ਬਿਮਾਰ, ਪਰਿਵਾਰ ਨੇ ਮਦਦ ਮੰਗੀ
ਉੱਘੇ ਪਾਕਿਸਤਾਨੀ ਕਲਾਕਾਰ ਉਮਰ ਸ਼ਰੀਫ਼ ਗੰਭੀਰ ਬਿਮਾਰ, ਪਰਿਵਾਰ ਨੇ ਮਦਦ ਮੰਗੀ
ਕਰਾਚੀ (ਕਾਫ਼ਲਾ ਬਿਓਰੋ): ਪਾਕਿਸਤਾਨ ਦੇ ਬੇਹੱਦ ਮਸ਼ਹੂਰ ਕਾਮੇਡੀ ਕਲਾਕਾਰ ਉਮਰ ਸ਼ਰੀਫ਼ ਗੰਭੀਰ ਬਿਮਾਰ ਹਨ। ਉਨ੍ਹਾਂ ਦੇ ਪਰਿਵਾਰ ਨੇ ਕਲਾਕਾਰ ਤੇ ਟੀਵੀ ਸ਼ਖ਼ਸੀਅਤ ਦੇ ਇਲਾਜ ਲਈ ਪ੍ਰਧਾਨ ਮੰਤਰੀ ਦਫ਼ਤਰ ਤੋਂ ਮਦਦ ਮੰਗੀ ਹੈ। ਉਮਰ (66) ਉਪ-ਮਹਾਦੀਪ ਦੇ ਮੰਨੇ-ਪ੍ਰਮੰਨੇ ਅਦਾਕਾਰ ਤੇ ਨਿਰਮਾਤਾ ਰਹੇ ਹਨ। ਉਹ ਇਸ ਵੇਲੇ ਕਰਾਚੀ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਹਨ। ਉਨ੍ਹਾਂ ਦੀ ਪਿਛਲੇ ਸਾਲ ਦਿਲ ਦੀ ਬਾਈਪਾਸ ਸਰਜਰੀ ਹੋਈ ਸੀ। ਉਦੋਂ ਤੋਂ ਹੀ ਉਨ੍ਹਾਂ ਦੀ ਹਾਲਤ ਵਿਗੜੀ ਹੋਈ ਹੈ। ਉਨ੍ਹਾਂ ਦੀ ਯਾਦ ਸ਼ਕਤੀ ਵੀ ਬਹੁਤ ਘਟ ਗਈ ਹੈ। ਉਹ ਵੀਲ੍ਹਚੇਅਰ ਉਤੇ ਹਨ ਤੇ ਉਨ੍ਹਾਂ ਨੂੰ ਅਮਰੀਕੀ ਸਿਹਤ ਮਾਹਿਰਾਂ ਕੋਲ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ। ਜੇਕਰ ਉਮਰ ਅਮਰੀਕਾ ਨਹੀਂ ਜਾ ਪਾਉਂਦੇ ਤਾਂ ਉਨ੍ਹਾਂ ਦੀ ਓਪਨ ਹਾਰਟ ਸਰਜਰੀ ਹੋਵੇਗੀ। ਸਿੰਧ ਸੂਬੇ ਦੇ ਰਾਜਪਾਲ ਇਮਰਾਨ ਇਸਮਾਈਲ ਤੇ ਪਾਕਿਸਤਾਨ ਦੇ ਕੈਬਨਿਟ ਮੰਤਰੀ ਫ਼ਵਾਦ ਚੌਧਰੀ ਨੇ ਮਦਦ ਦਾ ਭਰੋਸਾ ਦਿੱਤਾ ਹੈ।