ਇੰਗਲੈਂਡ ਪੁੱਜੇ ਗਿਆਨੀ ਹਰਪ੍ਰੀਤ ਸਿੰਘ 2 ਦਿਨਾਂ ਲਈ ਇਕਾਂਤਵਾਸ
ਇੰਗਲੈਂਡ ਪੁੱਜੇ ਗਿਆਨੀ ਹਰਪ੍ਰੀਤ ਸਿੰਘ 2 ਦਿਨਾਂ ਲਈ ਇਕਾਂਤਵਾਸ
ਲੰਡਨ (ਕਾਫ਼ਲਾ ਬਿਓਰੋ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅੱਜ-ਕੱਲ੍ਹ ਯੂ.ਕੇ. ਦੌਰੇ 'ਤੇ ਹਨ, ਜੋ ਯੂ.ਕੇ. ਦੇ ਕੋਰੋਨਾ ਨਿਯਮਾਂ ਅਨੁਸਾਰ ਦੋ ਦਿਨ ਲਈ ਇਕਾਂਤਵਾਸ 'ਚ ਹਨ, ਜਿਸ ਕਰਕੇ ਸਿੰਘ ਸਾਹਿਬ ਦੇ ਸਵਾਗਤ ਲਈ ਸ਼ੁੱਕਰਵਾਰ ਅਤੇ ਸਨਿਚਰਵਾਰ ਨੂੰ ਲੈਸਟਰ, ਈਸਟ ਲੰਡਨ ਅਤੇ ਯੂ.ਕੇ. ਦੇ ਹੋਰ ਸ਼ਹਿਰਾਂ 'ਚ ਰੱਖੇ ਸਵਾਗਤੀ ਸਮਾਗਮਾਂ ਨੂੰ ਰੱਦ ਕਰ ਦਿੱਤਾ | ਸਿੰਘ ਸਾਹਿਬ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਯੂ.ਕੇ. ਦੇ ਨਿਯਮਾਂ ਅਨੁਸਾਰ ਗਿਆਨੀ ਹਰਪ੍ਰੀਤ ਸਿੰਘ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਹੈ ਅਤੇ ਸਿਹਤ ਵਿਭਾਗ ਨੂੰ ਵੀ ਭੇਜੀ ਜਾ ਚੁੱਕੀ ਹੈ, ਅਤੇ ਉਨ੍ਹਾਂ ਦੇ 12 ਸਤੰਬਰ ਨੂੰ ਵਿੰਡਸਫੀਲ ਵੁਲਵਰਹੈਂਪਟਨ ਵਿਖੇ ਸਾਰਾਗੜੀ ਦੇ ਸਿੱਖ ਯੋਧਿਆਂ ਦੀ ਯਾਦਗਰ ਦੇ ਉਦਘਾਟਨੀ ਸਮਾਰੋਹ ਅਤੇ 13 ਸਤੰਬਰ ਨੂੰ 'ਐਂਗਲੋ ਸਿੱਖ ਇਤਿਹਾਸ ਅਤੇ ਬਰਤਾਨਵੀ ਸਿੱਖ' ਵਿਸ਼ੇ 'ਤੇ ਬਰਤਾਨਵੀ ਸੰਸਦ 'ਚ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫਾਰ ਸਿੱਖਸ ਵਲੋਂ ਕਰਵਾਏ ਜਾਣ ਵਾਲੇ ਸਮਾਗਮ 'ਚ ਹਿੱਸਾ ਲੈਣ ਦੀਆਂ ਸੰਭਾਵਨਾਵਾਂ ਹਨ | ਜ਼ਿਕਰਯੋਗ ਹੈ ਕਿ ਯੂ.ਕੇ. 'ਚ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਵਾਲੇ ਯਾਤਰੀਆਂ ਨੂੰ ਐਂਬਰ ਸੂਚੀ 'ਚ ਸ਼ਾਮਿਲ ਦੇਸ਼ਾਂ ਤੋਂ ਆਉਣ ਸਮੇਂ ਦੋ ਦਿਨਾਂ 'ਚ ਕੋਰੋਨਾ ਟੈਸਟ ਕਰਨ ਅਤੇ ਰਿਪੋਰਟ ਸਿਹਤ ਵਿਭਾਗ ਨੂੰ ਦੇਣ ਦੇ ਨਿਰਦੇਸ਼ ਹਨ ਅਤੇ ਉਨ੍ਹਾਂ ਨੂੰ ਇਕਾਂਤਵਾਸ ਜ਼ਰੂਰੀ ਨਹੀਂ ਪਰ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗਣ ਦੇ ਬਾਵਜੂਦ ਉਨ੍ਹਾਂ ਨੂੰ ਇਕਾਂਤਵਾਸ ਜਾਣਾ ਹੈ, ਜਿਸ ਤਹਿਤ ਹੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਇਕਾਂਤਵਾਸ ਜਾਣਾ ਪਿਆ ਹੈ | ਪਰ ਸਵਾਲ ਇਹ ਉੱਠਦਾ ਹੈ ਕਿ ਭਾਰਤ ਲਈ ਬਰਤਾਨੀਆ ਦਾ ਇਹ ਦੋਹਰਾ ਮਾਪਦੰਡ ਕਿਉਂ ਹੈ | ਭਾਰਤ 'ਚ ਲੱਗਣ ਵਾਲੀ ਕੋਵੀਸ਼ੀਲਡ ਅਤੇ ਯੂ.ਕੇ. ਲੱਗਣ ਵਾਲੀ ਵੈਕਸੀਨ ਆਕਸਫੋਰਡ ਯੂਨੀਵਰਸਿਟੀ ਵਲੋਂ ਤਿਆਰ ਕੀਤਾ ਇਕੋ ਫਾਰਮੂਲਾ ਹੈ, ਜਿਸ ਨੂੰ ਭਾਰਤ 'ਚ ਸੀਰਮ ਕੰਪਨੀ ਅਤੇ ਯੂ.ਕੇ. 'ਚ ਐਸਟਰਜੈਨਿਕਾ ਕੰਪਨੀ ਤਿਆਰ ਕਰ ਰਹੀ ਹੈ | ਜਦ ਕਿ 50 ਲੱਖ ਤੋਂ ਵੱਧ ਬਰਤਾਨਵੀ ਨਾਗਰਿਕਾਂ ਨੂੰ ਸੀਰਮ ਕੰਪਨੀ ਵਲੋਂ ਤਿਆਰ ਕੀਤੀ ਵੈਕਸੀਨ ਦੀਆਂ ਖੁਰਾਕਾਂ ਵੀ ਦਿੱਤੀਆਂ ਗਈਆਂ |