ਆਈ.ਐਸ.ਆਈ.ਐਸ.-ਖੁਰਾਸਾਨ ਤੇ ਤਾਲਿਬਾਨ ਵਿਚਾਲੇ ਖੁੱਲ੍ਹੀ ਲੜਾਈ ਸ਼ੁਰੂ
ਆਈ.ਐਸ.ਆਈ.ਐਸ.-ਖੁਰਾਸਾਨ ਤੇ ਤਾਲਿਬਾਨ ਵਿਚਾਲੇ ਖੁੱਲ੍ਹੀ ਲੜਾਈ ਸ਼ੁਰੂ
ਅੰਮ੍ਰਿਤਸਰ-ਅਫ਼ਗਾਨਿਸਤਾਨ 'ਚ ਤਾਲਿਬਾਨ ਅਤੇ ਆਈ.ਐਸ.ਆਈ.ਐਸ.-ਕੇ (ਖੁਰਾਸਾਨ) ਵਿਚਾਲੇ ਖੁੱਲ੍ਹੀ ਲੜਾਈ ਸ਼ੁਰੂ ਹੋ ਗਈ ਹੈ। ਸੁਰੱਖਿਆ ਮਾਹਿਰਾਂ ਅਨੁਸਾਰ ਆਈ.ਐਸ.ਆਈ.ਐਸ.-ਕੇ. ਤਾਲਿਬਾਨ ਸਰਕਾਰ ਨੂੰ ਅਸਥਿਰ ਕਰਨਾ ਚਾਹੁੰਦਾ ਹੈ। ਇਸ ਅੱਤਵਾਦੀ ਸੰਗਠਨ ਨੇ ਆਪਣੇ ਹਫ਼ਤਾਵਾਰੀ ਅਖ਼ਬਾਰ ਅਲ-ਨਬਾ 'ਚ ਕਿਹਾ ਹੈ ਕਿ ਤਾਲਿਬਾਨ ਅਸਲ ਜਿਹਾਦ 'ਚ ਸ਼ਾਮਿਲ ਨਹੀਂ ਹੈ ਬਲਕਿ ਅਫ਼ਗਾਨਿਸਤਾਨ ਨੂੰ ਇਕ ਵਾਰ ਫਿਰ ਕਿਸੇ ਆਲਮੀ ਸਾਜਿਸ਼ ਦੇ ਹਿੱਸੇ ਵਜੋਂ ਤਾਲਿਬਾਨ ਦੇ ਹਵਾਲੇ ਕਰ ਦਿੱਤਾ ਗਿਆ ਹੈ। ਆਈ. ਐਸ. ਆਈ. ਐਸ.- ਕੇ. ਤਾਲਿਬਾਨ ਵਿਰੁੱਧ ਹਮਲੇ ਤੇਜ਼ ਕਰਨ ਦੀ ਤਿਆਰੀ ਕਰ ਰਿਹਾ ਹੈ ਅਤੇ ਹੁਣ ਉਹ ਆਪਣੇ ਆਪ ਨੂੰ ਅਫ਼ਗਾਨਿਸਤਾਨ ਦੇ ਮੁੱਖ ਜਿਹਾਦੀ ਧੜੇ ਵਜੋਂ ਸਥਾਪਤ ਕਰਨਾ ਚਾਹੁੰਦਾ ਹੈ। ਤਾਲਿਬਾਨ ਵਲੋਂ ਵੀ ਆਈ. ਐਸ.ਆਈ.ਐਸ.-ਕੇ. ਅਤੇ ਉਸ ਦੇ ਸਮਰਥਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਖ਼ਾਸ ਕਰਕੇ ਕਾਰਵਾਈ ਦੀ ਮੁਹਿੰਮ ਅਫ਼ਗਾਨਿਸਤਾਨ ਦੇ ਉਨ੍ਹਾਂ ਪੂਰਬੀ ਸੂਬਿਆਂ 'ਚ ਚਲਾਈ ਗਈ ਹੈ, ਜਿਨ੍ਹਾਂ ਦੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ। ਤਾਲਿਬਾਨ ਦੁਆਰਾ ਨਿਯੁਕਤ ਇਕ ਸੂਬਾਈ ਗਵਰਨਰ ਮੁੱਲਾ ਨੇਦਾ ਮੁਹੰਮਦ ਨੇ ਮੀਡੀਆ ਨੂੰ ਦੱਸਿਆ ਕਿ ਆਈ.ਐਸ.ਆਈ.ਐਸ.-ਕੇ. ਨਾਲ ਸਬੰਧ ਰੱਖਣ ਦੇ ਦੋਸ਼ 'ਚ ਨਾਂਗਰਹਾਰ ਪ੍ਰਾਂਤ 'ਚ 80 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 150 ਤੋਂ ਵੱਧ ਨੂੰ ਤਾਲਿਬਾਨ ਲੜਾਕਿਆਂ ਨੇ ਮਾਰ ਦਿੱਤਾ ਹੈ। ਦੱਸਣਯੋਗ ਹੈ ਕਿ ਆਈ. ਐਸ. ਆਈ. ਐਸ.-ਖੁਰਾਸਾਨ ਅੱਤਵਾਦੀ ਸੰਗਠਨ ਅਫ਼ਗਾਨਿਸਤਾਨ ਤੇ ਪਾਕਿ 'ਚ ਇਸਲਾਮਿਕ ਸਟੇਟ ਦੀ ਇਕ ਸਰਗਰਮ ਸ਼ਾਖਾ ਹੈ। ਉਧਰ ਤਾਲਿਬਾਨ ਨੇ ਇਕ ਅਜਿਹੇ ਕੈਦੀ ਨੂੰ ਕਾਬੁਲ ਜੇਲ੍ਹ ਦਾ ਇੰਚਾਰਜ ਨਿਯੁਕਤ ਕੀਤਾ ਹੈ ਜੋ ਕਿਸੇ ਸਮੇਂ ਉਕਤ ਜੇਲ੍ਹ 'ਚ ਬੰਦ ਸੀ। ਤਾਲਿਬਾਨ ਵਲੋਂ ਰਾਜਧਾਨੀ ਦੀ ਪੁਲ-ਏ-ਚਰਖੀ ਜੇਲ੍ਹ ਦੇ ਸਾਰੇ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ। ਅਫ਼ਗਾਨਿਸਤਾਨ ਦੀਆਂ ਕਈ ਜੇਲ੍ਹਾਂ ਇਸ ਤਰ੍ਹਾਂ ਉਜਾੜ ਹੋ ਗਈਆਂ ਹਨ। ਤਾਲਿਬਾਨ ਅੱਤਵਾਦੀ ਜਿਸ ਨੂੰ ਇਕ ਦਹਾਕੇ ਪਹਿਲਾਂ ਪੂਰਬੀ ਕੁਨਾਰ ਪ੍ਰਾਂਤ ਤੋਂ ਪੁਲ-ਏ-ਚਰਖੀ ਜੇਲ੍ਹ 'ਚ ਫੜ ਕੇ ਲਿਆਂਦਾ ਗਿਆ ਸੀ, ਉਹ ਹੁਣ ਉਸੇ ਜੇਲ੍ਹ ਦਾ ਇੰਚਾਰਜ ਹੈ। ਮੌਜੂਦਾ ਜੇਲਰ/ਇੰਚਾਰਜ ਨੇ ਦੱਸਿਆ ਕਿ ਹੁਣ ਉਹ ਤਾਲਿਬਾਨ ਸਾਥੀਆਂ ਦੇ ਨਾਲ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ਦੀ ਦੇਖਭਾਲ ਕਰ ਰਿਹਾ ਹੈ। ਇਸ ਵਿਚਾਲੇ ਤਾਲਿਬਾਨ ਸਰਕਾਰ ਦੇ ਫ਼ੌਜ ਮੁਖੀ ਕਰੀ ਫ਼ਸੀਹੂਦੀਨ ਨੇ ਕਿਹਾ ਹੈ ਕਿ ਜਲਦ ਹੀ ਅਫ਼ਗਾਨਿਸਤਾਨ 'ਚ ਰਸਮੀ ਫ਼ੌਜ ਹੋਵੇਗੀ। ਇਸ ਨਵੀਂ ਫ਼ੌਜ 'ਚ ਪਿਛਲੀ ਸਰਕਾਰ 'ਚ ਸੇਵਾ ਕਰਨ ਵਾਲੇ ਸਾਬਕਾ ਫ਼ੌਜੀਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਸਾਬਕਾ ਫ਼ੌਜੀ ਅਧਿਕਾਰੀ ਸ਼ਕੋਰਉੱਲਾ ਸੁਲਤਾਨੀ ਨੇ ਕਿਹਾ ਕਿ ਤਾਲਿਬਾਨ ਨੂੰ 3 ਲੱਖ ਫ਼ੌਜੀਆਂ ਦੀ ਕਿਸਮਤ ਦਾ ਫ਼ੈਸਲਾ ਕਰਨਾ ਚਾਹੀਦਾ ਹੈ। ਅਫ਼ਗਾਨਿਸਤਾਨ ਦੇ ਉਪ ਪ੍ਰਧਾਨ ਮੰਤਰੀ ਤੇ ਤਾਲਿਬਾਨ ਨੇਤਾ ਮੁੱਲਾ ਅਬਦੁਲ ਗਨੀ ਬਰਾਦਰ ਦਾ ਇਕ ਵੀਡੀਓ ਜਾਰੀ ਕੀਤਾ ਗਿਆ ਹੈ, ਜਿਸ 'ਚ ਉਹ ਆਪਣੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਤੋਂ ਇਨਕਾਰ ਕਰਦੇ ਹੋਏ ਨਜ਼ਰ ਆ ਰਹੇ ਹਨ। ਬਰਾਦਰ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਹੈ ਕਿ ਸਰਕਾਰ ਦੇ ਅੰਦਰ ਕੋਈ ਅੰਦਰੂਨੀ ਕਲੇਸ਼ ਹੈ। ਉਨ੍ਹਾਂ ਕਿਹਾ ਕਿ ਸਰਕਾਰ 'ਚ ਸਭ ਕੁਝ ਠੀਕ ਚੱਲ ਰਿਹਾ ਹੈ। ਉਕਤ ਵੀਡੀਓ 'ਚ ਜਦੋਂ ਬਰਾਦਰ ਨੂੰ ਇਹ ਪੁੱਛਿਆ ਗਿਆ ਕਿ ਜਦੋਂ ਉਹ ਐਤਵਾਰ ਨੂੰ ਕਾਬੁਲ ਗਏ ਤਾਂ ਕਤਰ ਦੇ ਵਿਦੇਸ਼ ਮੰਤਰੀ ਨੂੰ ਕਿਉਂ ਨਹੀਂ ਮਿਲੇ ਅਤੇ ਜਦੋਂ ਪ੍ਰਧਾਨ ਮੰਤਰੀ ਮੁੱਲਾ ਮੁਹੰਮਦ ਹਸਨ ਅਖੁੰਦ ਨੇ ਸ਼ੇਖ਼ ਮੁਹੰਮਦ ਬਿਨ ਅਬਦੁਲਰਹਮਾਨ ਅਲ-ਥਾਨੀ ਨਾਲ ਮੁਲਾਕਾਤ ਕੀਤੀ ਤਾਂ ਵੀ ਬਰਾਦਰ ਮੌਜੂਦ ਨਹੀਂ ਸਨ। ਇਸ 'ਤੇ ਉਨ੍ਹਾਂ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਉਨ੍ਹਾਂ ਨੂੰ ਉਕਤ ਬੈਠਕਾਂ ਬਾਰੇ ਜਾਣਕਾਰੀ ਨਹੀਂ ਸੀ ਅਤੇ ਜੇਕਰ ਹੁੰਦੀ ਤਾਂ ਉਹ ਆਪਣੀ ਯਾਤਰਾ ਮੁਲਤਵੀ ਕਰ ਦਿੰਦੇ।