ਕਰ ਵਿਭਾਗ ਵਲੋਂ ਦੂਜੇ ਦਿਨ ਸੋਨੂੰ ਸੂਦ ਦੇ ਮੁੰਬਈ ਸਥਿਤ ਠਿਕਾਣਿਆਂ 'ਤੇ ਛਾਪੇਮਾਰੀ
ਕਰ ਵਿਭਾਗ ਵਲੋਂ ਦੂਜੇ ਦਿਨ ਸੋਨੂੰ ਸੂਦ ਦੇ ਮੁੰਬਈ ਸਥਿਤ ਠਿਕਾਣਿਆਂ 'ਤੇ ਛਾਪੇਮਾਰੀ
ਮੁੰਬਈ- ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਬੁੱਧਵਾਰ 6 ਠਿਕਾਣਿਆਂ 'ਤੇ ਆਮਦਨ ਕਰ ਵਿਭਾਗ ਦੇ ਸਰਵੇ ਦੇ ਬਾਅਦ ਅੱਜ ਮੁੰਬਈ 'ਚ ਉਨ੍ਹਾਂ ਦੇ ਘਰ ਵਿਭਾਗ ਦੇ ਅਧਿਕਾਰੀ ਦੁਬਾਰਾ ਪਹੁੰਚੇ | ਰਿਪੋਰਟ ਅਨੁਸਾਰ ਕਰ ਅਧਿਕਾਰੀ ਸੋਨੂੰ ਸੂਦ ਦੇ ਲਖਨਊ ਦੀ ਇਕ ਰੀਅਲ ਅਸਟੇਟ ਕੰਪਨੀ ਨਾਲ ਹੋਏ ਜਾਇਦਾਦ ਸੌਦੇ ਦੀ ਜਾਂਚ ਕਰ ਰਹੇ ਹਨ | ਅਧਿਕਾਰੀਆਂ ਨੇ ਬੀਤੇ ਦਿਨ ਅਭਿਨੇਤਾ ਨਾਲ ਜੁੜੇ 6 ਠਿਕਾਣਿਆਂ ਦੀ ਤਲਾਸ਼ੀ ਕੀਤੀ, ਜਿਸ 'ਚ ਜੁਹੂ ਸਥਿਤ ਉਨ੍ਹਾਂ ਦੇ ਘਰ ਉਨ੍ਹਾਂ ਦੀ ਚੈਰਿਟੀ ਦਾ ਦਫ਼ਤਰ ਵੀ ਸ਼ਾਮਿਲ ਹੈ | ਆਪ੍ਰੇਸ਼ਨ ਨੂੰ ਅਧਿਕਾਰੀਆਂ ਨੇ ਸਰਵੇਖਣ ਦਾ ਨਾਂ ਦਿੱਤਾ ਸੀ | ਉੱਥੇ ਹੀ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਕਿ ਸੋਨੂੰ ਸੂਦ ਦੀ ਕੰਪਨੀ ਅਤੇ ਲਖਨਊ ਸਥਿਤ ਰੀਅਲ ਅਸਟੇਟ ਕੰਪਨੀ ਦਰਮਿਆਨ ਹਾਲ ਹੀ 'ਚ ਇਕ ਸੌਦਾ ਜਾਂਚ ਦੇ ਘੇਰੇ 'ਚ ਹੈ | ਇਸ ਸੌਦੇ 'ਤੇ ਕਰ ਚੋਰੀ ਦੇ ਦੋਸ਼ਾਂ ਦਾ ਖੁਲਾਸਾ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਅਭਿਨੇਤਾ ਦੀ ਮੁਲਾਕਾਤ ਦੇ ਕੁਝ ਦਿਨਾਂ ਬਾਅਦ ਛਾਪੇ ਮਾਰੇ ਗਏ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਸਕੂਲੀ ਵਿਦਿਆਰਥੀਆਂ ਲਈ ਇਕ ਪ੍ਰੋਗਰਾਮ ਦਾ ਬ੍ਰਾਂਡ ਅੰਬੈਸਡਰ ਬਣਾਇਆ ਸੀ | ਕਰ ਵਿਭਾਗ ਦੀ ਛਾਪੇਮਾਰੀ ਦਾ ਕਈ ਰਾਜਨੀਤਕ ਦਲਾਂ ਨੇ ਵਿਰੋਧ ਕੀਤਾ ਹੈ |