ਆਈਟੀ ਵਿਭਾਗ ਨੇ ਸੋਨੂੰ ਸੂਦ ਖ਼ਿਲਾਫ਼ ਜਾਂਚ ਦਾ ਘੇਰਾ ਵਧਾਇਆ
ਆਈਟੀ ਵਿਭਾਗ ਨੇ ਸੋਨੂੰ ਸੂਦ ਖ਼ਿਲਾਫ਼ ਜਾਂਚ ਦਾ ਘੇਰਾ ਵਧਾਇਆ
ਮੁੰਬਈ: ਅਦਾਕਾਰ ਸੋਨੂੰ ਸੂਦ ਵਿਰੁੱਧ ਜਾਂਚ ਦਾ ਘੇਰਾ ਵਧਾਉਂਦਿਆਂ ਆਮਦਨ ਕਰ ਵਿਭਾਗ ਨੇ ਸ਼ੁੱਕਰਵਾਰ ਨੂੰ ਉਸ ਦੇ ਕਈ ਹੋਰ ਟਿਕਾਣਿਆਂ ’ਤੇ ਛਾਪੇ ਮਾਰੇ। ਇਹ ਜਾਣਕਾਰੀ ਅੱਜ ਇੱਥੇ ਅਧਿਕਾਰਤ ਸੂਤਰਾਂ ਨੇ ਸਾਂਝੀ ਕੀਤੀ। ਵਿਭਾਗ ਨੇ ਬੁੱਧਵਾਰ ਨੂੰ 48 ਸਾਲਾ ਅਭਿਨੇਤਾ ਅਤੇ ਉਸ ਨਾਲ ਜੁੜੇ ਕੁਝ ਵਿਅਕਤੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਸੀ ਅਤੇ ਅੱਜ ਵੀ ਕਾਰਵਾਈ ਜਾਰੀ ਰਹੀ। ਉਨ੍ਹਾਂ ਦੱਸਿਆ ਕਿ ਜਾਂਚ ਦਾ ਘੇਰਾ ਵਧਾਉਂਦਿਆਂ ਅੱਜ ਸ਼ਹਿਰ ਦੀਆਂ ਹੋਰ ਥਾਵਾਂ ’ਤੇ ਵੀ ਛਾਪੇ ਮਾਰੇ ਗਏ। ਬੁੱਧਵਾਰ ਨੂੰ ਇਹ ਕਾਰਵਾਈ ਮਹਾਨਗਰ ਅਤੇ ਲਖਨਊ ਵਿੱਚ ਘੱਟੋ -ਘੱਟ ਅੱਧੀ ਦਰਜਨ ਥਾਵਾਂ ’ਤੇ ਕੀਤੀ ਗਈ। ਅਧਿਕਾਰਤ ਸੂਤਰਾਂ ਨੇ ਦੱਸਿਆ ਸੀ ਕਿ ਸੂਦ ਨਾਲ ਜੁੜੇ ਇੱਕ ਰੀਅਲ ਅਸਟੇਟ ਸੌਦੇ ਅਤੇ ਕੁਝ ਹੋਰ ਵਿੱਤੀ ਲੈਣ-ਦੇਣ ਵਿਭਾਗ ਦੀ ਜਾਂਚ ਦੇ ਘੇਰੇ ਵਿੱਚ ਹਨ। ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਪਿਛਲੇ ਸਾਲ ਦੇਸ਼-ਵਿਆਪੀ ਤਾਲਾਬੰਦੀ ਦੌਰਾਨ ਪਰਵਾਸੀਆਂ ਨੂੰ ਉਨ੍ਹਾਂ ਦੇ ਗ੍ਰਹਿ ਸੂਬਿਆਂ ਤੱਕ ਪਹੁੰਚਾਉਣ ਵਿੱਚ ਸਹਾਇਤਾ ਕਰਨ ਲਈ ਅਦਾਕਾਰ ਨੇ ਸੁਰਖੀਆਂ ਬਟੋਰੀਆਂ ਸਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠਲੀ ਦਿੱਲੀ ਸਰਕਾਰ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਸੂਦ ਆਮ ਆਦਮੀ ਪਾਰਟੀ ਦੀ ਸਰਕਾਰ ਦੇ ‘ਦੇਸ਼ ਕਾ ਮੈਂਟਰਜ਼’ ਪ੍ਰੋਗਰਾਮ ਦੇ ਬ੍ਰਾਂਡ ਅੰਬੈਸਡਰ ਹੋਣਗੇ, ਜਿਸ ਦੇ ਤਹਿਤ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਰੀਅਰ ਦੀ ਚੋਣ ਕਰਨ ਵਿੱਚ ਸੇਧ ਦਿੱਤੀ ਜਾਵੇਗੀ। ਕੇਜਰੀਵਾਲ ਨੇ ਸ਼ਨਿੱਚਰਵਾਰ ਨੂੰ ਕਿਹਾ ਸੀ ਕਿ ਸੂਦ ਨਾਲ ਭਾਰਤ ਦੇ ਉਨ੍ਹਾਂ ਲੱਖਾਂ ਪਰਿਵਾਰਾਂ ਦੀਆਂ ਦੁਆਵਾਂ ਹਨ ਕੀਤੀਆਂ ਜਿਨ੍ਹਾਂ ਦੀ ਔਖੀ ਘੜੀ ਵਿੱਚ ਉਨ੍ਹਾਂ ਮਦਦ ਕੀਤੀ ਸੀ।