ਸੋਨੂ ਸੂਦ ਅਤੇ ਸਹਿਯੋਗੀਆਂ ’ਤੇ 20 ਕਰੋੜ ਦੀ ਟੈਕਸ ਚੋਰੀ ਦਾ ਦੋਸ਼
ਸੋਨੂ ਸੂਦ ਅਤੇ ਸਹਿਯੋਗੀਆਂ ’ਤੇ 20 ਕਰੋੜ ਦੀ ਟੈਕਸ ਚੋਰੀ ਦਾ ਦੋਸ਼
ਨਵੀਂ ਦਿੱਲੀ-ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ (ਸੀਬੀਡੀਟੀ) ਨੇ ਅੱਜ ਦੋਸ਼ ਲਗਾਇਆ ਹੈ ਕਿ ਅਦਾਕਾਰ ਸੋਨੂ ਸੂਦ ਤੇ ਉਸ ਦੇ ਸਹਿਯੋਗੀਆਂ ਨੇ 20 ਕਰੋੜ ਰੁਪਏ ਦੀ ਟੈਕਸ ਚੋਰੀ ਕੀਤੀ ਹੈ। ਸੀਬੀਡੀਟੀ ਨੇ ਦਾਅਵਾ ਕੀਤਾ ਕਿ ਆਮਦਨ ਕਰ ਵਿਭਾਗ ਨੇ ਜਦੋਂ ਸੋਨੂ ਸੂਦ ਅਤੇ ਉਸ ਨਾਲ ਸਬੰਧਤ ਲਖਨਊ ਆਧਾਰਤ ਇਨਫਰਾਸਟ੍ਰਕਚਰ ਸਮੂਹ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਤਾਂ ਪਾਇਆ ਕਿ ਉਸ ਨੇ ਆਪਣੀ ‘ਬਿਨਾ ਹਿਸਾਬ ਦੀ ਆਮਦਨ ਨੂੰ ਕਈ ਫ਼ਰਜ਼ੀ ਸੰਸਥਾਵਾਂ ਤੋਂ ਫ਼ਰਜ਼ੀ ਅਸੁਰੱਖਿਅਤ ਕਰਜ਼ੇ ਦੇ ਰੂਪ ਵਿਚ’ ਦਰਸਾਇਆ ਹੋਇਆ ਸੀ। ਬੋਰਡ ਨੇ ਸੂਦ ’ਤੇ ਵਿਦੇਸ਼ਾਂ ਤੋਂ ਦਾਨ ਇਕੱਤਰ ਕਰਨ ਦੌਰਾਨ ਵਿਦੇਸ਼ੀ ਅੰਸ਼ਦਾਨ ਰੈਗੂਲੇਸ਼ਨ ਐਕਟ (ਐੱਫਸੀਆਰਏ) ਦਾ ਉਲੰਘਣ ਕਰਨ ਦਾ ਦੋਸ਼ ਵੀ ਲਗਾਇਆ। ਆਮਦਨ ਕਰ ਵਿਭਾਗ ਨੇ 48 ਸਾਲਾ ਅਦਾਕਾਰ ਤੇ ਲਖਨਊ ਸਥਿਤ ਕਾਰੋਬਾਰੀ ਸਮੂਹ ਦੇ ਟਿਕਾਣਿਆਂ ’ਤੇ 15 ਸਤੰਬਰ ਨੂੰ ਛਾਪੇ ਮਾਰੇ ਸਨ ਅਤੇ ਸੀਬੀਡੀਟੀ ਨੇ ਦੱਸਿਆ ਕਿ ਛਾਪੇ ਹੁਣੇ ਜਾਰੀ ਹਨ। ਸੀਬੀਡੀਟੀ ਨੇ ਇਕ ਬਿਆਨ ਵਿਚ ਕਿਹਾ, ‘‘ਅਦਾਕਾਰ ਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਟਿਕਾਣਿਆਂ ’ਤੇ ਛਾਪਿਆਂ ਦੌਰਾਨ ਟੈਕਸ ਚੋਰੀ ਨਾਲ ਸਬੰਧਤ ਸਬੂਤ ਮਿਲੇ ਹਨ।’’ ਵਿਭਾਗ ਨੇ ਕਿਹਾ, ‘‘ਅਦਾਕਾਰ ਵੱਲੋਂ ਅਪਣਾਈ ਜਾਣ ਵਾਲੀ ਮੁੱਖ ਕਾਰਜਪ੍ਰਣਾਲੀ ਇਹ ਸੀ ਕਿ ਉਹ ਆਪਣੀ ਬੇਹਿਸਾਬੀ ਆਮਦਨ ਨੂੰ ਕਈ ਫ਼ਰਜ਼ੀ ਸੰਸਥਾਵਾਂ ਤੋਂ ਫ਼ਰਜ਼ੀ ਅਸੁਰੱਖਿਅਤ ਕਰਜ਼ੇ ਦੇ ਰੂਪ ਵਿਚ ਤਬਦੀਲ ਕਰਦਾ ਸੀ।’’ ਹੁਣ ਤੱਕ ਇਸ ਤਰ੍ਹਾਂ ਦੀਆਂ 20 ਐਂਟਰੀਆਂ ਦੇ ਇਸਤੇਮਾਲ ਦੀ ਜਾਣਕਾਰੀ ਮਿਲੀ ਹੈ।