ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਸ਼ੁਰੂ
ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਸ਼ੁਰੂ
ਅੰਮ੍ਰਿਤਸਰ-ਉੱਤਰਾਖੰਡ ਸੂਬੇ ਵਿੱਚ ਲਗਪਗ ਪੰਦਰਾਂ ਹਜ਼ਾਰ ਫੁੱਟ ’ਤੇ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਅੱਜ ਸਵੇਰੇ ਆਰੰਭ ਹੋ ਗਈ। ਸਵੇਰੇ ਗੁਰਦੁਆਰੇ ਵਿੱਚ ਪੰਥਕ ਰਹੁ-ਰੀਤਾਂ ਮੁਤਾਬਕ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਇਸ ਮੌਕੇ ਪਹਿਲੀ ਅਰਦਾਸ ਤੇ ਪਹਿਲਾ ਹੁਕਮਨਾਮਾ ਲਿਆ ਗਿਆ। ਗੁਰਦੁਆਰਾ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਮੀਤ ਪ੍ਰਧਾਨ ਨਰਿੰਦਰਪਾਲ ਸਿੰਘ ਬਿੰਦਰਾ ਨੇ ਦੱਸਿਆ ਕਿ ਅੱਜ ਸਵੇਰੇ ਸ਼ਰਧਾਲੂ ਗੁਰਦੁਆਰੇ ਵਿੱਚ ਪੁੱਜ ਗਏ ਸਨ, ਜਿੱਥੇ ਪੰਥਕ ਰਵਾਇਤਾਂ ਮੁਤਾਬਕ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਗੁਰਦੁਆਰੇ ਵਿੱਚ ਲਿਆ ਕੇ ਪ੍ਰਕਾਸ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦਿੱਲੀ ਤੋਂ ਆਏ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਪਹਿਲੇ ਦਿਨ ਸ਼ਾਮਲ ਹੋਇਆ। ਇੱਕ ਦੋ ਦਿਨਾਂ ਵਿੱਚ ਸ਼ਰਧਾਲੂਆਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ। ਭਾਵੇਂ ਇਹ ਯਾਤਰਾ ਅਕਤੂਬਰ ਦੇ ਪਹਿਲੇ ਹਫ਼ਤੇ ਵਿੱਚ ਸੰਪੂਰਨ ਹੋ ਜਾਂਦੀ ਹੈ, ਪਰ ਇਸ ਵਾਰ ਇਸ ਦਾ ਸਮਾਂ ਵਧਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਯਾਤਰਾ ਦੀ ਸਮਾਪਤੀ ਦਾ ਫ਼ੈਸਲਾ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਕਰੋਨਾਵਾਇਰਸ ਕਾਰਨ ਹੇਮਕੁੰਟ ਸਾਹਿਬ ਦੀ ਯਾਤਰਾ ਲਗਪਗ ਸਾਢੇ ਤਿੰਨ ਮਹੀਨੇ ਪੱਛੜ ਕੇ ਸ਼ੁਰੂ ਹੋਈ ਹੈ। ਇਸ ਦੌਰਾਨ ਅੱਜ ਹੀ ਉਤਰਾਖੰਡ ਸਥਿਤ ਚਾਰ ਧਾਮਾਂ ਦੀ ਯਾਤਰਾ ਵੀ ਸ਼ੁਰੂ ਹੋ ਗਈ ਹੈ।