ਕਾਂਗਰਸ ਦੀ ਡੁੱਬਦੀ ਬੇੜੀ ਕੋਈ ਨਹੀਂ ਬਚਾ ਸਕਦਾ: ਢੀਂਡਸਾ

ਕਾਂਗਰਸ ਦੀ ਡੁੱਬਦੀ ਬੇੜੀ ਕੋਈ ਨਹੀਂ ਬਚਾ ਸਕਦਾ: ਢੀਂਡਸਾ

ਕਾਂਗਰਸ ਦੀ ਡੁੱਬਦੀ ਬੇੜੀ ਕੋਈ ਨਹੀਂ ਬਚਾ ਸਕਦਾ: ਢੀਂਡਸਾ
ਪਟਿਆਲਾ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ’ਤੇ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਮੁੱਖ ਮੰਤਰੀ ਜਿਹੜਾ ਵੀ ਬਣ ਜਾਵੇ, ਪਰ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਕੋਈ ਨਹੀਂ ਬਚਾ ਸਕਦਾ। ਅਗਾਮੀ ਸਰਕਾਰ ਬਣਾਉਣ ਅਕਾਲੀ ਦਲ ਸੰਯੁਕਤ ਦੀ ਅਹਿਮ ਭੂਮਿਕਾ ਹੋਣ ਦਾ ਦਾਅਵਾ ਕਰਦਿਆਂ, ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਦੇ ਸਮੂਹ ਵਿਧਾਨ ਸਭਾ ਹਲਕਿਆਂ ਤੋਂ ਆਪਣੇ ਉਮੀਦਵਾਰ ਮੈਦਾਨ ’ਚ ਉਤਾਰੇਗੀ। ਉਹ ਪਾਰਟੀ ਦੇ ਜਨਰਲ ਸਕੱਤਰ ਅਤੇ ਐਸਐਸ ਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਦੇ ਘਰ ਪਾਰਟੀ ਦੇ ਚੋਣਵੇਂ ਆਗੂਆਂ ਦੀ ਮੀਟਿੰਗ ਵਿਚ ਪੁੱਜੇ ਸਨ। ਇਸ ਦੌਰਾਨ ਪਾਰਟੀ ਦੇ ਮੁੱਖ ਬੁਲਾਰੇ ਬੀਰ ਦਵਿੰਦਰ ਸਿੰਘ ਤੇ ਹੋਰ ਅਹੁਦੇਦਾਰ ਵੀ ਮੌਜੂਦ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਢੀਂਡਸਾ ਨੇ ਕਿਹਾ ਕਿ ਕਾਂਗਰਸ ਦੀ ਖਾਨਾਜੰਗੀ ਨੇ ਹੀ ਪੰਜਾਬ ਦਾ ਨੁਕਸਾਨ ਕੀਤਾ ਹੈ। ਹੁਣ ਵੀ ਕੁਝ ਸਮੇਂ ਲਈ ਬਣਾਏ ਜਾਣ ਵਾਲ਼ੇ ਮੁੱਖ ਮੰਤਰੀ ਨੇ ਭਲਾਂ ਲੋਕਾਂ ਦਾ ਕੀ ਸੰਵਾਰਨਾ ਹੈ। ਕਿਉਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਦੌਰਾਨ ਕੀਤੇ ਕਿਸੇ ਵੀ ਵਾਅਦੇ ਨੂੰ ਹੁਣ ਤੱਕ ਪੂਰਾ ਨਹੀਂ ਕੀਤਾ ਜਿਸ ਕਰ ਕੇ ਲੋਕ ਕਾਂਗਰਸ ਦੀ ਸਰਕਾਰ ਤੋਂ ਦੁਖੀ ਹਨ। ਬੀਰਦਵਿੰਦਰ ਸਿੰਘ ਨੇ ਕਿਹਾ ਕਿ ਅਮਰਿੰਦਰ ਸਿੰਘ ਨਾਲ਼ ਏਨੀ ਕੁ ਤਾਂ ਹੋਣੀ ਹੀ ਸੀ। ਉਨ੍ਹਾਂ ਆਪਣੇ ਹੱਕਾਂ ਲਈ ਬੱਚਿਆਂ ਸਣੇ ਸੜਕਾਂ ’ਤੇ ਰੁਲਣ ਤੇ ਪੁਲੀਸ ਦੀਆਂ ਵਧੀਕੀਆਂ ਝੱਲਣ ਵਾਲੇ ਮੁਲਾਜ਼ਮਾਂ ਨਾਲ ਕੀਤੇ ਧੱਕੇ ਦਾ ਅਜੇ ਹੋਰ ਖ਼ਮਿਆਜ਼ਾ ਵੀ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਕਾਰਨ ਲੋਕ ਕਾਂਗਰਸ ਨੂੰ ਕਦੇ ਮੁਆਫ਼ ਨਹੀਂ ਕਰਨਗੇ।

Radio Mirchi