ਚਰਨਜੀਤ ਚੰਨੀ ਪੰਜਾਬ ਦੇ ਨਵੇਂ ਮੁੱਖ ਮੰਤਰੀ; ਅੱਜ ਲੈਣਗੇ ਹਲਫ਼
ਚਰਨਜੀਤ ਚੰਨੀ ਪੰਜਾਬ ਦੇ ਨਵੇਂ ਮੁੱਖ ਮੰਤਰੀ; ਅੱਜ ਲੈਣਗੇ ਹਲਫ਼
ਚੰਡੀਗੜ੍ਹ-ਕਾਂਗਰਸ ਹਾਈ ਕਮਾਨ ਨੇ ਪਾਰਟੀ ਵਿਧਾਇਕਾਂ ਨਾਲ ਲੰਮੀ ਵਿਚਾਰ ਚਰਚਾ ਮਗਰੋਂ ਅੱਜ ਸਾਰੇ ਕਿਆਸਾਂ ਨੂੰ ਵਿਰਾਮ ਦਿੰਦਿਆਂ ਦਲਿਤ ਆਗੂ ਚਰਨਜੀਤ ਸਿੰਘ ਚੰਨੀ(58) ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨ ਦਿੱਤਾ ਹੈ। ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਭਲਕੇ ਸੋਮਵਾਰ ਨੂੰ 11 ਵਜੇ ਪੰਜਾਬ ਦੇ 16ਵੇਂ ਮੁੱਖ ਮੰਤਰੀ ਵਜੋਂ ਅਹੁਦੇ ਦਾ ਹਲਫ਼ ਲੈਣਗੇ। ਪੰਜਾਬ ਦੇ ਸਿਆਸੀ ਇਤਿਹਾਸ ’ਚ ਪਹਿਲੀ ਦਫ਼ਾ ਕੋਈ ਦਲਿਤ ਆਗੂ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਰਾਜਮਾਨ ਹੋਵੇਗਾ| ਇਸ ਤੋਂ ਪਹਿਲਾਂ ਰਾਮਗੜ੍ਹੀਆ ਭਾਈਚਾਰੇ ’ਚੋਂ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ|
ਦੱਸਣਾ ਬਣਦਾ ਹੈ ਕਿ ਸ਼ਨਿੱਚਰਵਾਰ ਨੂੰ ਕਾਂਗਰਸ ਵਿਧਾਇਕ ਦਲ ਦੀ ਹੋਈ ਮੀਟਿੰਗ ਵਿੱਚ ਨਵਾਂ ਆਗੂ ਚੁਣਨ ਲਈ ਵਿਧਾਇਕਾਂ ਨੇ ਸਰਬਸੰਮਤੀ ਨਾਲ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੇ ਸਨ| ਕਾਂਗਰਸ ਹਾਈ ਕਮਾਨ ਵੱਲੋਂ ਅੱਜ ਦਿੱਲੀ ਵਿਚ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੇ ਚਿਹਰੇ ਲਈ ਲੰਮਾ ਮੰਥਨ ਕੀਤਾ ਗਿਆ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸੀਨੀਅਰ ਆਗੂ ਰਾਹੁਲ ਗਾਂਧੀ ਇਸ ਫ਼ੈਸਲੇ ਲਈ ਮੀਟਿੰਗਾਂ ਦੇ ਦੌਰ ’ਚ ਲੱਗੇ ਰਹੇ| ਇੱਧਰ ਚੰਡੀਗੜ੍ਹ ਵਿਚ ਹਾਈ ਕਮਾਨ ਵੱਲੋਂ ਭੇਜੇ ਕੇਂਦਰੀ ਨਿਗਰਾਨਾਂ ਅਜੈ ਮਾਕਨ, ਹਰੀਸ਼ ਚੌਧਰੀ ਤੋਂ ਇਲਾਵਾ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਲੰਘੇ 24 ਘੰਟਿਆਂ ਦੌਰਾਨ ਮੁੱਖ ਮੰਤਰੀ ਦੇ ਨਵੇਂ ਚਿਹਰੇ ਵਾਸਤੇ ਸਰਬ-ਪ੍ਰਵਾਨਗੀ ਹਾਸਲ ਕਰਨ ਲਈ ਮੀਟਿੰਗਾਂ ਕੀਤੀਆਂ| ਸੁਨੀਲ ਜਾਖੜ ਦੇ ਨਾਮ ਤੋਂ ਸ਼ੁਰੂ ਹੋਇਆ ਮੰਥਨ ਆਖਿਰ ਨੂੰ ਚਰਨਜੀਤ ਚੰਨੀ ਦੇ ਨਾਮ ’ਤੇ ਸਮਾਪਤ ਹੋ ਗਿਆ| ਪਾਰਟੀ ਹਾਈ ਕਮਾਨ ਨੇ ਚਰਨਜੀਤ ਚੰਨੀ ਦੇ ਨਾਂ ਦਾ ਐਲਾਨ ਕਰਕੇ ਦਲਿਤ ਪੱਤਾ ਖੇਡਣ ਦੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਵਜੋਂ ਸਿੱਖ ਚਿਹਰਾ ਵੀ ਦਿੱਤਾ ਹੈ| ਪੰਜਾਬ ਵਿਚ ਕਰੀਬ 34 ਫੀਸਦੀ ਤੋਂ ਵੱਧ ਦਲਿਤ ਭਾਈਚਾਰੇ ਦਾ ਵੋਟ ਬੈਂਕ ਹੈ ਤੇ 34 ਰਾਖਵੇਂ ਹਲਕੇ ਹਨ| ਚੇਤੇ ਰਹੇ ਭਾਜਪਾ ਨੇ ਪਹਿਲਾਂ ਹੀ ਅਗਲੀਆਂ ਚੋਣਾਂ ਵਿਚ ਦਲਿਤ ਵਿਅਕਤੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਬਹੁਜਨ ਸਮਾਜ ਪਾਰਟੀ ਨਾਲ ਸਿਆਸੀ ਗਠਜੋੜ ਕਰਕੇ ਡਿਪਟੀ ਮੁੱਖ ਮੰਤਰੀ ਕਿਸੇ ਦਲਿਤ ਨੂੰ ਬਣਾਏ ਜਾਣ ਦਾ ਫੈਸਲਾ ਕੀਤਾ ਹੈ| ਕਾਂਗਰਸ ਪਾਰਟੀ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਐਲਾਨ ਕੇ ਵਿਰੋਧੀ ਪਾਰਟੀਆਂ ਨੂੰ ਸਿਆਸੀ ਝਟਕਾ ਦੇਣ ਦੀ ਕੋਸ਼ਿਸ਼ ਕੀਤੀ ਹੈ| ਅਗਾਮੀ ਚੋਣਾਂ ਵਿਚ ਚੰਨੀ ਦਾ ਦਲਿਤ ਚਿਹਰਾ ਕਿੰਨਾ ਕੁ ਦਲਿਤ ਵੋਟ ਬੈਂਕ ਹਾਸਲ ਕਰਨ ਵਿਚ ਸਫਲ ਹੋਵੇਗਾ, ਫਿਲਹਾਲ ਕਹਿਣਾ ਮੁਸ਼ਕਲ ਹੈ, ਪਰ ਹਾਈ ਕਮਾਨ ਨੇ ਪੰਜਾਬ ਦੇ ਲੋਕਾਂ ਦਾ ਭਰੋਸਾ ਜਿੱਤਣ ਲਈ ਦੋਹਰਾ ਪੱਤਾ ਖੇਡਿਆ ਹੈ| ਇਸ ਤੋਂ ਪਹਿਲਾਂ ਅੱਜ ਚੰਡੀਗੜ੍ਹ ਦੇ ਪ੍ਰਾਈਵੇਟ ਪੰਜ ਤਾਰਾ ਹੋਟਲ ਵਿਚ ਸਿਆਸੀ ਹਲਚਲ ਬਣੀ ਰਹੀ| ਕਰੀਬ ਪੌਣੇ ਛੇ ਵਜੇ ਸ਼ਾਮੀਂ ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ ਨੇ ਟਵੀਟ ਕਰਕੇ ਚਰਨਜੀਤ ਸਿੰਘ ਚੰਨੀ ਦੇ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਦੀ ਪੁਸ਼ਟੀ ਕੀਤੀ| ਉਸ ਮਗਰੋਂ ਹੀ ਚਰਨਜੀਤ ਚੰਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਬ੍ਰਹਮ ਮਹਿੰਦਰਾ ਆਦਿ ਨਾਲ ਰਾਜ ਭਵਨ ਲਈ ਰਵਾਨਾ ਹੋਏ| ਸ੍ਰੀ ਚੰਨੀ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੋਲ ਆਪਣਾ ਦਾਅਵਾ ਪੇਸ਼ ਕੀਤਾ| ਰਾਜ ਭਵਨ ਦੇ ਬਾਹਰ ਚੰਨੀ ਨੇ 7 ਵਜੇ ਸ਼ਾਮੀਂ ਕਿਹਾ ਕਿ ਉਨ੍ਹਾਂ ਨੇ ਰਾਜਪਾਲ ਕੋਲ ਦਾਅਵਾ ਪੇਸ਼ ਕਰ ਦਿੱਤਾ ਹੈ ਅਤੇ ਰਾਜਪਾਲ ਵਲੋਂ ਭਲਕੇ 11 ਵਜੇ ਹਲਫ਼ ਲੈਣ ਦਾ ਸਮਾਂ ਦਿੱਤਾ ਗਿਆ ਹੈ|
ਪਾਰਟੀ ਹਾਈ ਕਮਾਨ ਨੂੰ ਅੱਜ ਅੰਤਿਮ ਫੈਸਲਾ ਲੈੈਣ ਲਈ ਕਾਫੀ ਮੁਸ਼ਕਲ ਦੌਰ ਵਿਚੋਂ ਲੰਘਣਾ ਪਿਆ| ਕੇਂਦਰੀ ਨਿਗਰਾਨਾਂ ਨੇ ਅੱਜ ਦਿਨ ਵੇਲੇ ਵਿਧਾਇਕਾਂ ਨੂੰ ਫੋਨ ਕਰਕੇ ਉਨ੍ਹਾਂ ਤੋਂ ਰਾਏ ਮੰਗੀ। ਸੁਨੀਲ ਜਾਖੜ ਅਤੇ ਸੁਖਜਿੰਦਰ ਰੰਧਾਵਾ ਦੇ ਨਾਵਾਂ ’ਤੇ ਲੰਮੀ ਬਹਿਸ ਚੱਲੀ| ਹਾਈ ਕਮਾਨ ਵੱਲੋਂ ਸੁਨੀਲ ਜਾਖੜ ਨੂੰ ਅੱਗੇ ਕਰਕੇ ਹਿੰਦੂ ਪੱਤਾ ਖੇਡਣ ਬਾਰੇ ਸੋਚਿਆ ਗਿਆ ਸੀ, ਪਰ ਅੰਬਿਕਾ ਸੋਨੀ ਨੇ ਅਚਾਨਕ ਦੁਪਹਿਰ ਵਕਤ ਮੁੱਖ ਮੰਤਰੀ ਸਿੱਖ ਚਿਹਰਾ ਹੋਣ ਦਾ ਐਲਾਨ ਕਰ ਦਿੱਤਾ| ਹਾਈ ਕਮਾਨ ਦੀ ਇੱਛਾ ਸੀ ਕਿ ਨਵਾਂ ਚਿਹਰਾ ਪਾਰਟੀ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ ਅਤੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪ੍ਰਵਾਨਗੀ ਵਾਲਾ ਹੋਵੇ|
ਦੇਰ ਸ਼ਾਮ ਰਾਜ ਭਵਨ ’ਚੋਂ ਰਵਾਨਾ ਹੋ ਕੇ ਚਰਨਜੀਤ ਚੰਨੀ ਸਿੱਧਾ ਆਪਣੀ ਰਿਹਾਇਸ਼ ’ਤੇ ਪੁੱਜੇ ਜਿੱਥੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਹੋਰਨਾਂ ਵਿਧਾਇਕਾਂ ਨੇ ਚੰਨੀ ਨੂੰ ਮੁਬਾਰਕਾਂ ਦਿੱਤੀਆਂ| ਹੁਣ ਜਦੋਂ ਚੰਨੀ ਮੁੱਖ ਮੰਤਰੀ ਐਲਾਨੇ ਜਾ ਚੁੱਕੇ ਹਨ ਤਾਂ ਉਨ੍ਹਾਂ ਅੱਗੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਨਾਲ ਲੈ ਕੇ ਚੱਲਣਾ ਵੀ ਪਰਖ ਵਾਲੀ ਗੱਲ ਹੋਵੇਗੀ|
ਸਾਰੇ ਚੋਣ ਵਾਅਦੇ ਪੂਰੇ ਕੀਤੇ ਜਾਣਗੇ: ਰਾਹੁਲ ਗਾਂਧੀ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਟਵੀਟ ਕਰਕੇ ਨਵੇਂ ਮੁੱਖ ਮੰਤਰੀ ਵਜੋਂ ਨਾਮਜ਼ਦ ਚਰਨਜੀਤ ਸਿੰਘ ਚੰਨੀ ਨੂੰ ਨਵੀਂ ਭੂਮਿਕਾ ਲਈ ਵਧਾਈ ਦਿੱਤੀ। ਰਾਹੁਲ ਗਾਂਧੀ ਨੇ ਕਿਹਾ ਕਿ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦਾ ਭਰੋਸਾ ਮਹੱਤਵਪੂਰਨ ਹੈ। ਸੰਸਦ ਮੈਂਬਰ ਮੁਨੀਸ਼ ਤਿਵਾੜੀ ਤੋਂ ਇਲਾਵਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਚੰਨੀ ਨੂੰ ਮੁਬਾਰਕਾਂ ਦਿੱਤੀਆਂ ਹਨ। ਪੰਜਾਬ ਮਾਮਲਿਆਂ ਬਾਰੇ ਇੰਚਾਰਜ ਹਰੀਸ਼ ਰਾਵਤ, ਕਾਂਗਰਸ ਪ੍ਰਧਾਨ ਨਵਜੋਤ ਸਿੱਧੂ, ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਅਤੇ ਬ੍ਰਹਮ ਮਹਿੰਦਰਾ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂਆਂ ਨੇ ਵੀ ਵਧਾਈ ਦਿੱਤੀ।
ਸੁਖਜਿੰਦਰ ਰੰਧਾਵਾ ਤੇ ਬ੍ਰਹਮ ਮਹਿੰਦਰਾ ਉਪ ਮੁੱਖ ਮੰਤਰੀ ਨਿਯੁਕਤ
ਚੰਡੀਗੜ੍ਹ-ਕਾਂਗਰਸ ਹਾਈ ਕਮਾਨ ਨੇ ਦੇਰ ਰਾਤ ਕੀਤੇ ਫੈਸਲੇ ਵਿੱਚ ਸੀਨੀਅਰ ਮੰਤਰੀਆਂ ਸੁਖਜਿੰਦਰ ਰੰਧਾਵਾ ਤੇ ਬ੍ਰਹਮ ਮਹਿੰਦਰਾ ਨੂੰ ਉਪ ਮੰਤਰੀ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਖ਼ਜ਼ਾਨਚੀ ਤੇ ਸੀਨੀਅਰ ਕਾਂਗਰਸ ਆਗੂ ਪਵਨ ਕੁਮਾਰ ਬਾਂਸਲ ਨੇ ਟਵੀਟ ਕਰਕੇ ਮਹਿੰਦਰਾ ਤੇ ਰੰਧਾਵਾ ਨੂੰ ਡਿਪਟੀ ਸੀਐੱਮ ਨਿਯੁਕਤ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਬ੍ਰਹਮ ਮਹਿੰਦਰਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਨੇੜਲਿਆਂ ’ਚੋਂ ਇਕ ਹਨ ਤੇ ਉਹ ਕੈਪਟਨ ਸਰਕਾਰ ’ਚ ਸੀਨੀਅਰ ਮੰਤਰੀ ਸਨ। ਉਧਰ ਸੁਖਜਿੰਦਰ ਰੰਧਾਵਾ, ਜਿਨ੍ਹਾਂ ਨੂੰ ਕੈਪਟਨ ਦੇ ਕਾਫੀ ਕਰੀਬ ਮੰਨਿਆ ਜਾਂਦਾ ਸੀ, ਚੋਣ ਵਾਅਦਿਆਂ ਦੀ ਪੂਰਤੀ ਦੇ ਮੁੱਦੇ ਨੂੰ ਲੈ ਕੇ ਵਧੇ ਵੱਖਰੇਵਿਆਂ ਮਗਰੋਂ ਕੈਪਟਨ ਧੜੇ ਨਾਲੋਂ ਵੱਖ ਹੋ ਗਏ ਸਨ। ਦੋ ਉਪ ਮੁੱਖ ਮੰਤਰੀਆਂ ਦੀ ਚੋਣ ਤੋਂ ਸਾਫ਼ ਹੈ ਕਿ ਕਾਂਗਰਸ ਹਾਈ ਕਮਾਨ ਨੇ ਕੈਪਟਨ ਅਮਰਿੰਦਰ ਨੇੜਲੇ ਆਗੂ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕੀਤੀ ਹੈ।
ਸਿੱਧੂ ਦਾ ਰਾਹ ਡੱਕਣ ਿਵੱਚ ਸਫ਼ਲ ਰਹੇ ਕੈਪਟਨ
ਕੈਪਟਨ ਅਮਰਿੰਦਰ ਸਿੰਘ ਅਸਤੀਫਾ ਦੇਣ ਮਗਰੋਂ ਲਏ ਨਵੇਂ ਸਿਆਸੀ ਪੈਂਤੜੇ ਕਰਕੇ ਮੁੱਖ ਮੰਤਰੀ ਦੀ ਦੌੜ ਵਿੱਚ ਸ਼ਾਮਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦਾ ਰਾਹ ਰੋਕਣ ਵਿਚ ਸਫ਼ਲ ਰਹੇ ਹਨ। ਉਹ ਆਪਣੇ ਕਿਸੇ ਵੀ ਕੱਟੜ ਵਿਰੋਧੀ ਨੂੰ ਮੁੱਖ ਮੰਤਰੀ ਵਜੋਂ ਨਹੀਂ ਦੇਖਣਾ ਚਾਹੁੰਦੇ ਸਨ। ਮੁੱਖ ਮੰਤਰੀ ਦਾ ਅਹੁਦਾ ਕਿਸੇ ਮਝੈਲ ਨੂੰ ਨਾ ਮਿਲਣ ਕਰਕੇ ਅਮਰਿੰਦਰ ਨੇੜਲੇ ਮਝੈਲ ਭਰਾਵਾਂ ਨੇ ਵੀ ਰਾਹਤ ਮਹਿਸੂਸ ਕੀਤੀ ਹੈ। ਅਮਰਿੰਦਰ ਸਿੰਘ ਨੇ ਟਵੀਟ ਕਰਕੇ ਚਰਨਜੀਤ ਚੰਨੀ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਉਮੀਦ ਜ਼ਾਹਿਰ ਕੀਤੀ ਕਿ ਚੰਨੀ ਸਰਹੱਦੀ ਸੂਬੇ ਅਤੇ ਲੋਕਾਂ ਨੂੰ ਸਰਹੱਦ ਪਾਰਲੇ ਖਤਰੇ ਤੋਂ ਸੁਰੱਖਿਅਤ ਰੱਖਣਗੇ।
ਕਾਂਗਰਸ ਨੇ ਨਵਾਂ ਇਤਿਹਾਸ ਰਚਿਆ: ਸੁਰਜੇਵਾਲਾ
ਚੰਡੀਗੜ੍ਹ-ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਨੇ ਟਵੀਟ ਕਰਕੇ ਕਿਹਾ ਕਿ ਕਾਂਗਰਸ ਨੇ ਅੱਜ ਨਵਾਂ ਇਤਿਹਾਸ ਰਚਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਇੱਕ ਦਲਿਤ ਸਾਥੀ ਨੂੰ ਮੁੱਖ ਮੰਤਰੀ ਬਣਾ ਕੇ ਹਰ ਗਰੀਬ ਵਰਕਰ ਨੂੰ ਤਾਕਤ ਬਖਸ਼ੀ ਹੈ| ਤਾਰੀਖ ਗਵਾਹ ਹੈ ਕਿ ਅੱਜ ਦਾ ਨਿਰਣਾ ਪੰਜਾਬ ਤੇ ਦੇਸ਼ ਦੇ ਹਰ ਵੰਚਿਤ ਤੇ ਸ਼ੋਸ਼ਿਤ ਸਾਥੀ ਲਈ ਉਮੀਦ ਦੀ ਕਿਰਨ ਬਣੇਗਾ ਅਤੇ ਨਵੇਂ ਦਰਵਾਜ਼ੇ ਖੁੱਲ੍ਹਣਗੇ|
ਮਾਝਾ ਬ੍ਰਿਗੇਡ ਨੇ ਮੋਰਚਾ ਫਤਹਿ ਕੀਤਾ: ਰੰਧਾਵਾ
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਹਾਈ ਕਮਾਨ ਦੇ ਫੈਸਲੇ ਨੂੰ ਸਵੀਕਾਰ ਕਰਦੇ ਹਨ ਅਤੇ ਇਹ ਵੀ ਕਿਹਾ ਕਿ ਮਾਝਾ ਬ੍ਰਿਗੇਡ ਵੱਲੋਂ ਜੋ ਲੜਾਈ ਸ਼ੁਰੂ ਕੀਤੀ ਗਈ ਸੀ, ਉਸ ’ਚ ਅੱਜ ਫਤਹਿ ਹੋਈ ਹੈ| ਅਹੁਦਿਆਂ ਦੀ ਲਾਲਸਾ ਉਨ੍ਹਾਂ ਦੇ ਖੂਨ ਵਿਚ ਨਹੀਂ ਹੈ ਅਤੇ ਉਹ ਕਦੇ ਵੀ ਪਾਰਟੀ ਨਾਲ ਨਾ ਰੁੱਸੇ ਹਨ ਅਤੇ ਨਾ ਹੀ ਪਾਰਟੀ ਨੂੰ ਕਦੇ ਪਿੱਠ ਵਿਖਾਈ ਹੈ| ਡਿਪਟੀ ਮੁੱਖ ਮੰਤਰੀ ਦੇ ਅਹੁਦੇ ਬਾਰੇ ਉਨ੍ਹਾਂ ਕਿਹਾ ਕਿ ਇਹ ਕੋਈ ਸੰਵਿਧਾਨਕ ਅਹੁਦਾ ਨਹੀਂ ਹੈ| ਉਨ੍ਹਾਂ ਕਿਹਾ ਕਿ ਬੇਦਅਬੀ ਮੁੱਦਾ, ਨਸ਼ਾ ਤਸਕਰੀ ਅਤੇ ਬਿਜਲੀ ਸਮਝੌਤੇ ਨਾਲ ਜੁੜੇ ਚੋਣ ਵਾਅਦਿਆਂ ਨੂੰ ਤਰਜੀਹ ਦਿੱਤੀ ਜਾਵੇਗੀ।
ਮੁਬਾਰਕਾਂ! ਚੰਨੀ ਬਾਈ: ਸਿੱਧੂ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੁੂ ਨੇ ਅੱਜ ਮੁੱਖ ਮੰਤਰੀ ਦੇ ਐਲਾਨ ਮਗਰੋਂ ਟਵੀਟ ਕਰਕੇ ਕਿਹਾ ਕਿ ‘‘ਇਤਿਹਾਸਕ!! ਪੰਜਾਬ ਦਾ ਪਹਿਲਾ ਦਲਿਤ ਮੁੱਖ ਮੰਤਰੀ ਐਲਾਨਿਆ ਗਿਆ ਹੈ, ਇਤਿਹਾਸ ਵਿਚ ਇਹ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ| ਇਹ ਸੰਵਿਧਾਨ ਦੀ ਸਪਿਰਟ ਅਤੇ ਕਾਂਗਰਸ ਨੂੰ ਸੱਚੀ ਸ਼ਰਧਾ ਹੈ। ਮੁਬਾਰਕਾਂ ! ਚਰਨਜੀਤ ਚੰਨੀ ਬਾਈ।’’
ਵਾਅਦੇ ਪੂਰੇ ਕਰਨ ਚੰਨੀ: ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਨਵੇਂ ਐਲਾਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਵਧਾਈ ਦਿੱਤੀ ਹੈ| ਸ੍ਰੀ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਅਮੀਰ ਲੋਕਰਾਜੀ ਰਵਾਇਤਾਂ ਨੂੰ ਕਾਇਮ ਰੱਖਦੇ ਹੋਏ ਚੰਨੀ ਤੋਂ ਉਸਾਰੂ ਭੂਮਿਕਾ ਦੀ ਆਸ ਕਰਦੇ ਹਨ ਅਤੇ ਉਮੀਦ ਕਰਦੇ ਹਨ ਕਿ ਚੰਨੀ ਕਾਂਗਰਸ ਵੱਲੋਂ ਕੀਤੇ ਚੋਣ ਵਾਅਦੇ ਅਤੇ ਸਾਢੇ ਚਾਰ ਸਾਲ ਤੋਂ ਬਕਾਇਆ ਪਈਆਂ ਮੰਗਾਂ ਨੂੰ ਪੂਰਾ ਕਰਨਗੇ।