ਕੈਨੇਡਾ ਚੋਣਾਂ ’ਚ 17 ਇੰਡੋ ਕੈਨੇਡੀਅਨਾਂ ਨੇ ਜਿੱਤ ਦਰਜ ਕੀਤੀ, ਬਹੁਤੇ ਪੰਜਾਬੀ
ਕੈਨੇਡਾ ਚੋਣਾਂ ’ਚ 17 ਇੰਡੋ ਕੈਨੇਡੀਅਨਾਂ ਨੇ ਜਿੱਤ ਦਰਜ ਕੀਤੀ, ਬਹੁਤੇ ਪੰਜਾਬੀ
ਟੋਰਾਂਟੋ-ਕੈਨੇਡਾ ਸੰਸਦ ਚੋਣਾਂ ਵਿੱਚ 17 ਇੰਡੋ-ਕੈਨੇਡੀਅਨਾਂ ਨੂੰ ਜਿੱਤ ਮਿਲੀ ਹੈ।17 ਇੰਡੋ-ਕੈਨੇਡੀਅਨ ਜੇਤੂਆਂ ਵਿੱਚ ਜਗਮੀਤ ਸਿੰਘ, ਸਾਬਕਾ ਮੰਤਰੀ ਟਿਮ ਉੱਪਲ ਅਤੇ ਤਿੰਨ ਮੌਜੂਦਾ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ ਅਤੇ ਅਨੀਤਾ ਆਨੰਦ ਸ਼ਾਮਲ ਹਨ। ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੈਨਕੂਵਰ ਦੱਖਣੀ ਤੋਂ ਕੰਜ਼ਰਵੇਟਿਵ ਪਾਰਟੀ ਦੇ ਸੁਖਬੀਰ ਗਿੱਲ ਨੂੰ ਹਰਾ ਕੇ ਮੁੜ ਜਿੱਤ ਪ੍ਰਾਪਤ ਕੀਤੀ। ਚੱਗ ਨੇ ਆਪਣੀ ਵਾਟਰਲੂ ਸੀਟ ਵੀ ਬਰਕਰਾਰ ਰੱਖੀ ਤੇ ਆਨੰਦ ਨੇ ਓਕਵਿਲੇ ਸੀਟ ਹੱਥੋਂ ਨਹੀਂ ਜਾਣ ਦਿੱਤੀ।
ਐੱਨਡੀਪੀ ਆਗੂ ਜਗਮੀਤ ਸਿੰਘ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਆਪਣੀ ਬਰਨਬੀ ਸਾਊਥ ਸੀਟ ਆਪਣੇ ਕੋਲ ਰੱਖੀ। ਬ੍ਰਿਟਿਸ਼ ਕੋਲੰਬੀਆ ਵਿੱਚ ਤਿੰਨ ਵਾਰ ਲਿਬਰਲ ਪਾਰਟੀ ਦੇ ਐੱਮਪੀ ਸੁਖ ਧਾਲੀਵਾਲ ਨੇ ਐੱਨਡੀਪੀ ਦੇ ਅਵਨੀਤ ਜੌਹਲ ਨੂੰ ਹਰਾ ਕੇ ਆਪਣੀ ਸਰੀ-ਨਿਊਟਨ ਸੀਟ ਬਰਕਰਾਰ ਰੱਖੀ।
ਦੋ ਵਾਰ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੇ ਵੀ ਐੱਨਡੀਪੀ ਦੀ ਸੋਨੀਆ ਅੰਧੀ ਨੂੰ ਹਰਾ ਕੇ ਸਰੀ ਸੈਂਟਰ ਸੀਟ ਜਿੱਤੀ। ਕਿਊਬੈਕ ਵਿੱਚ ਇੰਡੋ-ਕੈਨੇਡੀਅਨ ਅੰਜੂ ਢਿੱਲੋਂ ਨੇ ਆਪਣੀ ਡੋਰਵਾਲ-ਲੈਚਿਨ-ਲਾਸਲੇ ਸੀਟ ਬਰਕਰਾਰ ਰੱਖੀ। ਉੱਪਲ ਕੰਜ਼ਰਵੇਟਿਵ ਪਾਰਟੀ ਲਈ ਐਡਮੰਟਨ ਮਿੱਲ ਵੁਡਸ ਸੀਟ ਤੋਂ ਮੁੜ ਜਿੱਤ ਗਏ। ਓਂਟਾਰੀਓ ਵਿੱਚ ਬਰੈਂਪਟਨ ਵਿੱਚੋਂ ਚਾਰ ਮੌਜੂਦਾ ਸੰਸਦ ਮੈਂਬਰਾਂ ਮਨਿੰਦਰ ਸਿੱਧੂ, ਰੂਬੀ ਸਹੋਤਾ, ਸੋਨੀਆ ਸਿੱਧੂ ਅਤੇ ਕਮਲ ਖੇੜਾ ਜਿੱਤ ਗਏ।
ਇਸ ਸਾਰੇ ਲਿਬਰਲ ਪਾਰਟੀ ਨਾਲ ਸਬੰਧਤ ਹਨ। ਚੰਦਰ ਆਰੀਆ ਨੇ ਵੀ ਓਂਟਾਰੀਓ ਵਿੱਚ ਨੇਪੀਅਨ ਸੀਟ ਬਰਕਰਾਰ ਰੱਖੀ। ਲਿਬਰਲ ਪਾਰਟੀ ਲਈ ਮਿਸੀਸਾਗਾ-ਮਾਲਟਨ ਸੀਟ ਜਿੱਤਣ ਵਾਲੇ ਵਕੀਲ ਇਕਵਿੰਦਰ ਗਹੀਰ ਸੰਸਦ ਵਿੱਚ ਪੁੱਜਣ ਵਾਲੇ ਸਭ ਤੋਂ ਘੱਟ ਉਮਰ ਦੇ ਸੰਸਦ ਮੈਂਬਰਾਂ ਵਿੱਚੋਂ ਹੋਣਗੇ।