ਚੰਨੀ, ਰੰਧਾਵਾ, ਸੋਨੀ ਤੇ ਸਿੱਧੂ ਨੇ ਦਰਬਾਰ ਸਾਹਿਬ ’ਚ ਮੱਥਾ ਟੇਕਿਆ: ਬੇਅਦਬੀ ਮਾਮਲੇ ’ਚ ਨਿਆਂ ਦਿਵਾਇਆ ਜਾਵੇਗਾ: ਮੁੱਖ ਮੰਤਰੀ
ਚੰਨੀ, ਰੰਧਾਵਾ, ਸੋਨੀ ਤੇ ਸਿੱਧੂ ਨੇ ਦਰਬਾਰ ਸਾਹਿਬ ’ਚ ਮੱਥਾ ਟੇਕਿਆ: ਬੇਅਦਬੀ ਮਾਮਲੇ ’ਚ ਨਿਆਂ ਦਿਵਾਇਆ ਜਾਵੇਗਾ: ਮੁੱਖ ਮੰਤਰੀ
ਅੰਮ੍ਰਿਤਸਰ-ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਦੋ ਉਪ ਮੁੱਖ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਤੇ ਓਪੀ ਸੋਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਤੜਕੇ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਚੰਨੀ ਨੇ ਆਖਿਆ ਕਿ ਸੂਬੇ ਵਿਚ ਸਾਰੇ ਧਰਮਾਂ ਅਤੇ ਸਾਰੇ ਵਰਗਾਂ ਦਾ ਬਰਾਬਰ ਦਾ ਸਨਮਾਨ ਹੋਵੇਗਾ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਵਿਚ ਸਿੱਖ ਭਾਈਚਾਰੇ ਨੂੰ ਨਿਆਂ ਦਿਵਾਇਆ ਜਾਵੇਗਾ।
ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਪਿਛਲੇ ਸਮੇਂ ਦੌਰਾਨ ਸੂਬਾ ਸਰਕਾਰ ਮਸਲਿਆਂ ਤੋਂ ਭਟਕ ਗਈ ਸੀ ਪਰ ਨਵੇਂ ਮੁੱਖ ਮੰਤਰੀ ਇਨ੍ਹਾਂ ਮਸਲਿਆਂ ਦਾ ਹੱਲ ਕਰਨਗੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਅਤੇ ਨਵਜੋਤ ਸਿੰਘ ਸਿੱਧੂ ਦੋਵਾਂ ਨੇ ਤੜਕੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵੇਲੇ ਬੀੜ ਨੂੰ ਸੁਖਾਸਣ ਵਾਲੇ ਸਥਾਨ ਤੋਂ ਲਿਆਉਣ ਸਮੇਂ ਪਾਲਕੀ ਨੂੰ ਮੋਢਾ ਦਿੱਤਾ ਅਤੇ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਹ ਜੱਲ੍ਹਿਆਂਵਾਲਾ ਬਾਗ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਗਏ। ਉਨ੍ਹਾਂ ਦੁਰਗਿਆਨਾ ਮੰਦਰ ਅਤੇ ਰਾਮ ਤੀਰਥ ਵਿਖੇ ਵੀ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਭੰਡਾਰੀ ਪੁਲ ਨੇੜੇ ਟੀ ਸਟਾਲ ’ਤੇ ਖੜ੍ਹੇ ਹੋ ਕੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉੱਥੇ ਬੈਠ ਕੇ ਲੋਕਾਂ ਦੇ ਨਾਲ ਚਾਹ ਪੀਤੀ। ਇਸ ਤੋਂ ਪਹਿਲਾਂ ਦੇਰ ਰਾਤ ਨੂੰ ਇਥੇ ਹਵਾਈ ਅੱਡੇ ’ਤੇ ਪੁੱਜੇ।