ਬਿ੍ਟਿਸ਼ ਕੋਲੰਬੀਆ ਦੇ 18 ਪੰਜਾਬੀ ਉਮੀਦਵਾਰਾਂ 'ਚੋਂ 5 ਹੀ ਜਿੱਤੇ
ਬਿ੍ਟਿਸ਼ ਕੋਲੰਬੀਆ ਦੇ 18 ਪੰਜਾਬੀ ਉਮੀਦਵਾਰਾਂ 'ਚੋਂ 5 ਹੀ ਜਿੱਤੇ
ਐਬਟਸਫੋਰਡ-ਕੈਨੇਡਾ ਦੀ 338 ਮੈਂਬਰਾਂ ਵਾਲੀ 44ਵੀਂ ਸੰਸਦ ਲਈ ਹੋਈਆਂ ਚੋਣਾਂ ਵਿਚ ਬਿ੍ਟਿਸ਼ ਕੋਲੰਬੀਆ ਸੂਬੇ ਦੇ ਕੁੱਲ 18 ਪੰਜਾਬੀ ਉਮੀਦਵਾਰਾਂ 'ਚੋਂ 5 ਪੰਜਾਬੀ ਚੋਣ ਜਿੱਤਣ ਵਿਚ ਸਫ਼ਲ ਰਹੇ, ਜਿਨ੍ਹਾਂ ਚੋਂ ਇਕ 5ਵੀਂ ਵਾਰ, 3 ਤੀਸਰੀ ਵਾਰ ਤੇ 1 ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ | ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਪਾਈਆਂ ਗਈਆਂ | ਦੇਰ ਰਾਤ ਐਲਾਨੇ ਚੋਣ ਨਤੀਜਿਆਂ ਵਿਚ ਪੰਜਾਬੀਆਂ ਦਾ ਗੜ੍ਹ ਸਮਝੇ ਜਾਂਦੇ ਸਰੀ ਨਿਊਟਨ ਸੰਸਦੀ ਹਲਕੇ ਤੋਂ ਲਿਬਰਲ ਉਮੀਦਵਾਰ ਸੁੱਖ ਧਾਲੀਵਾਲ ਆਪਣੇ ਵਿਰੋਧੀ ਐੱਨ.ਡੀ.ਪੀ. ਦੇ ਅਵਨੀਤ ਜੌਹਲ ਨੂੰ ਹਰਾ ਕੇ ਚੋਣ ਜਿੱਤ ਗਏ ਹਨ | ਜ਼ਿਲ੍ਹਾ ਲੁਧਿਆਣਾ ਦੇ ਕਸਬਾ ਸੁਧਾਰ ਨੇੜਲੇ ਪਿੰਡ ਸੂਜਾਪੁਰ ਦੇ ਜੰਮਪਲ ਸੱੁਖ ਧਾਲੀਵਾਲ 5ਵੀਂ ਵਾਰ ਸੰਸਦ ਮੈਂਬਰ ਚੁਣੇ ਗਏ | ਕੈਨੇਡਾ ਦੇ ਇਤਿਹਾਸ ਵਿਚ ਪਹਿਲੇ ਸਿੱਖ ਰੱਖਿਆ ਮੰਤਰੀ ਵਜੋਂ ਆਪਣਾ ਨਾਂਅ ਸੁਨਹਿਰੀ ਅੱਖਰਾਂ ਵਿਚ ਦਰਜ ਕਰਵਾਉਣ ਵਾਲੇ ਹਰਜੀਤ ਸਿੰਘ ਸੱਜਣ ਵੈਨਕੂਵਰ ਸਾਊਥ ਤੋਂ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ | ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਨੇੜਲੇ ਪਿੰਡ ਬੰਬੇਲੀ ਦੇ ਜੰਮਪਲ ਹਰਜੀਤ ਸਿੰਘ ਸੱਜਣ ਨੇ ਕੰਜ਼ਰਵੇਟਿਵ ਉਮੀਦਵਾਰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬੁੱਢੇਵਾਲ ਦੇ ਸੁਖਬੀਰ ਸਿੰਘ ਗਿੱਲ ਨੂੰ ਹਰਾਇਆ | ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੁਖੀ ਤੇ ਬਰਨਬੀ ਸਾਊਥ ਤੋਂ ਉਮੀਦਵਾਰ ਜਗਮੀਤ ਸਿੰਘ ਤੀਜੀ ਵਾਰ ਕੈਨੇਡਾ ਦੇ ਸੰਸਦ ਮੈਂਬਰ ਚੁਣੇ ਗਏ | ਜਗਮੀਤ ਸਿੰਘ ਜ਼ਿਲ੍ਹਾ ਬਰਨਾਲਾ ਦੇ ਪਿੰਡ ਠੀਕਰੀਵਾਲ ਦੇ ਡਾ. ਜਗਤਾਰਨ ਸਿੰਘ ਧਾਲੀਵਾਲ ਦਾ ਸਪੁੱਤਰ ਹੈ | ਜ਼ਿਲ੍ਹਾ ਜਲੰਧਰ ਦੇ ਕਰਤਾਰਪੁਰ ਨੇੜਲੇ ਪਿੰਡ ਸਰਾਏ ਖਾਸ ਦੇ ਰਣਦੀਪ ਸਿੰਘ ਸਰਾਏ ਲਿਬਰਲ ਪਾਰਟੀ ਦੀ ਟਿਕਟ 'ਤੇ ਸਰੀ ਸੈਂਟਰ ਸੰਸਦੀ ਹਲਕੇ ਤੋਂ ਤੀਜੀ ਵਾਰ ਸੰਸਦ ਮੈਂਬਰ ਬਣਨ ਵਿਚ ਸਫਲ ਰਹੇ ਹਨ | ਉਨ੍ਹਾਂ ਨੇ ਐੱਨ.ਡੀ.ਪੀ. ਦੀ ਪੰਜਾਬਣ ਉਮੀਦਵਾਰ ਸੋਨੀਆ ਆਂਧੀ ਨੂੰ ਹਰਾਇਆ | ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਹਿਲਪੁਰ ਨਾਲ ਸਬੰਧਿਤ ਲਿਬਰਲ ਉਮੀਦਵਾਰ ਪਰਮ ਬੈਂਸ ਸਟੀਵਸਟਨ-ਰਿਚਮੰਡ ਈਸਟ ਤੋਂ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ | ਪਰਮ ਬੈਂਸ ਬਿ੍ਟਿਸ਼ ਕੋਲੰਬੀਆ ਦੇ 2 ਸਾਬਕਾ ਮੁੱਖ ਮੰਤਰੀਆਂ ਦੇ ਨਿੱਜੀ ਸਕੱਤਰ ਰਹਿ ਚੁੱਕੇ ਹਨ | ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਵਿਚ ਹਰਜੀਤ ਸਿੰਘ ਸੱਜਣ ਨੂੰ ਮੁੜ ਰੱਖਿਆ ਮੰਤਰੀ ਬਣਾਇਆ ਜਾ ਸਕਦਾ ਹੈ ਤੇ ਸੁੱਖ ਧਾਲੀਵਾਲ ਨੂੰ ਵੀ ਕੈਬਨਿਟ ਮੰਤਰੀ ਬਣਾਉਣ ਦੀ ਪੂਰੀ ਸੰਭਾਵਨਾ ਹੈ | ਬਿ੍ਟਿਸ਼ ਕੋਲੰਬੀਆ 'ਚ ਚੋਣ ਹਾਰਨ ਵਾਲੇ ਪੰਜਾਬੀ ਉਮੀਦਵਾਰਾਂ 'ਚ ਗੁਰਾਇਆ ਨੇੜਲੇ ਪਿੰਡ ਪੱਦੀ ਜਾਗੀਰ ਦੇ ਦੇਵ ਹੇਅਰ ਕੰਜ਼ਰਵੇਟਿਵ, ਜਲੰਧਰ ਨੇੜਲੇ ਪਿੰਡ ਬੜਿੰਗ ਦੇ ਅੰਮਿ੍ਤ ਬੜਿੰਗ, ਪੀਪਲਜ਼ ਪਾਰਟੀ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਵੱਦੀ ਦੀ ਰਾਜੀ ਤੂਰ ਐੱਨ.ਡੀ.ਪੀ. ਜ਼ਿਲ੍ਹਾ ਮੋਗਾ ਦੇ ਪਿੰਡ ਸੋਸਨ ਦੀ ਲਖਵਿੰਦਰ ਝੱਜ ਲਿਬਰਲ, ਚੜਿੱਕ ਪਿੰਡ ਦੀ ਡਾ. ਲਵਰੀਨ ਗਿੱਲ ਲਿਬਰਲ, ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚੂਹੜਪੁਰਾ ਦੀ ਗੀਤ ਗਰੇਵਾਲ ਲਿਬਰਲ, ਬਿਲ ਸੰਧੂ ਐੱਨ.ਡੀ.ਪੀ., ਅੰਮਿ੍ਤਸਰ ਦੇ ਪਿੰਡ ਰਸੂਲਪੁਰ ਦੀ ਟੀਨਾ ਬੈਂਸ, ਸਬੀਨਾ ਸਿੰਘ ਐੱਨ.ਡੀ.ਪੀ. ਤੇ ਆਦਮਪੁਰ ਨੇੜਲੇ ਪਿੰਡ ਮਹੱਦੀਪੁਰ ਦੀ ਆਜ਼ਾਦ ਉਮੀਦਵਾਰ ਪਰਵੀਨ ਹੁੰਦਲ ਸ਼ਾਮਿਲ ਹਨ |