ਅਮਰੀਕਾ ਵੱਲੋਂ ਭਾਰਤ ਜਾਂ ਜਾਪਾਨ ਨੂੰ ‘ਔਕਸ’ ਵਿੱਚ ਸ਼ਾਮਲ ਕਰਨ ਤੋਂ ਇਨਕਾਰ

ਅਮਰੀਕਾ ਵੱਲੋਂ ਭਾਰਤ ਜਾਂ ਜਾਪਾਨ ਨੂੰ ‘ਔਕਸ’ ਵਿੱਚ ਸ਼ਾਮਲ ਕਰਨ ਤੋਂ ਇਨਕਾਰ

ਅਮਰੀਕਾ ਵੱਲੋਂ ਭਾਰਤ ਜਾਂ ਜਾਪਾਨ ਨੂੰ ‘ਔਕਸ’ ਵਿੱਚ ਸ਼ਾਮਲ ਕਰਨ ਤੋਂ ਇਨਕਾਰ
ਵਾਸ਼ਿੰਗਟਨ-ਅਮਰੀਕਾ ਨੇ ਰਣਨੀਤਕ ਪੱਖੋਂ ਅਹਿਮ ਭਾਰਤ-ਪ੍ਰਸ਼ਾਂਤ ਖਿੱਤੇ ਵਿੱਚ 21ਵੀਂ ਸਦੀ ਦੀਆਂ ਚੁਣੌਤੀਆਂ ਤੋਂ ਪਾਰ ਪਾਉਣ ਲਈ ਆਸਟਰੇਲੀਆ ਤੇ ਬ੍ਰਿਟੇਨ ਨਾਲ ਮਿਲ ਕੇ ਬਣਾਏ ਨਵੇਂ ਤਿੰਨ ਧਿਰੀ ਗੱਠਜੋੜ ‘ਔਕਸ’(ੲੇਯੂਕੇੇਯੂਐੱਸ) ਵਿੱਚ ਭਾਰਤ ਜਾਂ ਜਾਪਾਨ ਨੂੰ ਸ਼ਾਮਲ ਕਰਨ ਦੀਆਂ ਸੰਭਾਵਨਾ ਤੋਂ ਨਾਂਹ ਕਰ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਆਸਟਰੇਲਿਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਤੇ ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ 15 ਸਤੰਬਰ ਨੂੰ ਸਾਂਝੇ ਤੌਰ ’ਤੇ ਤਿੰਨ ਧਿਰੀ ਸੁਰੱਖਿਆ ਗੱਠਜੋੜ ‘ਔਕਸ’ ਦੇ ਗਠਨ ਦਾ ਐਲਾਨ ਕੀਤਾ ਸੀ। ਗੱਠਜੋੜ ਤਹਿਤ ਆਸਟਰੇਲੀਆ ਨੂੰ ਪਹਿਲੀ ਵਾਰ ਪ੍ਰਮਾਣੂ ਤਾਕਤ ਨਾਲ ਲੈਸ ਪਣਡੁੱਬੀਆਂ ਦੀ ਫਲੀਟ ਮਿਲੇਗੀ।
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੈੱਨ ਸਾਕੀ ਨੇ ਨਿਯਮਤ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਪਿਛਲੇ ਹਫ਼ਤੇ ‘ਔਕਸ’ ਦਾ ਐਲਾਨ ਕੋਈ ਸੰਕੇਤ ਦੇਣ ਦੇ ਇਰਾਦੇ ਨਾਲ ਨਹੀਂ ਕੀਤਾ ਗਿਆ ਸੀ। ਮੇਰਾ ਮੰਨਣਾ ਹੈ ਕਿ ਅਮਰੀਕੀ ਸਦਰ ਨੇ ਇਹੀ ਸੁਨੇਹਾ ਆਪਣੇ ਫਰਾਂਸੀਸੀ ਹਮਰੁਤਬਾ ਇਮੈਨੁਅਲ ਮੈਕਰੌਂ ਨੂੰ ਦਿੱਤਾ ਸੀ ਕਿ ਭਾਰਤ-ਪ੍ਰਸ਼ਾਂਤ ਦੀ ਸੁਰੱਖਿਆ ਲਈ ਅਜਿਹਾ ਕੋਈ ਹੋਰ ਨਹੀਂ ਹੈ, ਜਿਸ ਨੂੰ ਇਸ (ਗੱਠਜੋੜ) ਵਿੱਚ ਸ਼ਾਮਲ ਕੀਤਾ ਜਾਵੇ।’’
ਪੱਤਰਕਾਰਾਂ ਨੇ ਸਾਕੀ ਨੂੰ ਪੁੱਛਿਆ ਸੀ ਕਿ ਭਾਰਤ ਤੇ ਜਾਪਾਨ ਜਿਹੇ ਮੁਲਕ, ਜੋ ਕਿ ਇਸ ਹਫ਼ਤੇ ਹੋਣ ਵਾਲੀ ‘ਕੁਐੱਡ’(ਚਾਰ ਮੁਲਕੀ) ਵਾਰਤਾ ਲਈ ਵਾਸ਼ਿੰਗਟਨ ਵਿੱਚ ਹੋਣਗੇ, ਨੂੰ ਕੀ ਇਸ ਨਵੇਂ ਸੁਰੱਖਿਆ ਗੱਠਜੋੋੜ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ‘ਕੁਐੱਡ’ ਵਿੱਚ ਭਾਰਤ, ਅਮਰੀਕਾ, ਜਾਪਾਨ ਤੇ ਆਸਟਰੇਲੀਆ ਸ਼ਾਮਲ ਹਨ। ਅਮਰੀਕੀ ਸਦਰ ਬਾਇਡਨ ਭਲਕੇ 24 ਸਤੰਬਰ ਨੂੰ ਵ੍ਹਾਈਟ ਹਾਊਸ ਵਿੱਚ ‘ਕੁਐਡ’ ਵਾਰਤਾ ਦੀ ਮੇਜ਼ਬਾਨੀ ਕਰਨਗੇ। ‘ਔਕਸ’ ਗੱਠਜੋੜ ਦੀ ਹੋਂਦ ਨੂੰ ਭਾਰਤ-ਪ੍ਰਸ਼ਾਂਤ ਖਿੱਤੇ ਵਿੱਚ ਚੀਨ ਦੀਆਂ ਪਸਾਰਵਾਦੀ ਨੀਤੀਆਂ ਨੂੰ ਠੱਲ੍ਹਣ ਦੇ ਯਤਨਾਂ ਵਜੋਂ ਵੇਖਿਆ ਜਾ ਰਿਹਾ ਹੈ। 

Radio Mirchi