ਮੁੱਖ ਮੰਤਰੀ ਤੇ ਹੋਰਨਾਂ ਨੇ ਗਿਆਨੀ ਟੀ ਸਟਾਲ ’ਤੇ ਲਈਆਂ ਚਾਹ ਦੀਆਂ ਚੁਸਕੀਆਂ
ਮੁੱਖ ਮੰਤਰੀ ਤੇ ਹੋਰਨਾਂ ਨੇ ਗਿਆਨੀ ਟੀ ਸਟਾਲ ’ਤੇ ਲਈਆਂ ਚਾਹ ਦੀਆਂ ਚੁਸਕੀਆਂ
ਅੰਮ੍ਰਿਤਸਰ-ਸਥਾਨਕ ਕੂਪਰ ਰੋਡ ’ਤੇ ਮਸ਼ਹੂਰ ਗਿਆਨੀ ਟੀ ਸਟਾਲ ’ਤੇ ਅੱਜ ਸਵੇਰੇ ਇੱਕ ਹੋਰ ਮੁੱਖ ਮੰਤਰੀ ਦੀ ਆਮਦ ਸ਼ਾਮਲ ਹੋ ਗਈ ਹੈ। ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀਆਂ ਤੇ ਨਵਜੋਤ ਸਿੰਘ ਸਿੱਧੂ ਸਮੇਤ ਹੋਰਨਾਂ ਕਾਂਗਰਸੀਆਂ ਨੇ ਅੱਜ ਸਵੇਰੇ ਇੱਥੇ-ਇੱਥੇ ਬੈਠ ਕੇ ਚਾਹ ਪੀਤੀ ਅਤੇ ਗੱਪਸ਼ੱਪ ਵੀ ਮਾਰੀ। ਇਸ ਦੌਰਾਨ ਲੋਕਾਂ ਨਾਲ ਸੈਲਫੀਆਂ ਵੀ ਖਿਚਵਾਈਆਂ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਕਈ ਫਿਲਮੀ ਹਸਤੀਆਂ ਵੀ ਇਸ ਟੀ ਸਟਾਲ ਤੋਂ ਚਾਹ ਪੀ ਚੁੱਕੀਆਂ ਹਨ। ਮੁੱਖ ਮੰਤਰੀ ਦਾ ਕਾਫ਼ਲਾ ਵਿਸ਼ੇਸ਼ ਤੌਰ ’ਤੇ ਇੱਥੇ ਗਿਆਨੀ ਟੀ ਸਟਾਲ ’ਤੇ ਰੁਕਿਆ। ਮੁੱਖ ਮੰਤਰੀ ਤੇ ਹੋਰ ਸਾਰੇ ਦੁਕਾਨ ਦੇ ਬਾਹਰ ਪਲਾਸਟਿਕ ਅਤੇ ਲੱਕੜ ਦੀਆਂ ਕੁਰਸੀਆਂ ਅਤੇ ਸਟੂਲ ਆਦਿ ’ਤੇ ਬੈਠੇ, ਜਿੱਥੇ ਉਨ੍ਹਾਂ ਸਾਧਾਰਨ ਸ਼ੀਸ਼ੇ ਦੇ ਗਲਾਸਾਂ ਵਿੱਚ ਚਾਹ ਪੀਤੀ ਅਤੇ ਕਚੋਰੀਆਂ ਖਾਧੀਆ। ਸ੍ਰੀ ਚੰਨੀ ਨੇ ਇਸ ਮੌਕੇ ਕੁੱਝ ਸ਼ੇਅਰ ਵੀ ਸੁਣਾਏ। ਇਸ ਮੌਕੇ ਦੁਕਾਨ ਦੇ ਮਾਲਕ ਗੁਰਮੀਤ ਸਿੰਘ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਕੁੱਝ ਲੋਕਾਂ ਨੇ ਇੱਥੇ ਮੁੱਖ ਮੰਤਰੀ ਅਤੇ ਸ੍ਰੀ ਸਿੱਧੂ ਦੇ ਨਾਲ ਆਪਣੇ ਮੋਬਾਈਲ ਫੋਨ ’ਤੇ ਸੈਲਫੀਆਂ ਵੀ ਲਈਆਂ। ਅੱਜ ਇਸ ਦੌਰਾਨ ਇਹ ਪ੍ਰਭਾਵ ਦੇਣ ਦਾ ਵੀ ਯਤਨ ਕੀਤਾ ਹੈ ਕਿ ਮੁੱਖ ਮੰਤਰੀ ਤੇ ਨਵੇਂ ਉਪ ਮੁੱਖ ਮੰਤਰੀ ਆਦਿ ਸਾਰੇ ਲੋਕਾਂ ਦੀ ਪਹੁੰਚ ਵਿੱਚ ਹਨ ਅਤੇ ਲੋਕਾਂ ਨਾਲ ਮਿਲਦੇ ਰਹਿਣਗੇ।