ਹਿੰਦ ਪ੍ਰਸ਼ਾਂਤ ਖ਼ਿੱਤੇ ’ਚ ਸਾਂਝੇ ਹਿੱਤਾਂ ਨੂੰ ਹੁਲਾਰਾ ਦੇਣਗੇ ਅਮਰੀਕਾ-ਭਾਰਤ
ਹਿੰਦ ਪ੍ਰਸ਼ਾਂਤ ਖ਼ਿੱਤੇ ’ਚ ਸਾਂਝੇ ਹਿੱਤਾਂ ਨੂੰ ਹੁਲਾਰਾ ਦੇਣਗੇ ਅਮਰੀਕਾ-ਭਾਰਤ
ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਆਡ (ਚਾਰ ਮੁਲਕਾਂ) ਦੀ ਬੈਠਕ ਦੌਰਾਨ ਅਮਰੀਕਾ ਅਤੇ ਭਾਰਤ ਵਿਚਾਲੇ ਸਹਿਯੋਗ ਵਧਣ ਦਾ ਸਵਾਗਤ ਕੀਤਾ ਹੈ। ਇਸ ’ਚ ਖੇਤਰੀ ਅਖੰਡਤਾ ਅਤੇ ਕੌਮਾਂਤਰੀ ਕਾਨੂੰਨਾਂ ਦੇ ਸਬੰਧ ’ਚ ਆਜ਼ਾਦ, ਖੁੱਲ੍ਹੇ ਅਤੇ ਸਾਰਿਆਂ ਦੀ ਪਹੁੰਚ ਵਾਲੇ ਹਿੰਦ ਪ੍ਰਸ਼ਾਤ ਖ਼ਿੱਤੇ ’ਚ ਬਹੁਧਿਰੀ ਸਹਿਯੋਗ ਸ਼ਾਮਲ ਹੈ। ਕੁਆਡ ਸੁਰੱਖਿਆ ਵਾਰਤਾ ’ਚ ਭਾਰਤ, ਅਮਰੀਕਾ, ਜਪਾਨ ਅਤੇ ਆਸਟਰੇਲੀਆ ਸ਼ਾਮਲ ਹਨ। ਸਾਂਝੇ ਬਿਆਨ ’ਚ ਮੋਦੀ ਅਤੇ ਬਾਇਡਨ ਨੇ ਸਪੱਸ਼ਟ ਨਜ਼ਰੀਏ ਦੀ ਪੁਸ਼ਟੀ ਕੀਤੀ ਜੋ ਅਮਰੀਕਾ-ਭਾਰਤ ਰਿਸ਼ਤਿਆਂ ਨੂੰ ਅੱਗੇ ਵਧਾਏਗਾ। ਇਸ ’ਚ ਰਣਨੀਤਕ ਸਾਂਝੇਦਾਰੀ ਅਤੇ ਆਸੀਆਨ ਤੇ ਕੁਆਡ ਮੈਂਬਰਾਂ ਸਮੇਤ ਖੇਤਰੀ ਗੁੱਟਾਂ ਨਾਲ ਮਿਲ ਕੇ ਕੰਮ ਕਰਨਾ ਅਤੇ ਹਿੰਦ ਪ੍ਰਸ਼ਾਂਤ ਖ਼ਿੱਤੇ ’ਚ ਸਾਂਝੇ ਹਿੱਤਾਂ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ। ਦੱਖਣੀ ਚੀਨ ਸਾਗਰ ’ਤੇ ਚੀਨ ਆਪਣਾ ਦਾਅਵਾ ਜਤਾਉਂਦਾ ਆ ਰਿਹਾ ਹੈ ਜਿਸ ਨੂੰ ਲੈ ਕੇ ਉਥੇ ਜਪਾਨ ਨਾਲ ਵਿਵਾਦ ਚੱਲ ਰਿਹਾ ਹੈ। ਦੋਵੇਂ ਆਗੂਆਂ ਨੇ ਕੋਵਿਡ-19 ਮਹਾਮਾਰੀ ਅਤੇ ਹੋਰ ਸਿਹਤ ਚੁਣੌਤੀਆਂ ਖ਼ਿਲਾਫ਼ ਲੜਾਈ ਨੂੰ ਖ਼ਤਮ ਕਰਨ ’ਤੇ ਵੀ ਜ਼ੋਰ ਦਿੱਤਾ। ਬਿਆਨ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਇਸ ਸਾਲ ਦੇ ਅਖੀਰ ’ਚ ਭਾਰਤ ਅਤੇ ਅਮਰੀਕਾ ਦੇ ਵਿਦੇਸ਼ ਤੇ ਰੱਖਿਆ ਮੰਤਰੀਆਂ ਦੀ 2+2 ਵਾਰਤਾ ਰਾਹੀਂ ਵਿਚਾਰ ਵਟਾਂਦਰੇ ਦਾ ਵੀ ਸਵਾਗਤ ਕੀਤਾ ਹੈ।
ਭਾਰਤ ਦੇ ਗੁਆਂਢ ਵਿੱਚ ਔਕੜਾਂ ਖੜ੍ਹੀਆਂ ਕਰਨ ਵਾਲਾ ਮੁਲਕ ਰਿਹਾ ਹੈ ਪਾਕਿ: ਸ਼੍ਰਿੰਗਲਾ
ਵਾਸ਼ਿੰਗਟਨ: ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਮਦਦਗਾਰ ਦੇ ਰੂਪ ਵਿੱਚ ਪੇਸ਼ ਕਰਨ ਵਾਲਾ ਪਾਕਿਸਤਾਨ ਅਜਿਹੀਆਂ ਸਮੱਸਿਆਵਾਂ ਖੜ੍ਹੀਆਂ ਕਰਨ ਵਾਲਾ ਮੁਲਕ ਰਿਹਾ ਹੈ ਜਿਸ ਨਾਲ ਭਾਰਤ ਆਪਣੇ ਗੁਆਂਢ ਵਿੱਚ ਨਜਿੱਠ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵਿਚਾਲੇ ਭਾਰਤ-ਅਮਰੀਕਾ ਦੁਵੱਲੀ ਵਾਰਤਾ ਅਤੇ ਆਸਟ੍ਰੇਲੀਆ, ਭਾਰਤ, ਜਪਾਨ ਅਤੇ ਅਮਰੀਕਾ ਦੇ ਕੁਆਡ ਸਿਖਰ ਸੰਮੇਲਨ ਦੌਰਾਨ ਦੋਵਾਂ ਵਿਚਾਲੇ ਅਫ਼ਗਾਨਿਸਤਾਨ ਵਿੱਚ ਪਾਕਿਸਤਾਨ ਦੀ ਭੂਮਿਕਾ ’ਤੇ ਨਜ਼ਰ ਰੱਖਣ ਸਬੰਧੀ ਗੱਲ ਹੋਈ। ਸ਼੍ਰਿੰਗਲਾ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਕਿਹਾ,‘ਦੋਵਾਂ ਵਾਰਤਾਵਾਂ ਵਿੱਚ ਇਹ ਗੱਲ ਸਪੱਸ਼ਟ ਰਹੀ ਕਿ ਅਫ਼ਗਾਨਿਸਤਾਨ ਵਿੱਚ ਪਾਕਿਸਤਾਨ ਦੀ ਭੂਮਿਕਾ ’ਤੇ ਤਿੱਖੀ ਨਿਗ੍ਹਾ ਰੱਖੀ ਜਾਵੇ। ਉਨ੍ਹਾਂ ਕਿਹਾ,‘ਪਾਕਿਸਤਾਨ ਕਈ ਮਾਅਨਿਆਂ ਵਿੱਚ ਉਨ੍ਹਾਂ ਸਮੱਸਿਆਵਾਂ ਨੂੰ ਪੈਦਾ ਕਰਨ ਵਾਲਾ ਹੈ ਜਿਨ੍ਹਾਂ ਨਾਲ ਅਸੀਂ ਆਪਣੇ ਗੁਆਂਢ ਵਿੱਚ ਸਿੱਝ ਰਹੇ ਹਨ।’ ਪ੍ਰਧਾਨ ਮੰਤਰੀ ਮੋਦੀ ਨੇ ਆਸਟ੍ਰੇਲੀਆ ਅਤੇ ਜਪਾਨ ਦੇ ਆਪਣੇ ਹਮਰੁਤਬਾ ਸਕੌਟ ਮੌਰੀਸਨ ਅਤੇ ਯੋਸ਼ੀਹਿਦੇ ਸੁਗਾ ਨਾਲ ਮੀਟਿੰਗ ਵਿੱਚ ਹਿੱਸਾ ਲਿਆ।