ਚੰਨੀ ਤੇ ਸਿੱਧੂ ਵਿਚਾਲੇ ਦੋ ਘੰਟੇ ਚੱਲੀ ਮੀਟਿੰਗ; ਮਸਲਿਆਂ ਦਾ ਹੱਲ ਹੋਣ ਸਬੰਧੀ ਭੇਤ ਬਰਕਰਾਰ
ਚੰਨੀ ਤੇ ਸਿੱਧੂ ਵਿਚਾਲੇ ਦੋ ਘੰਟੇ ਚੱਲੀ ਮੀਟਿੰਗ; ਮਸਲਿਆਂ ਦਾ ਹੱਲ ਹੋਣ ਸਬੰਧੀ ਭੇਤ ਬਰਕਰਾਰ
ਚੰਡੀਗੜ੍ਹ-ਇੱਥੇ ਸੈਕਟਰ-3 ਸਥਿਤ ਪੰਜਾਬ ਭਵਨ ਵਿਚ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਦੋ ਘੰਟੇ ਮੀਟਿੰਗ ਚੱਲੀ ਪਰ ਉਸ ਦੇ ਬਾਵਜੂਦ ਸਿੱਧੂ ਵੱਲੋਂ ਉਠਾਏ ਗਏ ਮਸਲਿਆਂ ਦਾ ਹੱਲ ਹੋਣ ਸਬੰਧੀ ਭੇਤ ਬਰਕਰਾਰ ਹੈ। ਮੀਟਿੰਗ ਤੋਂ ਬਾਅਦ ਕਿਸੇ ਵੱਲੋਂ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਅਧਿਕਾਰੀਆਂ ਤੇ ਮੰਤਰੀਆਂ ਦੀਆਂ ਨਿਯੁਕਤੀਆਂ ਨੂੰ ਲੈ ਕੇ ਪੈਦਾ ਹੋਏ ਵਖਰੇਵਿਆਂ ਮਗਰੋਂ ਦੋ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇੱਥੇ ਪੰਜਾਬ ਭਵਨ ਵਿਚ ਅੱਜ ਸ਼ਾਮ ਸ੍ਰੀ ਚੰਨੀ ਤੇ ਸਿੱਧੂ ਵਿਚਾਲੇ ਦੋ ਘੰਟੇ ਮੀਟਿੰਗ ਚੱਲੀ। ਉਸ ਤੋਂ ਬਾਅਦ ਕਰੀਬ 6 ਵਜੇ ਪਹਿਲਾਂ ਸ੍ਰੀ ਚੰੰਨੀ ਮੀਟਿੰਗ ਵਿੱਚੋਂ ਬਾਹਰ ਆਏ ਤੇ ਉਨ੍ਹਾਂ ਤੋਂ ਕਰੀਬ ਅੱਧ ਘੰਟੇ ਬਾਅਦ ਸਿੱਧੂ ਬਾਹਰ ਆਏ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਕਿਸੇ ਪਾਰਟੀ ਆਗੂ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ, ਇਸ ਵਾਸਤੇ ਇਹ ਅਜੇ ਵੀ ਭੇਤ ਬਣਿਆ ਹੋਇਆ ਹੈ ਕਿ ਸਿੱਧੂ ਵੱਲੋਂ ਉਠਾਏ ਮਸਲਿਆਂ ਦਾ ਹੱਲ ਹੋਇਆ ਹੈ ਜਾਂ ਨਹੀਂ।