ਕਾਂਗਰਸ ਛੱਡਾਂਗਾ ਪਰ ਭਾਜਪਾ ’ਚ ਨਹੀਂ ਜਾਵਾਂਗਾ: ਕੈਪਟਨ

ਕਾਂਗਰਸ ਛੱਡਾਂਗਾ ਪਰ ਭਾਜਪਾ ’ਚ ਨਹੀਂ ਜਾਵਾਂਗਾ: ਕੈਪਟਨ

ਕਾਂਗਰਸ ਛੱਡਾਂਗਾ ਪਰ ਭਾਜਪਾ ’ਚ ਨਹੀਂ ਜਾਵਾਂਗਾ: ਕੈਪਟਨ
ਚੰਡੀਗੜ੍ਹ-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਕਿਆਸਾਂ ਨੂੰ ਵਿਰਾਮ ਦਿੰਦੇ ਹੋਏ ਅੱਜ ਕਿਹਾ ਕਿ ਉਹ ਕਾਂਗਰਸ ਨੂੰ ਛੱਡ ਰਹੇ ਹਨ, ਪਰ ਭਾਜਪਾ ਵਿਚ ਸ਼ਾਮਲ ਨਹੀਂ ਹੋਣਗੇ। ਅਮਰਿੰਦਰ ਦਾ ਇਹ ਫ਼ੈਸਲਾ ਕਾਂਗਰਸ ਹਾਈਕਮਾਨ ਨੂੰ ਔਖ ਦੇ ਵਕਤ ’ਚ ਵੱਡਾ ਸਿਆਸੀ ਝਟਕਾ ਹੈ, ਜਿਸ ਨਾਲ ਕੇਂਦਰੀ ਲੀਡਰਸ਼ਿਪ ’ਤੇ ਨਵੇਂ ਸਵਾਲ ਉੱਠਣ ਦਾ ਰਾਹ ਮੋਕਲਾ ਹੋਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਇਕ ਦਿਨ ਮਗਰੋਂ ਅਮਰਿੰਦਰ ਸਿੰਘ ਅੱਜ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲੇ। ਇਹ ਮੀਟਿੰਗ ਅੱਧੇ ਘੰਟੇ ਦੇ ਕਰੀਬ ਚੱਲੀ ਤੇ ਡੋਵਾਲ ਮਗਰੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਚਲੇ ਗਏ। ਅਮਰਿੰਦਰ ਸਿੰਘ ਦੋ ਦਿਨ ਦੀ ਆਪਣੀ ਫੇਰੀ ਮਗਰੋਂ ਦੇਰ ਸ਼ਾਮ ਦਿੱਲੀ ਤੋਂ ਚੰਡੀਗੜ੍ਹ ਪਰਤ ਆਏ ਹਨ। ਇਸ ਦੌਰਾਨ ਅਮਰਿੰਦਰ ਨੇ ਅੱਜ ਆਪਣੇ ਟਵਿੱਟਰ ਖਾਤੇ ਤੋਂ ‘ਕਾਂਗਰਸ’ ਸ਼ਬਦ ਹਟਾ ਦਿੱਤਾ ਹੈ। ਉਨ੍ਹਾਂ ਆਪਣੇ ਆਪ ਨੂੰ ਸਾਬਕਾ ਫ਼ੌਜੀ ਅਤੇ ਸਾਬਕਾ ਮੁੱਖ ਮੰਤਰੀ ਦੱਸਿਆ ਹੈ। ਉਨ੍ਹਾਂ ਇਹ ਵੀ ਵਾਅਦਾ ਕੀਤਾ ਹੈ ਕਿ ਉਹ ਸੂਬੇ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਸ਼ਾਹ ਤੇ ਡੋਵਾਲ ਨਾਲ ਮੀਟਿੰਗਾਂ ਮਗਰੋਂ ਅਮਰਿੰਦਰ ਸਿੰਘ ਦਾ ਕਾਂਗਰਸ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਜਿੱਥੇ ਆਮ ਲੋਕਾਂ ’ਚ ਕਈ ਤਰ੍ਹਾਂ ਸ਼ੰਕੇ ਖੜ੍ਹੇ ਕਰ ਰਿਹਾ ਹੈ, ਉਥੇ ਨਾਲੋ-ਨਾਲ ਕਾਂਗਰਸ ਲੀਡਰਸ਼ਿਪ ਨੂੰ ਹਲੂਣਾ ਦੇਣ ਵਾਲਾ ਹੈ। ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਮਰਿੰਦਰ ਦੀ ਗ੍ਰਹਿ ਮੰਤਰੀ ਨਾਲ ਮਿਲਣੀ ਸਿਆਸੀ ਨਜ਼ਰੀਏ ਤੋਂ ਕਾਫ਼ੀ ਅਹਿਮ ਦੱਸੀ ਜਾ ਰਹੀ ਹੈ। ਸਿਆਸੀ ਅਟਕਲਾਂ ਹਨ ਕਿ ਭਾਜਪਾ ਵੱਲੋਂ ਅਮਰਿੰਦਰ ਸਿੰਘ ਨੂੰ ਨਵਾਂ ਸਿਆਸੀ ਖ਼ਾਕਾ ਵਾਹ ਕੇ ਦਿੱਤਾ ਗਿਆ ਹੈ। ਉੱਧਰ ਕਾਂਗਰਸ ਹਾਈਕਮਾਨ ਅਮਰਿੰਦਰ ਸਿੰਘ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ ਹੀ ਹਰਕਤ ਵਿੱਚ ਆ ਗਈ ਸੀ। ਕਾਂਗਰਸ ’ਚ ਇਸ ਵੇਲੇ ਕੌਮੀ ਪੱਧਰ ’ਤੇ ਸਿਆਸੀ ਉਬਾਲ ਉੱਠਿਆ ਹੋਇਆ ਹੈ। ਸੀਨੀਅਰ ਕਾਂਗਰਸੀ ਆਗੂ ਕਪਿਲ ਸਿੱਬਲ ਵੱਲੋਂ ਖੜ੍ਹੇ ਕੀਤੇ ਸਵਾਲਾਂ ਮਗਰੋਂ ਜੀ-23 ਗਰੁੱਪ ਦੀ ਸਰਗਰਮੀ ਵੀ ਵਧੀ ਹੈ ਅਤੇ ਹੁਣ ਅਮਰਿੰਦਰ ਸਿੰਘ ਨੇ ਵੀ ਕਪਿਲ ਸਿੱਬਲ ਦੀ ਹਮਾਇਤ ’ਚ ‘ਹਾਅ ਦਾ ਨਾਅਰਾ’ ਮਾਰਿਆ ਹੈ। ਕਾਂਗਰਸ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੇ ਗ਼ੁੱਸੇ ਨੂੰ ਠੰਢਾ ਕਰਨ ਲਈ ਸੀਨੀਅਰ ਆਗੂ ਕਮਲ ਨਾਥ ਅਤੇ ਅੰਬਿਕਾ ਸੋਨੀ ਦੀ ਡਿਊਟੀ ਲਗਾਈ ਹੈ। ਉਂਜ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਬਾਰੇ ਅਮਰਿੰਦਰ ਸਿੰਘ ਨੇ ਕਿਸਾਨੀ ਮਸਲਿਆਂ ਦਾ ਤਰਕ ਦਿੱਤਾ ਹੈ ਅਤੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੀਟਿੰਗ ਪਿੱਛੇ ਕੌਮੀ ਸੁਰੱਖਿਆ ’ਤੇ ਵਿਚਾਰ ਚਰਚਾ ਕੀਤੇ ਜਾਣ ਦੀ ਗੱਲ ਆਖੀ ਗਈ ਹੈ।
ਅਮਰਿੰਦਰ ਸਿੰਘ ਨੇ ਅੱਜ ਸਾਫ਼ ਕੀਤਾ ਹੈ ਕਿ ਉਹ ਭਾਜਪਾ ਵਿਚ ਸ਼ਾਮਲ ਨਹੀਂ ਹੋ ਰਹੇ ਹਨ। ਕੈਪਟਨ ਨੇ ਹਾਲਾਂਕਿ ਭਾਜਪਾ ਪ੍ਰਤੀ ਆਪਣਾ ਰੁਖ਼ ਅਤਿ ਨਰਮ ਕਰ ਲਿਆ ਹੈ ਜਦੋਂ ਕਿ ਕਾਂਗਰਸ ਨੂੰ ਸਿੱਧਾ ਨਿਸ਼ਾਨੇ ’ਤੇ ਲਿਆ ਹੋਇਆ ਹੈ। ਇੱਥੋਂ ਤੱਕ ਕਿ ਖੇਤੀ ਕਾਨੂੰਨਾਂ ਦੇ ਮਾਮਲੇ ’ਤੇ ਵੀ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਪ੍ਰਤੀ ਸਖ਼ਤ ਲਫ਼ਜ਼ਾਂ ਦੀ ਵਰਤੋਂ ਨਹੀਂ ਕੀਤੀ ਹੈ। ਅਮਰਿੰਦਰ ਨੇ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਅਤੇ ਉਸ ’ਤੇ ਵਿਸ਼ਵਾਸ ਨਹੀਂ ਕੀਤਾ ਜਿਸ ਕਰਕੇ ਉਨ੍ਹਾਂ ਨੇ ਕਾਂਗਰਸ ਛੱਡਣ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਹੋਰ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਚੇਤੇ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਕਿਹਾ ਸੀ ਕਿ ਉਨ੍ਹਾਂ ਲਈ ਭਵਿੱਖ ’ਚ ਸਿਆਸੀ ਬਦਲ ਖੁੱਲ੍ਹੇ ਹਨ। ਹੁਣ ਚਰਚੇ ਜ਼ੋਰ ਫੜ ਗਏ ਹਨ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਚ ਨਵੀਂ ਸਿਆਸੀ ਪਾਰਟੀ ਬਣਾ ਸਕਦੇ ਹਨ, ਪਰ ਅਮਰਿੰਦਰ ਸਿੰਘ ਨੇ ਇਸ ਦੇ ਜਵਾਬ ਵਿਚ ਅੱਜ ਏਨਾ ਹੀ ਕਿਹਾ ਕਿ ‘ਜੋ ਕੁਝ ਅੱਗੇ ਹੋਵੇਗਾ, ਤੁਹਾਨੂੰ ਪਤਾ ਲੱਗ ਜਾਵੇਗਾ।’’ ਸੂਤਰ ਆਖਦੇ ਹਨ ਕਿ ਅਮਰਿੰਦਰ ਸਿੰਘ ਕੇਂਦਰੀ ਖੇਤੀ ਕਾਨੂੰਨਾਂ ਦੇ ਸੁਲਝਣ ਦਾ ਰੁਖ਼ ਦੇਖ ਰਹੇ ਹਨ। ਅਮਰਿੰਦਰ ਨੇ ਉਮੀਦ ਜ਼ਾਹਿਰ ਕੀਤੀ ਕਿ ਲੋਕ ਪੰਜਾਬ ਦੇ ਭਵਿੱਖ ਲਈ ਵੋਟ ਪਾਉਣਗੇ। ਉਨ੍ਹਾਂ ਕਿਹਾ ਕਿ ਚੋਣਾਂ ’ਚ ਬੇਸ਼ੱਕ ਕਿੰਨੀਆਂ ਹੀ ਧਿਰਾਂ ਖੜ੍ਹੀਆਂ ਹੋਣ ਪਰ ਪੰਜਾਬ ਦੇ ਲੋਕ ਇੱਕ ਪਾਰਟੀ ਲਈ ਹੀ ਵੋਟ ਪਾਉਂਦੇ ਹਨ।

Radio Mirchi