ਭ੍ਰਿਸ਼ਟਾਚਾਰ ਦੇ ਮਾਮਲੇ ’ਚ ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਵੱਲੋਂ ਅਸਤੀਫ਼ਾ
ਭ੍ਰਿਸ਼ਟਾਚਾਰ ਦੇ ਮਾਮਲੇ ’ਚ ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਵੱਲੋਂ ਅਸਤੀਫ਼ਾ
ਸਿਡਨੀ-ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੀ ਪ੍ਰੀਮੀਅਰ ਗਲੈਡਿਸ ਬੇਰੇਜਿਕਲੀਅਨ ਨੂੰ ਪੰਜਾਬੀ ਪਿਛੋਕੜ ਵਾਲੇ ਨੇਤਾ ਨਾਲ ਨੇੜਤਾ ਰੱਖਣੀ ਮਹਿੰਗੀ ਪਈ ਹੈ। ਉਨ੍ਹਾਂ ਨੂੰ ਅੱਜ ਅਹੁਦੇ ਤੋ ਅਸਤੀਫ਼ਾ ਦੇਣਾ ਪਿਆ ਤੇ ਪ੍ਰੀਮੀਅਰ ਨੇ ਮੰਨਿਆ ਕਿ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਘਿਰੇ ਸਾਬਕਾ ਸੰਸਦ ਮੈਂਬਰ ਡੈਰਲ ਮੈਗੁਇਰ ਨਾਲ ਉਸ ਦੇ ਨੇੜਲੇ ਸਬੰਧ ਸਨ। ਜ਼ਿਕਰਯੋਗ ਹੈ ਕਿ ਡੈਰਲ ਆਸਟਰੇਲੀਆ ’ਚ ਲੰਮਾ ਸਮਾਂ ਪਹਿਲਾਂ ਆਏ ਭਾਰਤੀ ਪੰਜਾਬੀ ਸੁੰਦਾ ਸਿੰਘ ਦਾ ਪੜਦੋਹਤਾ ਹੈ। ਉਹ ਸੂਬੇ ਦੇ ਪੇਂਡੂ ਖੇਤਰ ਵਾਗਾਵਾਗਾ ਤੋ ਸੰਸਦ ਮੈਂਬਰ ਸੀ। ਡੈਰਲ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਸਾਲ 2018 ’ਚ ਅਸਤੀਫ਼ਾ ਦੇਣਾ ਪਿਆ ਸੀ। ਭ੍ਰਿਸ਼ਟਾਚਾਰ ਵਿਰੋਧੀ ਬਣੇ ਸਰਕਾਰੀ ਆਜ਼ਾਦ ਕਮਿਸ਼ਨ ਨੇ ਭ੍ਰਿਸ਼ਟਾਚਾਰ ਮਾਮਲੇ ਦੀ ਸੁਣਵਾਈ ਦੌਰਾਨ ਐਲਾਨ ਕੀਤਾ ਕਿ ਉਹ ਜਨਤਕ ਤੌਰ ’ਤੇੇ ਜਾਂਚ ਕਰੇਗਾ ਕਿ ਕੀ ਗਲੈਡਿਸ ਨੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਕੇ ਆਪਣੇ ਚਹੇਤੇ ਦੀ ਮਦਦ ਕੀਤੀ ਹੈ ਜਾਂ ਨਹੀਂ। ਕਮਿਸ਼ਨ ਸਿਡਨੀ ਵਿੱਚ ਬਣ ਰਹੇ ਨਵੇਂ ਅੰਤਰਰਾਸ਼ਟਰੀ ਹਵਾਈ ਅੱਡੇ ਲਈ 3 ਮਿਲੀਅਨ ਵਾਲੀ ਜ਼ਮੀਨ 30 ਮਿਲੀਅਨ ਦੀ ਖ਼ਰੀਦਣ, ਸਰਕਾਰੀ ਗਰਾਂਟਾਂ ਦੇ ਗੱਫੇ ਦੇਣ ਤੇ ਮਾਮਲਿਆਂ ਨੂੰ ਖ਼ੁਰਦ-ਬੁਰਦ ਕਰਨ ਦੇ ਦੋਸ਼ਾਂ ਦੀ ਪੜਤਾਲ ਕਰ ਰਿਹਾ ਹੈ।