ਬਰਗਾੜੀ ਕਾਂਡ: ਕੈਪਟਨ 10 ਨਵੰਬਰ ਨੂੰ ਅਕਾਲ ਤਖ਼ਤ ’ਤੇ ਮੁੜ ਤਲਬ
ਬਰਗਾੜੀ ਕਾਂਡ: ਕੈਪਟਨ 10 ਨਵੰਬਰ ਨੂੰ ਅਕਾਲ ਤਖ਼ਤ ’ਤੇ ਮੁੜ ਤਲਬ
ਅੰਮ੍ਰਿਤਸਰ-ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਬਰਗਾੜੀ ਮੋਰਚੇ ਸਬੰਧੀ ਵਾਅਦਾਖ਼ਿਲਾਫ਼ੀ ਦੇ ਦੋਸ਼ ਹੇਠ ਸੂਬੇ ਦੀ ਕਾਂਗਰਸ ਸਰਕਾਰ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਪੰਜ ਏਲਚੀਆਂ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 10 ਨਵੰਬਰ ਨੂੰ ਅਕਾਲ ਤਖਤ ਵਿਖੇ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਹੈ। ਬਰਗਾੜੀ ਮਾਮਲੇ ਸਬੰਧੀ ਅੱਜ ਦੂਜੀ ਵਾਰ ਵੀ ਕੈਪਟਨ ਅਮਰਿੰਦਰ ਸਿੰਘ ਸਪੱਸ਼ਟੀਕਰਨ ਦੇਣ ਲਈ ਹਾਜ਼ਰ ਨਹੀਂ ਹੋਏ।
ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਸਮੇਤ ਪੰਜ ਪਿਆਰਿਆਂ ਬਾਬਾ ਨਛੱਤਰ ਸਿੰਘ, ਬਾਬਾ ਹਿੰਮਤ ਸਿੰਘ, ਬਾਬਾ ਹਰਬੰਸ ਸਿੰਘ, ਭਾਈ ਅਮਰਜੀਤ ਸਿੰਘ ਨੇ ਅਕਾਲ ਤਖਤ ਵਿਖੇ ਨਤਮਸਤਕ ਹੋਣ ਮਗਰੋਂ ਇਥੇ ਸਕੱਤਰੇਤ ਦੇ ਬਾਹਰ ਅੱਜ ਦੀ ਇਸ ਕਾਰਵਾਈ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਭਾਵੇਂ ਉਹ ਹੁਣ ਮੁੱਖ ਮੰਤਰੀ ਨਹੀਂ ਹਨ ਪਰ ਉਨ੍ਹਾਂ ਦਾ ਇਸ ਮਾਮਲੇ ਵਿੱਚ ਸਪੱਸ਼ਟੀਕਰਨ ਜ਼ਰੂਰੀ ਹੈ। ਵਾਅਦਾਖ਼ਿਲਾਫ਼ੀ ਸਬੰਧੀ ਮਾਮਲਾ ਕੈਪਟਨ ਅਮਰਿੰਦਰ ਸਿੰਘ ਨਾਲ ਜੁੜਿਆ ਹੋਇਆ ਹੈ। ਜਥੇਦਾਰ ਮੰਡ ਨੇ ਕਿਹਾ ਕਿ ਇਸ ਮਾਮਲੇ ਵਿੱਚ ਪਹਿਲਾਂ ਸਰਕਾਰ ਦੇ ਪੰਜ ਏਲਚੀਆਂ, ਜਿਨ੍ਹਾਂ ਵਿੱਚ ਦੋ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਤਿੰਨ ਵਿਧਾਇਕ ਹਰਮਿੰਦਰ ਸਿੰਘ ਗਿੱਲ, ਕੁਲਬੀਰ ਸਿੰਘ ਜ਼ੀਰਾ, ਕੁਸ਼ਲਦੀਪ ਸਿੰਘ ਢਿੱਲੋਂ ਨੂੰ ਸਪੱਸ਼ਟੀਕਰਨ ਦੇਣ ਲਈ ਸੱਦਿਆ ਸੀ, ਜਿਨ੍ਹਾਂ ਵਾਅਦਾਖ਼ਿਲਾਫ਼ੀ ਲਈ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਮੁਤਵਾਜ਼ੀ ਜਥੇਦਾਰ ਨੇ ਆਖਿਆ ਕਿ ਕਾਂਗਰਸ ਦੀ ਨਵੀਂ ਸਰਕਾਰ ਵਿੱਚ ਪੰਜ ਏਲਚੀਆਂ ਵਿੱਚੋਂ ਸੁਖਜਿੰਦਰ ਸਿੰਘ ਰੰਧਾਵਾ ਹੁਣ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਹਨ। ਸ੍ਰੀ ਬਾਜਵਾ ਵੀ ਕੈਬਨਿਟ ਮੰਤਰੀ ਹਨ। ਇਸ ਵੇਲੇ ਮੁੱਖ ਮੰਤਰੀ ਵੀ ਇਨ੍ਹਾਂ ਦੀ ਸਹਿਮਤੀ ਵਾਲਾ ਹੈ, ਜੇਕਰ ਪਹਿਲਾਂ ਇਹ ਕਿਸੇ ਕਾਰਨ ਮਜਬੂਰ ਸੀ ਤਾਂ ਹੁਣ ਇਨ੍ਹਾਂ ਕੋਲ ਪੂਰਨ ਅਧਿਕਾਰ ਹਨ। ਇਸ ਲਈ 10 ਨਵੰਬਰ ਤੱਕ ਸਾਰੀ ਕਾਰਵਾਈ ਮੁਕੰਮਲ ਕਰਨ ਮਗਰੋਂ ਇਹ ਪੰਜੇ ਏਲਚੀ ਅਕਾਲ ਤਖਤ ਵਿਖੇ ਹਾਜ਼ਰ ਹੋ ਕੇ ਇਸ ਸਬੰਧੀ ਕੌਮ ਨੂੰ ਜਵਾਬ ਦੇਣ।