ਲਖੀਮਪੁਰ ਖੀਰੀ ਘਟਨਾ; ਸਰਕਾਰ ਅਤੇ ਕਿਸਾਨਾਂ 'ਚ ਸਮਝੌਤਾ

ਲਖੀਮਪੁਰ ਖੀਰੀ ਘਟਨਾ; ਸਰਕਾਰ ਅਤੇ ਕਿਸਾਨਾਂ 'ਚ ਸਮਝੌਤਾ

ਲਖੀਮਪੁਰ ਖੀਰੀ ਘਟਨਾ; ਸਰਕਾਰ ਅਤੇ ਕਿਸਾਨਾਂ 'ਚ ਸਮਝੌਤਾ
ਖੀਰੀ (ਯੂ.ਪੀ.), -ਲਖੀਮਪੁਰ ਖੀਰੀ 'ਚ ਕੱਲ੍ਹ ਵਾਪਰੀ ਘਟਨਾ ਦੇ ਮਾਮਲੇ 'ਚ ਉੱਤਰ ਪ੍ਰਦੇਸ਼ ਸਰਕਾਰ ਅਤੇ ਕਿਸਾਨਾਂ ਵਿਚਕਾਰ ਸਮਝੌਤਾ ਹੋ ਗਿਆ ਹੈ। ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 45-45 ਲੱਖ ਰੁਪਏ ਮੁਆਵਜ਼ਾ ਦੇਣ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ 'ਚੋਂ ਇਕ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਇਸ ਘਟਨਾ 'ਚ ਜ਼ਖ਼ਮੀ ਹੋਏ ਪੀੜਤਾਂ ਨੂੰ ਇਲਾਜ ਲਈ 10-10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਘਟਨਾ ਦੀ ਨਿਆਂਇਕ ਜਾਂਚ ਅਤੇ 8 ਦਿਨਾਂ 'ਚ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਵੀ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਹਿੰਸਾ ਕਿਸ ਕਾਰਨ ਫ਼ੈਲੀ ਸਬੰਧੀ ਘਟਨਾ ਦੀ ਜਾਂਚ ਹਾਈਕੋਰਟ ਦੇ ਸੇਵਾ ਮੁਕਤ ਜੱਜ ਤੋਂ ਕਰਵਾਈ ਜਾਵੇਗੀ। ਲਖੀਮਪੁਰ 'ਚ ਹੋਈ ਹਿੰਸਾ ਮਾਮਲੇ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਬੇਟੇ ਅਸ਼ੀਸ਼ ਮਿਸ਼ਰਾ ਸਮੇਤ 14 ਲੋਕਾਂ 'ਤੇ ਕੇਸ ਦਰਜ ਕਰ ਲਿਆ ਗਿਆ ਹੈ। ਯੂ.ਪੀ. ਦੇ ਏ.ਡੀ.ਜੀ. ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਮਾਰੇ ਗਏ 4 ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ 45 ਲੱਖ ਰੁਪਏ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਨੂੰ ਵੀ 10-10 ਲੱਖ ਸਹਾਇਤਾ ਰਾਸ਼ੀ ਵਜੋਂ ਦਿੱਤੀ ਜਾਵੇਗੀ। ਏ.ਡੀ.ਜੀ. ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਕਿਸਾਨਾਂ ਦੀ ਸ਼ਿਕਾਇਤ 'ਤੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ। ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਹਾਈਕੋਰਟ ਦੇ ਸੇਵਾ ਮੁਕਤ ਜੱਜ ਇਸ ਮਾਮਲੇ ਦੀ ਜਾਂਚ ਕਰਨਗੇ। ਉਨ੍ਹਾਂ ਕਿਹਾ ਕਿ ਸੀ. ਆਰ. ਪੀ. ਸੀ. ਦੀ ਧਾਰਾ 144 ਲਾਗੂ ਹੋਣ ਕਾਰਨ ਕਿਸੇ ਵੀ ਰਾਜਨੀਤਕ ਦਲਾਂ ਦੇ ਨੇਤਾਵਾਂ ਨੂੰ ਜ਼ਿਲ੍ਹੇ ਦਾ ਦੌਰਾ ਨਹੀਂ ਕਰਨ ਦਿੱਤਾ ਜਾਵੇਗਾ। ਹਾਲਾਂਕਿ ਕਿਸਾਨ ਜਥੇਬੰਦੀਆਂ ਦੇ ਮੈਂਬਰਾਂ ਨੂੰ ਇਥੇ ਆਉਣ ਦੀ ਆਗਿਆ ਹੈ।
ਅਸ਼ੀਸ਼ ਮਿਸ਼ਰਾ 'ਤੇ ਹੱਤਿਆ ਦਾ ਕੇਸ ਦਰਜ
ਲਖੀਮਪੁਰ 'ਚ ਹੋਈ ਹਿੰਸਾ ਮਾਮਲੇ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਬੇਟੇ ਅਸ਼ੀਸ਼ ਮਿਸ਼ਰਾ ਸਮੇਤ 14 ਵਿਅਕਤੀਆਂ 'ਤੇ ਹੱਤਿਆ, ਅਪਰਾਧਿਕ ਸਾਜਿਸ਼ ਅਤੇ ਬਗਾਵਤ ਦਾ ਕੇਸ ਦਰਜ ਕਰ ਲਿਆ ਗਿਆ ਹੈ। ਇਹ ਕੇਸ ਬਹਿਰਾਈਚ ਦੇ ਨਾਨਪਾਰਾ ਦੇ ਰਹਿਣ ਵਾਲੇ ਜਗਜੀਤ ਸਿੰਘ ਦੀ ਸ਼ਿਕਾਇਤ 'ਤੇ ਤਿਕੁਨੀਆ ਥਾਣੇ 'ਚ ਦਰਜ ਕਰ ਲਿਆ ਗਿਆ ਹੈ। ਇੱਧਰ ਮੰਤਰੀ ਅਜੇ ਮਿਸ਼ਰਾ ਦੇ ਡਰਾਈਵਰ ਦੀ ਸ਼ਿਕਾਇਤ 'ਤੇ ਤਿਕੁਨੀਆ ਥਾਣੇ 'ਚ ਹੀ ਅਣਪਛਾਤੇ ਕਿਸਾਨਾਂ 'ਤੇ ਹੱਤਿਆ, ਜਾਨ ਲੇਵਾ, ਬਗਾਵਤ ਅਤੇ ਕੁੱਟਮਾਰ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਹਿੰਸਾ ਦੇ ਮਾਮਲੇ ਦੀ ਜਾਂਚ ਐਸ.ਟੀ.ਐਫ. ਕਰੇਗੀ
ਲਖੀਮਪੁਰ ਖੀਰੀ 'ਚ ਐਤਵਾਰ ਸ਼ਾਮ ਕਿਸਾਨਾਂ ਅਤੇ ਭਾਜਪਾ ਕਾਰਕੁੰਨਾਂ ਵਿਚਕਾਰ ਹੋਈ ਹਿੰਸਕ ਝੜਪ ਦੀ ਜਾਂਚ ਹੁਣ ਐਸ.ਟੀ.ਐਫ਼. (ਵਿਸ਼ੇਸ਼ ਟਾਸਕ ਫ਼ੋਰਸ) ਕਰੇਗੀ। ਐਸ.ਟੀ.ਐਫ. ਸੋਮਵਾਰ ਸ਼ਾਮ ਤੋਂ ਹੀ ਜਾਂਚ ਆਪਣੇ ਹੱਥ 'ਚ ਲੈ ਲਵੇਗੀ। ਪੁਲਿਸ ਨੇ ਹਿੰਸਾ ਤੋਂ ਬਾਅਦ ਵਾਇਰਲ ਵੀਡੀਓ ਤੋਂ 24 ਵਿਅਕਤੀਆਂ ਦੀ ਸ਼ਿਕਾਇਤ ਕੀਤੀ ਹੈ। ਇਨ੍ਹਾਂ 'ਚੋਂ 7 ਵਿਅਕਤੀਆਂ ਨੂੰ ਹਿਰਾਸਤ 'ਚ ਲੈ ਦੇ ਪੁਲਿਸ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਪਹਿਲਾਂ ਪੂਰੇ ਮਾਮਲੇ 'ਚ ਪੁਲਿਸ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਬੇਟੇ ਅਸ਼ੀਸ਼ ਮਿਸ਼ਰਾ ਸਮੇਤ 14 ਵਿਅਕਤੀਆਂ ਖ਼ਿਲਾਫ਼ ਹੱਤਿਆ, ਅਪਰਾਧਿਕ ਸਾਜਿਸ਼ ਅਤੇ ਬਗਾਵਤ ਸਮੇਤ ਕਈ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕਰ ਲਈ ਗਈ ਹੈ।
ਗਿਣਤੀ 9 ਹੋਈ
ਜ਼ਿਲ੍ਹੇ ਦੇ ਤਿਕੋਨੀਆ ਇਲਾਕੇ 'ਚ ਐਤਵਾਰ ਨੂੰ ਹੋਈ ਹਿੰਸਕ ਘਟਨਾ ਤੋਂ ਬਾਅਦ ਅੱਜ ਸਵੇਰੇ ਇਕ ਪੱਤਰਕਾਰ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 9 ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਨਿਘਾਸਨ ਇਲਾਕੇ 'ਚ ਮ੍ਰਿਤਕ ਮਿਲੇ ਸਥਾਨਕ ਪੱਤਰਕਾਰ ਦੀ ਪਹਿਚਾਣ ਰਮਨ ਕਸ਼ਯਪ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੀ ਟੀ ਸ਼ਰਟ ਪਾਈ ਹੋਈ ਦੇਖ ਕੇ ਭੀੜ ਨੇ ਰਮਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲਿਸ ਨੇ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਪੱਤਰਕਾਰ ਰਮਨ ਕੱਲ੍ਹ ਵਾਪਰੀ ਘਟਨਾ ਤੋਂ ਬਾਅਦ ਲਾਪਤਾ ਹੋ ਗਿਆ ਸੀ ਅਤੇ ਅੱਜ ਉਸ ਦੀ ਲਾਸ਼ ਖੇਤਾਂ 'ਚੋਂ ਬਰਾਮਦ ਕੀਤੀ ਗਈ ਹੈ। ਇਸ ਦੌਰਾਨ ਡਾਕਟਰਾਂ ਦੇ ਪੈਨਲ ਵਲੋਂ ਅੱਜ ਸਾਰੀਆਂ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਮਿਸ਼ਰਾ ਦੀ ਵੀਡੀਓ ਵਾਇਰਲ
ਲਖੀਮਪੁਰ ਖੀਰੀ ਵਿਖੇ ਵਾਪਰੀ ਘਟਨਾ ਦੌਰਾਨ ਚਰਚਾ 'ਚ ਆਏ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਦੀ ਇਕ ਕਥਿਤ ਵੀਡੀਓ ਵਾਇਰਲ ਹੋਈ ਹੈ, ਜਿਸ 'ਚ ਉਹ ਇਹ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਉਹ ਕਿਸਾਨਾਂ ਨੂੰ 2 ਮਿੰਟਾਂ 'ਚ ਅਨੁਸ਼ਾਸਨ ਸਿਖਾ ਦੇਣਗੇ। ਇਸ ਵੀਡੀਓ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਐਤਵਾਰ ਨੂੰ ਵਾਪਰੀ ਘਟਨਾ ਤੋਂ ਪਹਿਲਾਂ ਹੀ ਉਨ੍ਹਾਂ ਬਹੁਤ ਜ਼ਿਆਦਾ ਗੁੱਸਾ ਆ ਗਿਆ ਸੀ। ਐਤਵਾਰ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਖੀਰੀ ਤੋਂ 2 ਵਾਰ ਭਾਜਪਾ ਸੰਸਦ ਮੈਂਬਰ ਨੂੰ ਕਥਿਤ ਤੌਰ 'ਤੇ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਮੇਰਾ ਸਾਹਮਣਾ ਕਰੋ, ਤੁਹਾਨੂੰ ਸਾਰਿਆਂ ਨੂੰ ਅਨੁਸ਼ਾਸਨ ਸਿਖਾਉਣ ਲਈ ਸਿਰਫ਼ 2 ਮਿੰਟ ਲੱਗਣਗੇ।

Radio Mirchi