ਜ਼ੁਕਰਬਰਗ ਨੂੰ ਕੁਝ ਘੰਟਿਆਂ 'ਚ ਹੀ 7 ਅਰਬ ਡਾਲਰ ਦਾ ਨੁਕਸਾਨ
ਜ਼ੁਕਰਬਰਗ ਨੂੰ ਕੁਝ ਘੰਟਿਆਂ 'ਚ ਹੀ 7 ਅਰਬ ਡਾਲਰ ਦਾ ਨੁਕਸਾਨ
ਸਿਆਟਲ-ਬੀਤੇ ਕੱਲ੍ਹ ਫੇਸਬੁੱਕ, ਇੰਸਟਾਗ੍ਰਾਮ ਅਤੇ ਵੱਟਸਐਪ ਸਰਵਰ ਡਾਊਨ ਹੋਣ ਕਾਰਨ ਦੁਨੀਆ ਭਰ ਵਿਚ ਇਸ ਦੀ ਵਰਤੋਂ ਕਰਨ ਵਾਲੇ ਕਰੋੜਾਂ ਲੋਕਾਂ ਨੂੰ ਕਈ ਘੰਟੇ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ | ਇਸ ਸਾਰੇ ਘਟਨਾਕ੍ਰਮ ਕਾਰਨ ਕੁਝ ਘੰਟਿਆਂ ਵਿਚ ਹੀ ਮਾਰਕ ਜ਼ੁਕਰਬਰਗ ਦੀ ਨਿੱਜੀ ਜਾਇਦਾਦ 'ਚ 7 ਅਰਬ ਡਾਲਰ ਦੀ ਭਾਰੀ ਗਿਰਾਵਟ ਆ ਗਈ, ਜਿਸ ਨਾਲ ਜ਼ੁਕਰਬਰਗ ਦੁਨੀਆ ਦੇ ਅਮੀਰ ਲੋਕਾਂ ਦੀ ਸੂਚੀ ਵਿਚ ਇਕ ਨੰਬਰ ਹੇਠਾਂ ਆ ਗਿਆ | ਫੇਸਬੁੱਕ ਕੰਪਨੀ ਦਾ ਸ਼ੇਅਰ ਤਕਰੀਬਨ 5 ਪ੍ਰਤੀਸ਼ਤ ਡਿਗ ਗਿਆ | ਸਟਾਕ ਸਲਾਈਡ ਨੇ ਜ਼ੁਕਰਬਰਗ ਦੀ ਕੁੱਲ ਸੰਪਤੀ 120.9 ਅਰਬ ਡਾਲਰ ਤੱਕ ਪਹੁੰਚਾ ਦਿੱਤੀ, ਜਿਸ ਨਾਲ ਉਹ ਹੁਣ ਨੰਬਰ 5 'ਤੇ ਆ ਗਿਆ | ਇੰਡੈਕਸ ਅਨੁਸਾਰ ਉਸ ਨੇ 13 ਸਤੰਬਰ ਤੋਂ ਅੱਜ ਤੱਕ 19 ਅਰਬ ਡਾਲਰ ਦੀ ਸੰਪਤੀ ਗੁਆ ਲਈ ਹੈ, ਜਦੋਂ ਕਿ ਪਹਿਲਾਂ ਉਸ ਦੀ ਕੀਮਤ 140 ਅਰਬ ਡਾਲਰ ਦੀ ਸੀ | ਅੱਜ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਅੱਜ ਫੇਸਬੁੱਕ, ਵੱਟਸਐਪ ਅਤੇ ਇੰਸਟਾਗ੍ਰਾਮ ਦੇ ਬੰਦ ਹੋਣ ਕਾਰਨ ਆਪਣੇ ਕਰੋੜਾਂ ਲੋਕਾਂ ਤੋਂ ਮੁਆਫ਼ੀ ਮੰਗੀ ਹੈ | ਉਨ੍ਹਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਸਾਡਾ ਸਿਸਟਮ ਬੰਦ ਹੋਣ ਕਾਰਨ ਤੁਸੀਂ ਆਪਣੇ ਪਿਆਰਿਆਂ ਨਾਲ ਨਹੀਂ ਜੁੜ ਸਕੇ, ਜਿਸ ਕਾਰਨ ਤੁਹਾਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਅੱਗੋਂ ਅਜਿਹਾ ਨਾ ਹੋਵੇ ਇਸ ਦੇ ਪ੍ਰਬੰਧ ਕੀਤੇ ਜਾ ਰਹੇ ਹਨ |