ਕੇਂਦਰੀ ਮੰਤਰੀ ਤੇ ਉਸ ਦੇ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਜਾਵੇ: ਮੋਰਚਾ

ਕੇਂਦਰੀ ਮੰਤਰੀ ਤੇ ਉਸ ਦੇ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਜਾਵੇ: ਮੋਰਚਾ

ਕੇਂਦਰੀ ਮੰਤਰੀ ਤੇ ਉਸ ਦੇ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਜਾਵੇ: ਮੋਰਚਾ
ਨਵੀਂ ਦਿੱਲੀ-ਸੰਯੁਕਤ ਕਿਸਾਨ ਮੋਰਚੇ ਨੇ ਮੰਗ ਕੀਤੀ ਹੈ ਕਿ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੀਆਂ ਸ਼ਹਾਦਤਾਂ ਲਈ ਜ਼ਿੰਮੇਵਾਰ ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਫੌਰੀ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਕਤਲ ਕਰਨ ਦੇ ਮਾਮਲੇ ਦੇ ਮੁੱਖ ਮੁਲਜ਼ਮ ਉਸ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਫੌਰੀ ਗ੍ਰਿਫ਼ਤਾਰ ਕੀਤਾ ਜਾਵੇ।
ਮੋਰਚੇ ਵੱਲੋਂ ਅੱਜ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਰਿੰਦਰ ਸਿੰਘ ਹੁੱਡਾ ਅਤੇ ਲੀਗਲ ਸੈੱਲ ਦੇ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਯੂਪੀ ਸਰਕਾਰ ਲਖੀਮਪੁਰ ਖੀਰੀ ਜਾਣ ਵਾਲਿਆਂ ਨੂੰ ਰੋਕ ਕੇ ਭੜਕਾਹਟ ਪੈਦਾ ਕਰਨੀ ਬੰਦ ਕਰੇ। ਉਨ੍ਹਾਂ ਕਿਹਾ ਕਿ ਭਾਜਪਾ ਇਸ ਭੁਲੇਖੇ ’ਚ ਨਾ ਰਹੇ ਕਿ ਪਾਬੰਦੀਆਂ ਨਾਲ ਉਹ ਅੰਦੋਲਨ ਨੂੰ ਦਬਾ ਲਵੇਗੀ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਸ਼ਹੀਦ ਅਤੇ ਜ਼ਖ਼ਮੀ ਪਰਿਵਾਰਾਂ ਨਾਲ ਹਰ ਪੱਖੋਂ ਡਟ ਕੇ ਖੜ੍ਹਾ ਹੈ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੱਕ ਉਹ ਕਾਨੂੰਨੀ ਮਦਦ ਵੀ ਦੇਵੇਗਾ। ਆਗੂਆਂ ਨੇ ਕਿਹਾ ਕਿ ਲਖੀਮਪੁਰ ਖੀਰੀ ਵਾਲੇ ਮਸਲੇ ’ਤੇ 8 ਅਕਤੂਬਰ ਨੂੰ ਮੋਰਚੇ ਦੀ ਮੀਟਿੰਗ ਕਰਕੇ ਵੱਡੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।
ਮੋਰਚੇ ਦੇ ਆਗੂਆਂ ਨੇ ਕਿਹਾ ਕਿ ਭਾਜਪਾ ਕਿਸਾਨ ਸੰਘਰਸ਼ ਦਾ ਫੈਲਦਾ ਦਾਇਰਾ ਦੇਖ ਕੇ ਬੁਖਲਾਹਟ ’ਚ ਆ ਚੁੱਕੀ ਹੈ। ਭਾਜਪਾ ਨੇ ਘੋਲ ਦੇ ਦਾਇਰੇ ਨੂੰ ਲਗਾਤਾਰ ਸੀਮਤ ਦੱਸਣ ਦਾ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਹੈ ਪਰ ਭਾਰਤ ਬੰਦ ਨੇ ਭਾਜਪਾ ਦੇ ਇਸ ਬਿਰਤਾਂਤ ਦੀ ਫੂਕ ਕੱਢ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਦੀ ਘਟਨਾ ਨੇ ਕਿਸਾਨ ਘੋਲ ਨੂੰ ਦੇਸ਼ ਦੇ ਸਿਆਸੀ ਅਤੇ ਸਮਾਜਿਕ ਦ੍ਰਿਸ਼ ਉਪਰ ਹੋਰ ਉਭਾਰ ਦਿੱਤਾ ਹੈ। ਕਿਸਾਨ ਆਗੂਆਂ ਕਿਹਾ ਕਿ ਲਖੀਮਪੁਰ ਦੀ ਘਟਨਾ ਭਾਜਪਾ ਦੇ ਸਿਆਸੀ ਕਫ਼ਨ ਵਿੱਚ ਆਖਰੀ ਕਿੱਲ ਸਾਬਿਤ ਹੋਵੇਗੀ ਅਤੇ ਕਿਸਾਨ ਅੰਦੋਲਨ ਦੀਆਂ ਲਪਟਾਂ ਹੁਣ ਪੂਰਬੀ ਤੇ ਕੇਂਦਰੀ ਯੂਪੀ ’ਚ ਵੀ ਉੱਠਣਗੀਆਂ। ਇਸ ਮੌਕੇ ਸੁਖਦਰਸ਼ਨ ਨੱਤ, ਚੌਧਰੀ ਮਹਿੰਦਰ ਸਿੰਘ ਰਾਣਾ, ਰਮੇਸ਼ ਸੁਡਾਣਾ, ਸੁਮਿਤ ਸ਼ਿਕਾਰਾ, ਦਿਲਬਾਗ ਸਿੰਘ ਦਲਾਲ ਆਦਿ ਆਗੂ ਵੀ ਹਾਜ਼ਰ ਸਨ।

Radio Mirchi